11.2 C
Patiāla
Tuesday, December 10, 2024

ਪੰਜਾਬ ’ਚ ਪ੍ਰਾਈਵੇਟ ਬੱਸਾਂ ਦੀ ਹੜਤਾਲ: ਬਠਿੰਡਾ-ਚੰਡੀਗੜ੍ਹ ਹਾਈਵੇਅ ਜਾਮ ਕਰਕੇ ਰਾਹਗੀਰਾਂ ਨੂੰ ਕਰਵਾਇਆ ਪ੍ਰੇਸ਼ਾਨੀ ਦਾ ਸਫ਼ਰ

Must read


ਜੋਗਿੰਦਰ ਸਿੰਘ ਮਾਨ

ਮਾਨਸਾ, 9 ਅਗਸਤ

ਪੰਜਾਬ ਵਿੱਚ ਪ੍ਰਾਈਵੇਟ ਬੱਸਾਂ ਦੀ ਹੜਤਾਲ ਅੱਜ ਸਵੇਰੇ ਸ਼ੁਰੂ ਹੋ ਗਈ ਹੈ, ਜਿਸ ਤਹਿਤ ਅੱਜ ਸੂਬੇ ਦੇ ਕਿਸੇ ਵੀ ਰੂਟ ਉਤੇ ਕੋਈ ਵੀ ਪ੍ਰਾਈਵੇਟ ਬੱਸ ਅਤੇ ਮਿੰਨੀ ਬੱਸ ਨਹੀਂ ਚੱਲੇਗੀ। ਪ੍ਰਾਈਵੇਟ ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਇਹ ਹੜਤਾਲ ਕਿਸੇ ਸ਼ੌਕ ਨੂੰ ਨਹੀਂ ਕੀਤੀ, ਸਗੋਂ ਆਪਣੇ ਹਿੱਤ ਹਾਸਲ ਕਰਨ ਲਈ ਮਜਬੂਰੀਵੱਸ ਕਰਨੀ ਪਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿੰਗਾ ਡੀਜ਼ਲ, ਮਹਿੰਗੇ ਪਾਰਟਸ, ਚਾਸੀਆਂ, ਬਾਡੀਆਂ, ਬੀਮਾ, ਟੈਕਸ, ਮੁਫ਼ਤ ਸਫਰ, ਸਰਕਾਰੀ ਅਤੇ ਸਿਆਸੀ ਵਗਾਰਾਂ, ਅਧਿਕਾਰੀਆਂ ਕਰਮਚਾਰੀਆਂ ਦੀ ਸੇਵਾ ਨਾਲ ਨਾਲ ਹਰ ਰੋਜ਼ ਥਾਂ ਥਾਂ ਸੜਕੀ ਆਵਾਜਾਈ ਰੋਕਣ ਨੇ ਉਨ੍ਹਾਂ ਨੂੰ ਕੰਗਾਲ ਕਰ ਦਿੱਤਾ ਹੈ।

ਮਾਨਸਾ ਦੇ ਬੱਸ ਅਪਰੇਟਰਾਂ ਵੱਲੋਂ ਮੀਟਿੰਗ ਤੋਂ ਬਾਅਦ ਦੱਸਿਆ ਕਿ ਪੰਜਾਬ ਮੋਟਰ ਟਰਾਂਸਪੋਰਟਜ਼ ਯੂਨੀਅਨ ਦੇ ਫੈਸਲੇ ਅਨੁਸਾਰ ਅੱਜ ਬੱਸਾਂ ਸਰਕਾਰੀ ਬੇਰੁੱਖੀ ਕਾਰਨ ਬੰਦ ਰੱਖੀਆਂ ਜਾ ਰਹੀਆਂ ਹਨ। ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਬਣਦੇ ਹੱਕ ਦੇਣੇ ਚਾਹੀਦੇ ਹਨ ਅਤੇ ਜੋ ਸਹੂਲਤਾਂ ਉਹ ਸਰਕਾਰੀ ਬੱਸਾਂ ਨੂੰ ਦੇ ਰਹੇ ਹਨ, ਸਵਾਰੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਹੀ ਸਹੂਲਤਾਂ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਵੀ ਦੇਣੀਆਂ ਚਾਹੀਦੀਆਂ ਹਨ ਤਾਂ ਰਾਜ ਵਿੱਚ ਸਫਰ ਕਰਨ ਵਾਲ ਹਰ ਸਵਾਰੀ ਨੂੰ ਹਰ ਬੱਸ ਵਿਚ ਜਾਂਦਿਆਂ ਆਉਂਦਿਆਂ ਕੋਈ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ। ਟਰਾਂਸਪੋਰਟਰ ਨੇ ਕਿਹਾ ਕਿ ਇਸ ਧੰਦੇ ਆਸਰੇ ਸੂਬੇ ਵਿਚ ਲੱਖਾਂ ਲੋਕਾਂ ਦੀ ਅਸਿੱਧੇ ਅਤੇ ਸਿੱਧੇ ਰੂਪ ਵਿੱਚ ਰੋਟੀ ਚੱਲਦੀ। ਇਸੇ ਦੌਰਾਨ ਟਰਾਂਸਪੋਰਟਰਾਂ ਨੇ ਮਾਨਸਾ ਜ਼ਿਲ੍ਹੇ ਵਿਚ ਅਮਨ ਸ਼ਾਂਤੀ ਕਾਇਮ ਰੱਖਦਿਆਂ ਬੱਸਾਂ ਨੂੰ ਬੱਸ ਅੱਡਿਆਂ ਵਿਚ ਖੜਾ ਕਰ ਦਿੱਤਾ ਹੈ। ਦੂਜੇ ਪਾਸੇ ਪੰਜਾਬ ਰੋਡਵੇਜ਼, ਪੀਆਰਟੀਸੀ ਅਤੇ ਪਨਬਸ ਨੇ ਆਪਣੀ ਅੱਜ ਵਾਲੀ ਹੜਤਾਲ ਵਾਪਸ ਲੈ ਕੇ ਆਪਣੀਆਂ ਬੱਸਾਂ ਨੂੰ ਨਿਰਧਾਰਤ ਰੂਟਾਂ ਚਲਾਇਆ ਜਾ ਰਿਹਾ ਹੈ।

ਭਵਾਨੀਗੜ੍ਹ(ਮੇਜਰ ਸਿੰਘ ਮੱਟਰਾਂ): ਅੱਜ ਇਥੇ ਨਵੇਂ ਬੱਸ ਸਟੈਂਡ ਨੇੜੇ ਪ੍ਰਾਈਵੇਟ ਬੱਸ ਆਪ੍ਰੇਟਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ।

ਇਸ ਮੌਕੇ ਪ੍ਰਾਈਵੇਟ ਬੱਸ ਅਪਰੇਟਰ ਯੂਨੀਅਨ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਗਮਦੂਰ ਸਿੰਘ ਫੱਗੂਵਾਲਾ, ਵਰਿੰਦਰਪਾਲ ਸਿੰਘ ਗਰੇਵਾਲ, ਜੋਗਿੰਦਰ ਸਿੰਘ ਮੇਲੀ, ਭੁਪਿੰਦਰ ਸਿੰਘ ਰੰਧਾਵਾ, ਕਰਮਜੀਤ ਸਿੰਘ, ਦਿਆਕਰਨ ਸਿੰਘ ਘੁਮਾਣ, ਗੁਰਬਿੰਦਰ ਸਿੰਘ ਧਾਲੀਵਾਲ, ਕਰਤਾਰ ਚਾਵਲਾ, ਵੀਰਦਵਿੰਦਰ ਸਿੰਘ, ਰਾਮ ਸਿੰਘ ਅਤੇ ਰਾਮ ਲਾਲ ਚਾਵਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੰਗਰੂਰ ਦੀ ਜ਼ਿਮਨੀ ਚੋਣ ਤੋਂ ਬਾਅਦ ਪ੍ਰਾਈਵੇਟ ਬੱਸ ਅਪਰੇਟਰ ਯੂਨੀਅਨ ਨਾਲ ਮੀਟਿੰਗ ਕਰਕੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਹੁਣ ਤੱਕ ਕੋਈ ਹੁੰਗਾਰਾ ਨਹੀਂ ਭਰਿਆ ਗਿਆ। ਉਨਾਂ ਕਿਹਾ ਕਿ ਯੂਨੀਅਨ ਵੱਲੋਂ ਮੰਗ ਕੀਤੀ ਗਈ ਹੈ ਕਿ ਸਰਕਾਰੀ ਬੱਸਾਂ ਵਿਚ ਔਰਤਾਂ ਨੂੰ ਮੁਫਤ ਸਫਰ ਦੇਣ ਵਾਲੀ ਸਹੂਲਤ ਪ੍ਰਾਈਵੇਟ ਬੱਸਾਂ ਵਿਚ ਲਾਗੂ ਕੀਤੀ ਜਾਵੇ। ਇਸ ਮੌਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜਾਮ ਕਾਰਨ ਸੜਕ ’ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ ਸਨ। ਅਖੀਰ ਵਿੱਚ ਮੰਗੂ ਬਾਂਸਲ ਤਹਿਸੀਲਦਾਰ ਭਵਾਨੀਗੜ੍ਹ ਅਤੇ ਮੋਹਿਤ ਅਗਰਵਾਲ ਡੀਐੱਸਪੀ ਵੱਲੋਂ ਧਰਨੇ ਵਿੱਚ ਪਹੁੰਚ ਕੇ ਮੰਗ ਪੱਤਰ ਲੈਣ ਉਪਰੰਤ ਜਾਮ ਖੋਲ੍ਹਿਆ ਗਿਆ।



News Source link

- Advertisement -

More articles

- Advertisement -

Latest article