ਤਾਇਪੇ, 3 ਅਗਸਤ
ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਨੇ ਅੱਜ ਕਿਹਾ ਕਿ ਤਾਇਵਾਨ ਦਾ ਦੌਰਾ ਕਰਨ ਵਾਲਾ ਅਮਰੀਕੀ ਵਫਦ ਇਹ ਸੰਦੇਸ਼ ਦੇ ਰਿਹਾ ਹੈ ਕਿ ਅਮਰੀਕਾ ਸਵੈ-ਸ਼ਾਸਨ ਵਾਲੇ ਟਾਪੂ ਪ੍ਰਤੀ ਆਪਣੀ ਵਚਨਬੱਧਤਾ ਤੋਂ ਪਿੱਛੇ ਨਹੀਂ ਹਟੇਗਾ। ਚੀਨ ਦੇ ਵਿਰੋਧ ਦੇ ਬਾਵਜੂਦ ਪੇਲੋਸੀ ਦੀ ਅਗਵਾਈ ਵਿੱਚ ਵਫ਼ਦ ਤਾਇਵਾਨ ਵਿੱਚ ਕਈ ਨੇਤਾਵਾਂ ਨੂੰ ਮਿਲ ਰਿਹਾ ਹੈ। ਤਾਇਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਨਾਲ ਮੁਲਾਕਾਤ ਤੋਂ ਬਾਅਦ ਸੰਖੇਪ ਬਿਆਨ ਵਿੱਚ ਉਨ੍ਹਾਂ ਕਿਹਾ, ‘ਅੱਜ ਦੁਨੀਆ ਨੂੰ ਲੋਕਤੰਤਰ ਅਤੇ ਤਾਨਾਸ਼ਾਹੀ ਦੇ ਵਿਚਕਾਰ ਚੋਣ ਕਰਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਇਵਾਨ ਅਤੇ ਦੁਨੀਆ ਭਰ ਵਿੱਚ ਹਰ ਜਗ੍ਹਾ ਲੋਕਤੰਤਰ ਦੀ ਰੱਖਿਆ ਲਈ ਅਮਰੀਕਾ ਦੀ ਵਚਨਬੱਧਤਾ ਹੈ।’ ਚੀਨ, ਜਿਸ ਨੇ ਤਾਇਵਾਨ ਨੂੰ ਆਪਣਾ ਖੇਤਰ ਕਰਾਰ ਦਿੱਤਾ ਹੈ ਅਤੇ ਵਿਦੇਸ਼ੀ ਸਰਕਾਰਾਂ ਨਾਲ ਤਾਇਵਾਨੀ ਅਧਿਕਾਰੀਆਂ ਦੀ ਗੱਲਬਾਤ ਦਾ ਵਿਰੋਧ ਕੀਤਾ ਹੈ, ਨੇ ਅਮਰੀਕੀ ਪ੍ਰਤੀਨਿਧੀ ਮੰਡਲ ਦੇ ਤਾਇਵਾਨ ਪੁੱਜਣ ਬਾਅਦ ਤਾਇਵਾਨ ਦੇ ਚਾਰੇ ਪਾਸੇ ਕਈ ਫ਼ੌਜੀ ਮਸ਼ਕਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਤੇ ਕਈ ਵੱਡੇ ਵੱਡੇ ਬਿਆਨ ਵੀ ਜਾਰੀ ਕੀਤੇ।