44.3 C
Patiāla
Tuesday, May 21, 2024

‘ਖੀਰ ਵਿੱਚ ਸੁਆਹ ਦੀ ਮੁੱਠ’

Must read


ਮਾ. ਲਖਵਿੰਦਰ ਸਿੰਘ ਰਈਆ

ਇੱਕ ਵਾਰ ਮੈਨੂੰ ਕਿਸੇ ਕੰਮ ਲਈ ਤਹਿਸੀਲ ਦੇ ਪਟਵਾਰਖਾਨੇ ਵਿੱਚ ਜਾਣਾ ਪਿਆ। ਸਬੰਧਤ ਪਟਵਾਰੀ ਸੀਟ ’ਤੇ ਨਹੀਂ ਸੀ, ਪਰ ਉਸ ਦੇ ਕਰਿੰਦੇ ਹਾਜ਼ਰ ਸਨ। ਮੈਂ ਆਪਣੇ ਕੰਮ ਬਾਰੇ ਉਨ੍ਹਾਂ ਨੂੰ ਦੱਸਿਆ ਤਾਂ ਉਨ੍ਹਾਂ ਕਰਿੰਦਆਂ ਵਿੱਚੋਂ ਇੱਕ ਜਣਾ ਮੇਰੇ ਦੱਸੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਸਬੰਧਤ ਰਿਕਾਰਡ ਰਜਿਸਟਰ ਤੇ ਹੋਰ ਕਾਗਜ਼ਾਂ ਦੀ ਫਰੋਲਾ- ਫਰਾਲੀ ਕਰਨ ਲੱਗ ਪਿਆ ਤੇ ਨਾਲ ਨਾਲ ਹੀ ਗੱਲੀਂ ਬਾਤੀਂ ਉਸ ਭਲੇ ਪੁਰਸ਼ ਨੇ ਨੈਤਿਕਤਾ ਦੀ ਖੀਰ ਵੀ ਪਰੋਸਣੀ ਸ਼ੁਰੂ ਕਰ ਦਿੱਤੀ। ਉਸ ਮਿੱਠ ਬੋਲੜੇ ਦਾ ਧਿਆਨ ਪੰਨੇ ਪਰਤਣ ਵੱਲ ਘੱਟ ਤੇ ਨੈਤਿਕਤਾ ਦਾ ਪਾਠ ਪੜ੍ਹਾਉਣ ਵੱਲ ਵਧੇਰੇ ਰੁਚਿਤ ਸੀ।

ਉਸ ਦੀ ਮਿਠਾਸ ਭਰੀ ਬੋਲਬਾਣੀ ਮਨ ਨੂੰ ਪੂਰਾ ਸਕੂਨ ਦੇ ਰਹੀ ਸੀ। ਇੰਜ ਭਾਸ ਰਿਹਾ ਸੀ ਕਿ ਜਿਵੇਂ ਦੁਨੀਆ ਦੇ ਹਰ ਭੈੜ ਤੋਂ ਮੁਕਤ ਧਰਤੀ ’ਤੇ ਉਤਰਿਆ ਇਹ ਇੱਕ ਫ਼ਰਿਸ਼ਤਾ ਹੀ ਹੈ। ਉਸ ਨੇ ਦੁਨੀਆ ਦੇ ਭੈੜਾਂ ਤੋਂ ਮੁਕਤ ਹੋ ਕੇ ਰੱਬ ਦਾ ਸਾਊ ਪੁੱਤ ਬਣਨ ਦੇ ਕਈ ਗੁਰ ਵੀ ਦੱਸੇ। ਉਹ ਕੰਮ ਵਿੱਚ ਕਾਫ਼ੀ ਮਾਹਿਰ ਸੀ। ਬੜੀ ਮਿਹਨਤ ਤੇ ਸਾਫ਼ ਸੁਥਰੇ ਢੰਗ ਨਾਲ ਕੰਮ ਕਰਨ ਦੀ ਉਸ ਦੀ ਲਗਨ ਨੂੰ ਵੇਖ ਮਨ ਗਦ ਗਦ ਹੋ ਉੱਠਿਆ ਕਿ ਭ੍ਰਿਸ਼ਟਾਚਾਰ ਦੇ ਘਰ ਸਮਝੀਆਂ ਜਾਂਦੀਆਂ ਕੋਰਟ- ਕਚਹਿਰੀਆਂ ਵਿੱਚ ਅਜੇ ਵੀ ਸਦਾਚਾਰ ਤੇ ਨੈਤਿਕਤਾ ਦਾ ਪੂਰਾ ਦਮ ਖ਼ਮ ਹੈ। ਇਸ ਦੇ ਨਾਲ ਹੀ ਮਨ ਵਿੱਚ ਵੀ ਧਾਰਿਆ ਕਿ ਇਸ ਵੱਲੋਂ ਮੰਗੇ ਮਿਹਨਤਾਨੇ ਤੋਂ ਵੀ ਕੁਝ ਵੱਧ ਦੇ ਕੇ ਇਸ ਦੇ ਕਿਰਦਾਰ ਦਾ ਸਤਿਕਾਰ ਕਰਨਾ ਵੀ ਬਣਦਾ ਹੀ ਐ।

ਕਾਗਜ਼ਾਂ ’ਤੇ ਲੋੜੀਂਦੀ ਲਿਖਾ ਪੜ੍ਹੀ ਕਰਨ ਤੋਂ ਬਾਅਦ ਉਹ ਆਖਣ ਲੱਗਾ, ‘‘ਭਾਈ ਸਾਹਿਬ! ਤੁਸੀਂ ਆਪਣਾ ਸੰਪਰਕ ਨੰਬਰ ਦੇ ਜਾਓ। ਪਟਵਾਰੀ ਸਾਹਿਬ ਜਦੋਂ ਆਉਣਗੇ ਤਾਂ ਉਨ੍ਹਾਂ ਦੇ ਦਸਤਖ਼ਤ ਕਰਵਾ ਕੇ ਇਹ ਕਾਗਜ਼ ਤੁਹਾਡੇ ਹਵਾਲੇ ਕਰ ਦਿਆਂਗਾ।’’

ਉਸ ਦੇ ਕਹੇ ਅਨੁਸਾਰ ਮੈਂ ਆਪਣਾ ਫੋਨ ਨੰਬਰ ਦੇ ਕੇ ਘਰ ਆ ਗਿਆ।

ਦੋ ਕੁ ਘੰਟਿਆਂ ਬਾਅਦ ਉਸ ਨੇ ਫੋਨ ਕਰਕੇ ਆਖਿਆ, ‘‘ਤੁਹਾਡੇ ਕਾਗਜ਼ਾਂ ’ਤੇ ਪਟਵਾਰੀ ਸਾਹਿਬ ਦੇ ਦਸਤਖ਼ਤ ਹੋ ਗਏ ਹਨ ਤੇ ਫਲਾਣੀ ਥਾਂ ਤੋਂ ਆ ਕੇ ਲੈ ਜਾਓ।’’

ਉਸ ਵੱਲੋਂ ਤਹਿਸੀਲ ਦੇ ਪਟਵਾਰਖਾਨੇ ਤੋਂ ਬਾਹਰ ਦੱਸੇ ਥਾਂ- ਟਿਕਾਣੇ ’ਤੇ ਪਹੁੰਚਿਆ ਤੇ ਉਸ ਵੱਲੋਂ ਮੰਗੇ ਮਿਹਨਤਾਨੇ ਤੋਂ ਕੁਝ ਵੱਧ ਅਦਾ ਕਰ ਕੇ ਹੀ ਮੈਂ ਉਹ ਕਾਗਜ਼ ਲੈ ਲਏ। ਉਹ ਵੀ ਉੱਥੋਂ ਤੁਰ ਗਿਆ ਤੇ ਮੈਂ ਵੀ ਘਰ ਆ ਗਿਆ। ਘਰ ਆ ਕੇ ਕਾਗ਼ਜ਼ ਦੇਖੇ ਤਾਂ ਉਨ੍ਹਾਂ ਉੱਪਰ ਹੋਏ ਦਸਤਖ਼ਤ ਜਾਅਲੀ ਹੋਣ ਦਾ ਸ਼ੱਕ ਪਿਆ ਤਾਂ ਅਗਲੇ ਦਿਨ ਪਟਵਾਰਖਾਨੇ ਜਾ ਕੇ ਪਟਵਾਰੀ ਨੂੰ ਉਹ ਕਾਗਜ਼ ਵਿਖਾਏ ਤਾਂ ਪਟਵਾਰੀ ਨੇ ਉਸ ਕਰਿੰਦੇ ਵੱਲ ਘੂਰੀ ਜਿਹੀ ਪਾ ਕੇ ਵੇਖਿਆ ਤੇ ਤੁਰੰਤ ਉਹ ਕਾਗਜ਼ ਪਾੜ ਕੇ ਨਵੇਂ ਕਾਗਜ਼ ਬਣਾ ਦਿੱਤੇ। ਯਾਨੀ ਉਸ ਨੇ ਆਪਣੇ ਉਸ ਕਰਿੰਦੇ ’ਤੇ ਪਰਦਾ ਪਾ ਲਿਆ।

ਨੈਤਿਕਤਾ ਦਾ ਉਹੀ ਕਥਾਕਾਰ ਕਰਿੰਦਾ ਵੀ ਨੇੜੇ ਹੀ ਸਿਰ ਨੀਵਾਂ ਕਰ ਕੇ ਖੜ੍ਹਾ ਸੀ। ਇੰਜ ਜਾਪ ਰਿਹਾ ਸੀ ਜਿਵੇਂ ਬਣੀ ਬਣਾਈ ‘ਖੀਰ ਵਿੱਚ ਸੁਆਹ ਦੀ ਮੁੱਠ’ ਪੈ ਗਈ ਹੋਵੇ। ਮਨ ਵਿੱਚ ਇੱਕ ਚੀਸ ਵੀ ਉੱਠੀ ਕਿ ਮੰਗੀ ਫੀਸ ਭਰਨ ਤੋਂ ਬਾਅਦ ਵੀ ਜਾਅਲ ਪੁਣੇ ਨੇ ਆਪਣਾ ਰੰਗ ਵਿਖਾ ਹੀ ਦਿੱਤਾ।
ਸੰਪਰਕ: 61423191173News Source link
#ਖਰ #ਵਚ #ਸਆਹ #ਦ #ਮਠ

- Advertisement -

More articles

- Advertisement -

Latest article