40.4 C
Patiāla
Wednesday, May 22, 2024

ਹਾਕੀ: ਭਾਰਤ ਤੋਂ ਨਾ ਟੁੱਟਿਆ ਆਸਟਰੇਲੀਆ ਦਾ ਦਬਦਬਾ

Must read


ਬਰਮਿੰਘਮ, 8 ਅਗਸਤ

ਰਾਸ਼ਟਰਮੰਡਲ ਖੇਡਾਂ ’ਚ ਆਸਟਰੇਲੀਆ ਦਾ ਦਬਦਬਾ ਤੋੜਨ ਦਾ ਭਾਰਤ ਦਾ ਸੁਫ਼ਨਾ ਇਸ ਵਾਰ ਵੀ ਅਧੂਰਾ ਰਿਹਾ ਅਤੇ ਇੱਕਪਾਸੜ ਫਾਈਨਲ ਵਿੱਚ ਇਸ ਦਿੱਗਜ ਟੀਮ ਹੱਥੋਂ 0-7 ਨਾਲ ਸ਼ਰਮਨਾਕ ਹਾਰ ਤੋਂ ਬਾਅਦ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। ਟੋਕੀਓ ਓਲੰਪਿਕਸ ’ਚ ਕਾਂਸੀ ਤਗ਼ਮਾ ਜੇਤੂ ਭਾਰਤੀ ਟੀਮ ਨੂੰ ਹਰ ਵਿਭਾਗ ਵਿੱਚ ਆਸਟਰੇਲੀਆ ਨੇ ਪਛਾੜ ਦਿੱਤਾ। ਇਸ ਮੈਚ ਦੇ ਨਤੀਜੇ ਨਾਲ ਹਾਕੀ ਪ੍ਰੇਮੀਆਂ ਦੀਆਂ ਦਿੱਲੀ ਰਾਸ਼ਟਰਮੰਡਲ ਖੇਡਾਂ-2010 ਨਾਲ ਜੁੜੀਆਂ ਕੌੜੀਆਂ ਯਾਦਾਂ ਫਿਰ ਤਾਜ਼ਾ ਹੋ ਗਈਆਂ ਜਦੋਂ ਫਾਈਨਲ ਵਿੱਚ ਆਸਟਰੇਲੀਆ ਦੀ ਟੀਮ ਨੇ ਭਾਰਤ ਨੂੰ 8-0 ਨਾਲ ਹਰਾਇਆ ਸੀ।

ਲੀਗ ਗੇੜ ਵਿੱਚ ਜੇਤੂ ਤੇ ਪੂਲ ’ਚ ਸਿਖਰ ’ਤੇ ਰਹਿਣ ਵਾਲੀ ਭਾਰਤੀ ਟੀਮ ਫਾਈਨਲ ਵਿੱਚ ਬਿਲਕੁਲ ਫਾਰਮ ’ਚ ਦਿਖਾਈ ਨਹੀਂ ਦਿੱਤੀ। ਫਾਰਵਰਡ ਕਤਾਰ ਵਿੱਚ ਤਾਲਮੇਲ ਨਹੀਂ ਸੀ ਅਤੇ ਡਿਫੈਂਸ ਨੂੰ ਆਸਟਰੇਲੀਆ ਨੇ ਪੂਰੀ ਤਰ੍ਹਾਂ ਤੋੜ ਦਿੱਤਾ। ਇਸੇ ਦੌਰਾਨ ਕਪਤਾਨ ਮਨਪ੍ਰੀਤ ਸਿੰਘ ਨੂੰ ਮੋਢੇ ’ਤੇ ਲੱਗੀ ਸੱਟ ਨੇ ਭਾਰਤ ਦਾ ਪ੍ਰਦਰਸ਼ਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਆਸਟਰੇਲੀਆ ਲਈ ਬਲੈਕ ਗੋਵਰਸ (9ਵਾਂ ਮਿੰਟ), ਨਾਥਨ ਐਫਰਾਮਸ (14ਵਾਂ ਤੇ 42ਵਾਂ), ਜੈਕਬ ਐਂਡਰਸਨ (22ਵਾਂ ਤੇ 27ਵਾਂ), ਟੌਮ ਵਿਕਹੈਮ (26ਵਾਂ) ਅਤੇ ਫਿਨ ਓਗਿਲਵੀ (46ਵਾਂ) ਨੇ ਗੋਲ ਦਾਗੇ। ਰਾਸ਼ਟਰਮੰਡਲ ਖੇਡਾਂ ’ਚ 1998 ’ਚ ਹਾਕੀ ਨੂੰ ਸ਼ਾਮਲ ਕੀਤੇ ਜਾਣ ਮਗਰੋਂ ਸਾਰੇ ਸੱਤ ਸੋਨ ਤਗ਼ਮੇ ਆਸਟਰੇਲੀਆ ਨੇ ਜਿੱਤੇ ਹਨ। ਭਾਰਤ ਨੇ 2010 ’ਚ ਦਿੱਲੀ ਅਤੇ 2014 ’ਚ ਗਲਾਸਗੋ ਰਾਸ਼ਟਰਮੰਡਲ ਖੇਡਾਂ ’ਚ ਚਾਂਦੀ ਦਾ ਤਗ਼ਮਾ ਹੀ ਜਿੱਤਿਆ ਸੀ। ਆਸਟਰੇਲੀਆ ਦੇ ਦਬਦਬੇ ਦਾ ਹਾਲ ਇਹ ਸੀ ਕਿ ਭਾਰਤ ਵੱਲੋਂ ਗੋਲ ’ਤੇ ਇੱਕ ਵੀ ਗੰਭੀਰ ਹਮਲਾ ਦਿਖਾਈ ਨਹੀਂ ਦਿੱਤਾ ਅਤੇ ਆਸਟਰੇਲੀਆ ਨੇ ਮਨ ਮਰਜ਼ੀ ਦੇ ਅੰਦਾਜ਼ ਨਾਲ ਗੋਲ ਦਾਗੇ ਤੇ ਜੇਕਰ ਪੀਆਰ ਸ਼੍ਰੀਜੇਸ਼ ਗੋਲ ਅੱਗੇ ਨਾ ਹੁੰਦਾ ਤਾਂ ਹਾਰ ਦਾ ਫਰਕ ਹੋਰ ਵੱਡਾ ਹੁੰਦਾ। ਜੌਹਾਨ ਡਸਟਰ ਨੇ 51ਵੇਂ ਮਿੰਟ ’ਚ ਗੋਲ ਦਾਗਿਆ ਪਰ ਭਾਰਤੀ ਟੀਮ ਰੈਫਰਲ ’ਤੇ ਉਸ ਨੂੰ ਰੱਦ ਕਰ ਦਿੱਤਾ ਗਿਆ ਤੇ 2010 ਦਾ ਇਤਿਹਾਸ ਦੁਹਰਾਏ ਜਾਣ ਤੋਂ ਬਚਾਅ ਹੋ ਗਿਆ। -ਪੀਟੀਆਈ





News Source link

- Advertisement -

More articles

- Advertisement -

Latest article