ਪੇਈਚਿੰਗ, 6 ਅਗਸਤ
ਤਾਇਵਾਨ ਨੇ ਅੱਜ ਕਿਹਾ ਹੈ ਕਿ ਚੀਨ ਦੀਆਂ ਫ਼ੌਜੀ ਮਸ਼ਕਾਂ ਇਸ ਟਾਪੂ ’ਤੇ ਹਮਲੇ ਜਿਹੀਆਂ ਜਾਪ ਰਹੀਆਂ ਹਨ ਕਿਉਂਕਿ ਚੀਨ ਦੇ ਕਈ ਜੰਗੀ ਜਹਾਜ਼ਾਂ ਤੇ ਹਵਾਈ ਜਹਾਜ਼ਾਂ ਨੇ ਮੱਧ ਰੇਖਾ ਨੂੰ ਪਾਰ ਕਰ ਲਿਆ ਹੈ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਟਵੀਟ ਕੀਤਾ ਕਿ ਤਾਇਵਾਨ ਦੇ ਰੱਖਿਆ ਬਲਾਂ ਨੇ ਅਲਰਟ ਜਾਰੀ ਕੀਤਾ ਹੈ ਕਿ ਟਾਪੂ ਦੇ ਆਸ-ਪਾਸ ਹਵਾਈ ਤੇ ਜਲ ਸੈਨਾ ਦੀਆਂ ਗਸ਼ਤੀ ਟੁਕੜੀਆਂ ਨੂੰ ਭੇਜਿਆ ਗਿਆ ਹੈ ਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਜ਼ਮੀਨ ਤੋਂ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨੂੰ ਤਿਆਰ ਰੱਖਿਆ ਗਿਆ ਹੈ। ਚੀਨ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਅਮਰੀਕਾ ਦੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੀ ਤਾਇਵਾਨ ਯਾਤਰਾ ਤੋਂ ਬਾਅਦ ਇਹ ਆਖਦਿਆਂ ਫ਼ੌਜੀ ਮਸ਼ਕਾਂ ਸ਼ੁਰੂ ਕਰ ਦਿੱਤੀਆਂ ਸਨ ਕਿ ਉਨ੍ਹਾਂ ਦੀ ਯਾਤਰਾ ਨੇ ‘ਇੱਕ ਚੀਨ ਨੀਤੀ’ ਦੀ ਉਲੰਘਣਾ ਕੀਤੀ ਹੈ। ਤਾਇਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਨੇ ਟਵੀਟ ਕੀਤਾ,‘ਸਾਡੀ ਸਰਕਾਰ ਤੇ ਫ਼ੌਜ ਚੀਨ ਦੀਆਂ ਜੰਗੀ ਮਸ਼ਕਾਂ ’ਤੇ ਨਜ਼ਰ ਰੱਖ ਰਹੇ ਹਨ ਤੇ ਲੋੜ ਅਨੁਸਾਰ ਜੁਆਬ ਦਿੱਤਾ ਜਾਵੇਗਾ।’ -ਏਪੀ
ਚੀਨ ਨੂੰ ਆਲਮੀ ਮੁੱਦਿਆਂ ’ਤੇ ਇਕੱਲਿਆਂ ਚਰਚਾ ਨਹੀਂ ਕਰਨੀ ਚਾਹੀਦੀ: ਬਲਿੰਕਨ
ਮਨੀਲਾ: ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦਾ ਕਹਿਣਾ ਹੈ ਕਿ ਚੀਨ ਵੱਲੋਂ ਅਮਰੀਕਾ ਦੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਵੱਲੋਂ ਇਸ ਹਫ਼ਤੇ ਕੀਤੇ ਜਾ ਰਹੇ ਚੀਨ ਦੇ ਦੌਰੇ ਦੇ ਵਿਰੋਧ ਵਜੋਂ ਅਮਰੀਕਾ ਨਾਲ ਨਾਰਾਜ਼ਗੀ ਜ਼ਾਹਰ ਕਰਨ ਤੇ ਉਸ ਨਾਲੋਂ ਸਬੰਧ ਤੋੜਨ ਮਗਰੋਂ ਜਲਵਾਯੂ ਸੰਕਟ ਜਿਹੇ ਅਹਿਮ ਆਲਮੀ ਮੁੱਦਿਆਂ ’ਤੇ ਵੱਖਰੇ ਤੌਰ ’ਤੇ ਗੱਲਬਾਤ ਨਹੀਂ ਕਰਨੀ ਚਾਹੀਦੀ। ਉਹ ਮਨੀਲਾ ਵਿੱਚ ਨਵੇਂ ਚੁਣੇ ਗਏ ਰਾਸ਼ਟਰਪਤੀ ਫਰਡੀਨੈਂਡ ਮਾਰਕੋਜ਼ ਜੂਨੀਅਰ ਤੇ ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗ ਮਗਰੋਂ ਫਿਲਪੀਨਜ਼ ਵਿੱਚ ਆਪਣੇ ਹਮਰੁਤਬਾ ਨਾਲ ਇੱਕ ਆਨਲਾਈਨ ਮੀਡੀਆ ਕਾਨਫਰੰਸ ਮੌਕੇ ਗੱਲਬਾਤ ਕਰ ਰਹੇ ਸਨ। -ਏਪੀ