ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 2 ਅਗਸਤ
ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਦੀ ਅਗਵਾਈ ਹੇਠ ਪੰਚਾਇਤ ਵਿਭਾਗ ਅਧੀਨ ਆਉਂਦੀਆਂ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਵਿੱਚੋਂ ਸੇਵਾਮੁਕਤ ਹੋਏ ਪੈਨਸ਼ਨਰਾਂ ਨੇ ਅੱਜ ਮੁਹਾਲੀ ਫੇਜ਼ ਅੱਠ ਵਿੱਚ ਸਥਿਤ ਵਿਭਾਗ ਦੇ ਮੁੱਖ ਦਫ਼ਤਰ ਵਿਕਾਸ ਭਵਨ ’ਚ ਸੂਬਾ ਪੱਧਰੀ ਧਰਨਾ ਲਾਇਆ। ਪੈਨਸ਼ਨਰਾਂ ਨੇ ਪਿਛਲੇ ਪੰਜ ਮਹੀਨਿਆਂ ਤੋਂ ਪੈਨਸ਼ਨ ਨਾ ਮਿਲਣ ਦਾ ਦੋਸ਼ ਲਾਉਂਦਿਆਂ ਪੰਜਾਬ ਸਰਕਾਰ, ਪੰਚਾਇਤ ਮੰਤਰੀ ਅਤੇ ਵਿਭਾਗੀ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਕੌਰ ਬਾਠ, ਜਨਰਲ ਸਕੱਤਰ ਗੁਰਮੀਤ ਸਿੰਘ ਭਾਂਖਰਪੁਰ, ਸਕੱਤਰ ਜਾਗੀਰ ਸਿੰਘ ਢਿੱਲੋਂ ਹੰਸਾਲਾ, ਹਰਬੰਸ ਸਿੰਘ, ਸੁਭਾਸ਼ ਮੋਦੀ, ਮਾਨ ਸਿੰਘ, ਨਰਿੰਦਰ ਸਿੰਘ, ਹਰਭਗਵਾਨ, ਹਰਭਜਨ ਸਿੰਘ, ਮਹਿੰਦਰ ਸਿੰਘ, ਦਿਆਲ ਸਿੰਘ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮਾਰਚ ਮਹੀਨੇ ਤੋਂ ਉਨ੍ਹਾਂ ਨੂੰ ਪੈਨਸ਼ਨ ਨਹੀਂ ਮਿਲੀ। ਉਨ੍ਹਾਂ ਪੂਰੀ ਸਰਵਿਸ ਦੀ ਪੈਨਸ਼ਨ ਦੇਣ, ਬੁਢਾਪਾ ਭੱਤਾ, ਐਲਟੀਸੀ ਦੇਣ, ਪੈਨਸ਼ਨ ਲਈ ਸਮਾਂ ਸੀਮਾ ਤੈਅ ਕਰਨ ਆਦਿ ਦੀ ਮੰਗ ਕੀਤੀ। ਧਰਨਾਕਾਰੀਆਂ ਨੇ ਆਖਿਆ ਕਿ ਜੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤੇ ਪੈਨਸ਼ਨ ਜਾਰੀ ਨਾ ਕੀਤੀ ਗਈ ਤਾਂ ਉਹ ਇੱਥੇ ਪੱਕਾ ਮੋਰਚਾ ਲਾਉਣ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਮੌਕੇ ਉਨ੍ਹਾਂ ਵਿਭਾਗ ਦੀ ਖਜ਼ਾਨਾ ਅਫ਼ਸਰ ਸੁਖਵੰਤ ਕੌਰ ਨੂੰ ਮਿਲ ਕੇ ਤੁਰੰਤ ਪੈਨਸ਼ਨ ਜਾਰੀ ਕਰਨ ਦੀ ਮੰਗ ਕੀਤੀ।
ਪੰਚਾਇਤ ਵਿਭਾਗ ਵੱਲੋਂ ਤਿੰਨ ਮਹੀਨਿਆਂ ਦੀ ਪੈਨਸ਼ਨ ਜਾਰੀ
ਪੈਨਸ਼ਨਰਾਂ ਵੱਲੋਂ ਧਰਨਾ ਦੇਣ ਮਗਰੋਂ ਬਾਅਦ ਦੁਪਹਿਰ ਪੰਚਾਇਤ ਵਿਭਾਗ ਨੇ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੇ ਪੈਨਸ਼ਨਰਾਂ ਦੀ ਤਿੰਨ ਮਹੀਨੇ ਦੀ ਪੈਨਸ਼ਨ ਜਾਰੀ ਕਰ ਦਿੱਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਭਾਂਖਰਪੁਰ ਨੇ ਜੂਨ ਅਤੇ ਜੁਲਾਈ ਦੀ ਪੈਨਸ਼ਨ ਵੀ ਤੁਰੰਤ ਭੇਜਣ ਦੀ ਮੰਗ ਕੀਤੀ।