42.9 C
Patiāla
Sunday, May 19, 2024

ਸ਼੍ਰੋਮਣੀ ਕਮੇਟੀ ਵੱਲੋਂ ਮੀਨਾਰ-ਏ-ਫ਼ਤਹਿ ਨੂੰ ਤਿਰੰਗੇ ਦਾ ਰੰਗ ਦੇਣ ਦਾ ਵਿਰੋਧ

Must read


ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 14 ਅਗਸਤ

ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫ਼ਤਹਿ ਕਰਨ ਦੀ ਯਾਦ ਵਿਚ ਚੱਪੜਚਿੜੀ ’ਚ ਬਣੀ ਯਾਦਗਾਰ ਮੀਨਾਰ-ਏ-ਫ਼ਤਹਿ ਨੂੰ ਰੋਸ਼ਨੀਆਂ ਨਾਲ ਤਿਰੰਗੇ ਝੰਡੇ ਦਾ ਰੰਗ ਦੇਣ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਸਿੱਖ ਜਜ਼ਬਾਤ ਨਾਲ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਵਕਤ ਦੇ ਜ਼ਾਲਮ ਹਾਕਮ ਨੂੰ ਸਜ਼ਾ ਦਿੰਦਿਆਂ ਸਰਹਿੰਦ ਫ਼ਤਹਿ ਕਰ ਕੇ ਖ਼ਾਲਸਈ ਨਿਸ਼ਾਨ ਝੁਲਾਇਆ ਸੀ। ਇਸੇ ਯਾਦ ’ਚ ਬਣੀ ਯਾਦਗਾਰ ਨੂੰ ਰੋਸ਼ਨੀਆਂ ਨਾਲ ਤਿਰੰਗੇ ਦਾ ਰੂਪ ਦੇ ਕੇ ਸਿੱਖ ਜਜ਼ਬਾਤ ਨੂੰ ਠੇਸ ਪਹੁੰਚਾਈ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਮਾਨਤਾਵਾਂ ਦਾ ਸਤਿਕਾਰ ਹੈ, ਪਰ ਧਰਮ ਦੀਆਂ ਮਾਨਤਾਵਾਂ ਇਸ ਤੋਂ ਵੱਖਰੀਆਂ ਹਨ ਤੇ ਇਨ੍ਹਾਂ ਨੂੰ ਰਲਗੱਡ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੋਸ਼ ਲਾਇਆ ਕਿ ਅਜਿਹਾ ਕਰ ਕੇ ਭਗਵੰਤ ਮਾਨ ਸਰਕਾਰ ਨੇ ਸਿੱਖ ਵਿਰੋਧੀ ਮਾਨਸਿਕਤਾ ਨੂੰ ਦਰਸਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਅੰਦਰ ਸਿੱਖ ਭਾਵਨਾਵਾਂ ਦੇ ਉਲਟ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਹਰਿਆਣਾ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਦੁਆਰਾ ਸਾਹਿਬਾਨ ਵਿੱਚ ਪ੍ਰੋਗਰਾਮ ਕਰਨ ਦਾ ਪੱਤਰ ਕੱਢਿਆ ਗਿਆ ਸੀ ਜਿਸ ਨੂੰ ਸੰਗਤ ਦੇ ਵਿਰੋਧ ਮਗਰੋਂ ਵਾਪਸ ਲਿਆ ਗਿਆ। ਇਸੇ ਤਰ੍ਹਾਂ ਕੱਲ੍ਹ ਇਤਿਹਾਸਕ ਗੁਰਦੁਆਰਾ ਇਮਲੀ ਸਾਹਿਬ, ਇੰਦੌਰ ਵਿਚ ਤਿਰੰਗਾ ਲਗਾ ਕੇ ਸਿੱਖ ਜਜ਼ਬਾਤ ਨਾਲ ਖੇਡਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਭ ਨੂੰ ਸਿੱਖ ਪ੍ਰੰਪਰਾਵਾਂ ਦਾ ਪਤਾ ਹੋਣ ਦੇ ਬਾਵਜੂਦ ਮਰਿਯਾਦਾ ਦੇ ਉਲਟ ਅਜਿਹੀਆਂ ਹਰਕਤਾਂ ਕਰ ਕੇ ਸਿੱਖਾਂ ਦੇ ਜਜ਼ਬਾਤ ਨੂੰ ਭੜਕਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਸਿੱਖ ਵਿਰੋਧੀ ਕਾਰਵਾਈਆਂ ਦੀ ਨਿਖੇਧੀ ਕੀਤੀ ਹੈ।

News Source link

- Advertisement -

More articles

- Advertisement -

Latest article