44.9 C
Patiāla
Wednesday, May 22, 2024

ਵਿਦੇਸ਼ ਵਿੱਚ ਪੰਜਾਬੀ ਨਾਟਕ ਨੂੰ ਪ੍ਰਫੁੱਲਿਤ ਕਰ ਰਿਹਾ ਹੀਰਾ ਰੰਧਾਵਾ

Must read


ਦਲਬੀਰ ਸੱਖੋਵਾਲੀਆ

ਰੰਗਮੰਚ ਨੂੰ ਆਪਣੀ ਰੂਹ ਦੀ ਖੁਰਾਕ ਮੰਨਣ ਵਾਲਾ ਹੀਰਾ ਰੰਧਾਵਾ ਵਿਦੇਸ਼ੀ ਧਰਤ ’ਤੇ ਪੰਜਾਬੀ ਸਭਿਆਚਾਰ ਦੀ ਮਹਿਕ ਬਿਖੇਰ ਰਿਹਾ ਹੈ। ਉਹ ਕੈਨੇਡਾ ਵਿੱਚ ਰਹਿ ਕੇ ਪੰਜਾਬੀ ਨਾਟਕਾਂ ਰਾਹੀਂ ਉੱਥੋਂ ਦੇ ਪੰਜਾਬੀਆਂ ਦਾ ਭਰਪੂਰ ਮਨੋਰੰਜਨ ਕਰ ਰਿਹਾ ਹੈ। ਉਹ 15 ਸਾਲਾਂ ਤੋਂ ਹੈਰੀਟੇਜ ਆਰਟ ਐਂਡ ਥੀਏਟਰ ਸੁਸਾਇਟੀ ਆਫ ਯੂਨਾਈਟਿਡ ਪ੍ਰੋਡਕਸ਼ਨ ਹੇਠ ਹੁਣ ਤੱਕ ਦਰਜਨਾਂ ਨਾਟਕਾਂ ਦਾ ਸਫਲ ਮੰਚਨ ਕਰ ਚੁੱਕਾ ਹੈ। ਉਸ ਨੇ ਕੈਨੇਡਾ ਵਿੱਚ ਲੋਕਾਂ ਦੇ ਮਸਲਿਆਂ ਨੂੰ ਆਧਾਰ ਬਣਾ ਕੇ ਵੱਖ ਵੱਖ ਸਫਲ ਨਾਟਕ ਖੇਡੇ ਅਤੇ ਲੋਕਾਂ ਤੋਂ ਵਾਹ ਵਾਹ ਖੱਟੀ।

ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ਾਹਪੁਰ ਜਾਜਨ (ਨੇੜੇ ਡੇਰਾ ਬਾਬਾ ਨਾਨਕ) ਦੀ ਮਿੱਟੀ ਨਾਲ ਮੋਹ ਰੱਖਣ ਵਾਲੇ ਹੀਰਾ ਰੰਧਾਵਾ ਨੂੰ ਨਾਟਕਾਂ ਪ੍ਰਤੀ ਚੇਟਕ ਸਕੂਲ ਸਮੇਂ ਤੋਂ ਲੱਗੀ ਸੀ। ਉਸ ਨੇ ਭਾਅ ਜੀ ਗੁਰਸ਼ਰਨ ਸਿੰਘ ਦੀ ਟੀਮ ਨਾਲ ਦਰਜਨਾਂ ਨਾਟਕ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਖੇਡੇ। ਉਸ ਨੇ ਪਹਿਲੀ ਵਾਰੀ 1978 ਵਿੱਚ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ’ਤੇ ਆਧਾਰਿਤ ਨਾਟਕ ‘ਸ਼ਹੀਦ’ ਵਿੱਚ ਸ. ਭਗਤ ਸਿੰਘ ਦੇ ਬਚਪਨ ਦਾ ਕਿਰਦਾਰ ਕਰਕੇ ਦਰਸ਼ਕਾਂ ਦੇ ਮਨਾਂ ’ਤੇ ਅਮਿੱਟ ਛਾਪ ਛੱਡੀ।

ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪੜ੍ਹਨ ਦੌਰਾਨ ਉਹ ਭਾਅ ਜੀ ਗੁਰਸ਼ਰਨ ਸਿੰਘ ਦੀ ਟੀਮ ਨਾਲ ਪੱਕੇ ਤੌਰ ’ਤੇ ਜੁੜ ਗਿਆ। ਉਨ੍ਹਾਂ ਵੱਲੋਂ ਉਸ ਸਮੇਂ ਲਗਭਗ 200 ਨਾਟਕਾਂ ਦੀਆਂ ਕਰੀਬ 1500 ਤੋਂ ਵੱਧ ਪੇਸ਼ਕਾਰੀਆਂ ਭਾਰਤ ਅਤੇ ਵਿਦੇਸ਼ਾਂ ਵਿੱਚ ਕੀਤੀਆਂ ਗਈਆਂ। ਉਸ ਦੀਆਂ ਹੁਣ ਤੱਕ ਪੰਜ ਕਿਤਾਬਾਂ ਜਿਨ੍ਹਾਂ ਵਿੱਚ ‘ਜਦੋਂ ਜਾਗੋ ਉਦੋਂ ਸਵੇਰਾ’ (ਨਾਟਕ), ‘ਚਾਨਣ ਦਾ ਦਰਿਆ’ (ਨਾਟਕ-ਸੰਗ੍ਰਹਿ ਬਤੌਰ ਸੰਪਾਦਕ), ‘ਛੱਟਾ ਚਾਨਣਾਂ ਦਾ’ (ਕਾਵਿ ਸੰਗ੍ਰਹਿ ਬਤੌਰ ਸੰਪਾਦਕ), ‘ਲੇਖ ਨਹੀਂ ਜਾਣੇ ਨਾਲ’ (ਵਾਰਤਕ ਸੰਗ੍ਰਹਿ ਬਤੌਰ ਸੰਪਾਦਕ) ਅਤੇ ਇੱਕ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ ਨਾਟਕਾਂ ਦੀ ਸਾਂਝੀ ਕਿਤਾਬ ‘ਨਵੰਰਗ’ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਹੀਰਾ ਰੰਧਾਵਾ ਨੇ ਖੁਸ਼ਵੰਤ ਸਿੰਘ ਦੇ ਨਾਵਲ ‘ਟਰੇਨ ਟੂ ਪਾਕਿਸਤਾਨ’ ’ਤੇ ਬਣੀ ਇਸ ਨਾਮ ਦੀ ਫਿਲਮ ਵਿੱਚ ਜਿੱਥੇ ਯਾਦਗਾਰੀ ਭੂਮਿਕਾ ਨਿਭਾਈ, ਉੱਥੇ ਪੰਜਾਬੀ ਫਿਲਮ ‘ਦੇਹ ਸਿਵਾ ਬਰੁ ਮੋਹਿ ਇਹੈ’ ਤੇ ‘ਕੋਕੋ ਦੇ ਬੱਚੇ’, ‘ਖੁੰਢ ਚਰਚਾ’, ‘ਜਜ਼ਬਿਆਂ ਦਾ ਘਾਣ’ ਅਤੇ ‘ਘਸੀਟਾ ਹੌਲਦਾਰ’ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਕੈਨੇਡਾ ਵਿੱਚ ਅੰਗਰੇਜ਼ੀ ਫਿਲਮ ‘ਨੈਵਰ ਅਗੇਨ’ ਵਿੱਚ ਉਸ ਦੀ ਕੇਂਦਰੀ ਭੂਮਿਕਾ ਸੀ।

ਹੀਰਾ ਰੰਧਾਵਾ ਕੈਨੇਡਾ ਜਾਣ ਤੋਂ ਪਹਿਲਾਂ ਲੁਧਿਆਣਾ ਟਿਊਬਵੈੱਲ ਕਾਰਪੋਰੇਸ਼ਨ ਵਿੱਚ ਨੌਕਰੀ ਕਰਦਾ ਰਿਹਾ। ਉਸ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿੱਚ ਬੱਚਿਆਂ ਅਤੇ ਨੌਜਾਵਾਨਾਂ ਦੀਆਂ ਦਰਜਨਾਂ ਵਰਕਸ਼ਾਪਾਂ ਲਗਾਈਆਂ ਗਈਆਂ ਹਨ। ਲੁਧਿਆਣਾ ਵਿੱਚ ਸਾਖਰਤਾ ਲਹਿਰ ਚੱਲਣ ਦੌਰਾਨ ਉਨ੍ਹਾਂ ਦੀ ਟੀਮ ਨੇ 70 ਦੇ ਕਰੀਬ ਨੁੱਕੜ ਨਾਟਕ, ਐਕਸ਼ਨ ਗੀਤ, ਆਦਿ ਦੀਆਂ ਵਰਕਸ਼ਾਪਾਂ ਲਗਾ ਕੇ ਲਗਭਗ 1500 ਦੇ ਕਰੀਬ ਪੇਸ਼ਕਾਰੀਆਂ ਕੀਤੀਆਂ।

ਪੰਜਾਬ ਅਤੇ ਕੈਨੇਡਾ ਦੇ ਰੰਗਮੰਚ ਦੀ ਗੱਲ ਕਰਦਿਆਂ ਹੀਰਾ ਰੰਧਾਵਾ ਨੇ ਦੱਸਿਆ ਕਿ ਪੰਜਾਬ ਵਿੱਚ ਨਾਟਕਾਂ ਦੀਆਂ ਰਿਹਰਸਲਾਂ ਲਈ ਸੌਖਾ ਸਮਾਂ ਨਿਕਲ ਜਾਂਦਾ ਹੈ, ਜਦੋਂ ਕਿ ਇੱਥੇ ਨਹੀਂ। ਉਸ ਨੇ ਕਿਹਾ ਕਿ ਟੋਰਾਂਟੋ ਵਿਖੇ ਹਰ ਮਹੀਨੇ ਨਾਟਕ ਦੇ ਸ਼ੋਅ ਦੌਰਾਨ ਲੋਕ ਟਿਕਟਾਂ ਖਰੀਦ ਕੇ ਨਾਟਕ ਦੇਖਦੇ ਹਨ। ਰੰਗਮੰਚ ਦੇ ਨਾਲ-ਨਾਲ ਉਹ ਟੋਰਾਂਟੋ ਤੋਂ ‘ਲੋਕ ਆਵਾਜ਼’ ਟੀਵੀ ਪ੍ਰੋਗਰਾਮ ਕਈ ਸਾਲਾਂ ਤੋਂ ਚਲਾ ਰਿਹਾ ਹੈ। ਰੀਅਲ ਅਸਟੇਟ ਅਤੇ ਇੰਸ਼ੋਰੈਂਸ ਦੇ ਕਾਰੋਬਾਰ ਨਾਲ ਜੁੜਿਆ ਹੀਰਾ ਰੰਧਾਵਾ ਵਿਦੇਸ਼ੀ ਧਰਤੀ ’ਤੇ ਪੰਜਾਬੀ ਸਭਿਆਚਾਰ ਦੇ ਚੀਨੇ ਕਬੂਤਰ ਨੂੰ ਦੂਰ ਆਕਾਸ਼ ਵਿੱਚ ਉੱਡਣਾ ਦੇਖਣਾ ਚਾਹੁੰਦਾ ਹੈ।
ਸੰਪਰਕ: 97794-79439News Source link
#ਵਦਸ਼ #ਵਚ #ਪਜਬ #ਨਟਕ #ਨ #ਪਰਫਲਤ #ਕਰ #ਰਹ #ਹਰ #ਰਧਵ

- Advertisement -

More articles

- Advertisement -

Latest article