44.3 C
Patiāla
Tuesday, May 21, 2024

ਕਾਵਿ ਕਿਆਰੀ

Must read


ਸੁਖਦੇਵ ਸਿੰਘ ਸ਼ਾਂਤ

ਸੱਤ ਸਮੁੰਦਰੋਂ ਪਾਰ

ਸੱਤ ਸਮੁੰਦਰ ਲੰਘ ਆਇਆ ਹਾਂ।

ਸਭ ਕੁਝ ਲੈ ਕੇ ਸੰਗ ਆਇਆ ਹਾਂ।

ਕਲਹਾ-ਕਲੇਸ਼ ਕਰੋਧ ਵੀ ਆਏ।

ਵਾਦ-ਵਿਵਾਦ ਵਿਰੋਧ ਵੀ ਆਏ।

ਈਰਖਾ ਆਈ ਤ੍ਰਿਸ਼ਨਾ ਆਈ।

ਮੰਦ-ਬੋਲੀ ਇਹ ਰਸਨਾ ਆਈ।

ਜਾਤ ਵੀ ਆਈ ਪਾਤ ਵੀ ਆਈ।

ਸੰਗ ਮੇਰੇ ਔਕਾਤ ਵੀ ਆਈ।

ਊਚ-ਨੀਚ ਮੈਂ ਛੱਡ ਨਾ ਸਕਿਆ।

ਭਿੰਨ-ਭੇਦ ਮੈਂ ਰੱਦ ਨਾ ਸਕਿਆ।

ਰਾਜਨੀਤੀ ਨੇ ਰੰਗ ਵਿਖਾਇਆ।

ਏਥੇ ਵੀ ਆਪਣਾ ਢੰਗ ਵਿਖਾਇਆ।

ਗੁਰੂ-ਘਰਾਂ ਦਾ ਅਰਥ ਮੈਂ ਭੁੱਲਿਆ।

ਚੌਧਰ ਵਿੱਚ ਵਿਅਰਥ ਮੈਂ ਭੁੱਲਿਆ।

ਕਥਾ-ਕੀਰਤਨ ਸੁਣਨਾ ਸੀ ਮੈਂ।

ਰੱਬ ਦੇ ਨਾਮ ਨਾਲ ਜੁੜਨਾ ਸੀ ਮੈਂ।

ਸ਼ਾਂਤੀ ਲਈ ਸੀ ਦਰ ਬਣਾਏ।

ਰਣ-ਭੂਮੀ ਗੁਰੂ-ਘਰ ਬਣਾਏ।

ਦੇਸ਼ ਵੀ ਖੋਇਆ ਵੇਸ ਵੀ ਖੋਇਆ।

ਇੰਜ ਜਾਪੇ ਪਰਦੇਸ ਵੀ ਖੋਇਆ।

ਜੇ ਮੈਂ ਛੱਡ ਕੇ ਔਗੁਣ ਆਉਂਦਾ।

ਏਥੋਂ ਦੇ ਮੈਂ ਗੁਣ ਅਪਣਾਉਂਦਾ।

ਆਪਣੇ ਵਤਨ ਦੇ ਗੁਣ ਨਾ ਭੁੱਲਦਾ।

ਚਮਕ-ਦਮਕ ‘ਤੇ ਮੈਂ ਨਾ ਡੁੱਲ੍ਹਦਾ।

ਦੇਸ਼ ਦਾ ਨਾਂਅ ਫਿਰ ਉੱਚਾ ਹੁੰਦਾ।

ਪਰਦੇਸ ਵੀ ਮੇਰਾ ਸੁੱਚਾ ਹੁੰਦਾ।
ਸੰਪਰਕ: 001-317-406-0002


ਗ. ਸ. ਨਕਸ਼ਦੀਪ ਪੰਜਕੋਹਾ

ਇੰਝ ਵੀ

ਇੱਕ ਆਪਣੀ ਇਕੱਲ ਸੀ, ਕੁਝ ਮਿੱਤਰਾਂ ਦੇ ਛੱਲ ਸੀ

ਫਿਰ ਵੀ ਪਤਾ ਨਹੀਂ ਕਿਉਂ, ਮੈਨੂੰ ਵਫਾ ਦਾ ਝੱਲ ਸੀ|

ਤੁਰ ਪਏ ਇਕੱਲੇ ਹੀ, ਰਸਤੇ ਬਹੁਤ ਅਣਜਾਣ ਜਿਹੇ

ਮੇਰੀ ਜ਼ਿੰਦਗੀ ਬਣੀ, ਇੰਝ ਸੱਧਰਾਂ ਦਾ ਮਾਰੂਥਲ ਸੀ|

ਵਕਤ ਨਹੀਂ ਬਦਲਦਾ, ਸਿਰਫ਼ ਦੁਨੀਆ ਏ ਬਦਲਦੀ

ਉਹ ਅੱਜ ਉਹ ਹੀ ਨਹੀਂ, ਜਿਹੋ ਜਿਹਾ ਉਹ ਕੱਲ੍ਹ ਸੀ|

ਮੇਰੇ ਆਪਣੇ ਹੀ ਮੈਨੂੰ ਜਦ, ਵਿੱਚ ਮੰਡੀ ਲੈ ਆ ਗਏ

ਜੂਝਣ ਤੋਂ ਬਿਨਾਂ ਮੇਰੇ ਕੋਲ, ਨਾ ਰਿਹਾ ਕੋਈ ਹੱਲ ਸੀ|

ਅੱਗੇ ਮੇਰੇ ਸਵੈਮਾਣ ਦੇ, ਰਾਖ ਬਣ ਕੇ ਸੀ ਉੱਡ ਗਈ

ਮਾਰੀ ਹੋਈ ਨਕਸ਼ਦੀਪ, ਜਿਹੜੀ ਗੈਰਾਂ ਨੇ ਮੱਲ ਸੀ|
***

ਵਿਖਾਵੇ ਤੇ ਮੈਂ

ਨਾ ਤੇਰੀ ਕੋਈ ਖਤਾ ਹੈ

ਤੇ ਨਾ ਮੇਰਾ ਹੀ ਕੋਈ ਕਸੂਰ ਹੈ

ਪਤਝੜ ‘ਚ ਝੜ ਜਾਣਾ

ਰਿਹਾ ਪੱਤਿਆਂ ਦਾ ਦਸਤੂਰ ਹੈ|

ਜੋ ਤੁਹਾਨੂੰ ਰਾਹ ਸਵੱਲੇ ਲੱਗਦੇ

ਉਹ ਨਹੀਂ ਮੇਰੇ ਹਾਣਦੇ

ਤੁਹਾਨੂੰ ਵਿਹਲ ‘ਤੇ ਮਾਣ ਹੈ

ਮੈਨੂੰ ਮਿਹਨਤ ‘ਤੇ ਗਰੂਰ ਹੈ|

ਕੋਈ ਮਖਮਲਾਂ ‘ਤੇ ਸੌਂਦਾ ਹੈ

ਕੋਈ ਨੰਗੀ ਧਰਤ ‘ਤੇ ਲੇਟਦਾ

ਕੋਈ ਫਿਰੇ ਭੋਜਨ ਸੁੱਟਦਾ

ਕੋਈ ਬੁਰਕੀ ਲਈ ਮਜਬੂਰ ਹੈ|

ਨਾ ਲਿਖਤ ਹੀ ਕੋਈ ਦਿਲਕਸ਼

ਨਾ ਕੋਈ ਬੋਲਣ ‘ਚ ਰਸ ਹੈ

ਪਰ ਆਪਣੀ ਸਭਾ ਦੇ ਵਿੱਚ

ਉਹ ਹੋਇਆ ਬੜਾ ਮਸ਼ਹੂਰ ਹੈ|

ਹਮਦਰਦੀ ਦੇ ਚਾਰ ਸ਼ਬਦ

ਤੁਸੀਂ ਤਾਂ ਬੋਲ ਕੇ ਹੋ ਸਾਰ ਲੈਂਦੇ

ਤੁਸੀਂ ਕੀ ਸਮਝ ਸਕਦੇ

ਕਿਵੇਂ ਤਪਦਾ ਪੇਟ ਦਾ ਤੰਦੂਰ ਹੈ?

ਅੰਦਰਲਾ ਭਰਮ ਉਗਲਕੇ

ਚੰਗਾ ਹੋਇਆ ਮਨੋ ਕੱਢ ਦਿੱਤਾ

ਸੰਭਲਗੇ ਜਲਦੀ ਅਸੀਂ

ਨਹੀਂ ਹੋਇਆ ਦਿਲ ਚਕਨਾਚੂਰ ਹੈ|

ਘਰ ਆਪਣੇ ਹੀ ਹਨ ਭਰਦੇ

ਲੈ ਲੈ ਕੇ ਸਿਰਜਣਹਾਰ ਦਾ ਨਾਂ

ਨਕਸ਼ਦੀਪ ਕਿਵੇਂ ਭੁੱਲ ਜਾਂਦੇ ਕਿ

ਹਰ ਵਿੱਚ ਉਸੇ ਦਾ ਨੂਰ ਹੈ|


ਜਗਜੀਤ ਸੇਖੋਂ

ਅੰਗਿਆਰ

ਜਦ ਵਰ੍ਹਦੇ ਨੇ

ਨਾਸ਼ ਹੀ ਕਰਦੇ ਨੇ

ਕੱਖਾਂ ਦਾ, ਲੱਖਾਂ ਦਾ

ਸਾਵਿਆਂ ਰੁੱਖਾਂ ਦਾ

ਮਨੁੱਖਾਂ ਦਾ

ਨਿਰਵੈਰ ਭੁੱਖਾਂ ਦਾ

ਅੰਗਿਆਰ

ਹੋਣ ਭਾਵੇਂ ਕੋਲਿਆਂ ‘ਚ

ਬਿਆਨਾਂ ‘ਚ

ਬੋਲਾਂ ‘ਚ

ਹਉਮੈ ਦੇ ਕਲੋਲਾਂ ‘ਚ

ਜਿੱਤ ਦੇ ਨਗਾਰਿਆਂ ‘ਚ

ਸ਼ੋਰ ਪਾਉਂਦੇ ਢੋਲਾਂ ‘ਚ।

ਸ਼ਬਦ

ਸ਼ਬਦ ਅੰਗਿਆਰਾਂ ਵਰਗੇ

ਬੋਲ ਹਥਿਆਰਾਂ ਵਰਗੇ

ਨੇਤਾ ਦੇ ਲਾਰਿਆਂ ਵਰਗੇ

ਜੋ ਵਰ੍ਹਦੇ ਰਹਿਣਗੇ

ਅੰਗਿਆਰਾਂ ਤੇ ਸ਼ਬਦਾਂ ‘ਚ

ਫਿਰ ਫਰਕ ਕੀ ਰਹਿਣਗੇ?

ਅਪਮਾਨ

ਅਪਮਾਨ ਸ਼ਹੀਦਾਂ ਦਾ

ਵਤਨ ਦੇ ਆਸ਼ਕਾਂ ਦਾ

ਫਕੀਰਾਂ ਮੁਰੀਦਾਂ ਦਾ

ਕੌਮਾਂ ਦਾ ਮਜ਼੍ਹਬਾਂ ਦਾ

ਧਰਮਾਂ ਦਾ ਸ਼ਰਮਾਂ ਦਾ

ਵੱਡਿਆਂ ਅਜ਼ੀਜ਼ਾਂ ਦਾ

ਹਬੀਬਾਂ ਦਾ ਅਦੀਬਾਂ ਦਾ

ਠੀਕ ਨਹੀਂ ਰਹੇਗਾ

ਕੋਈ ਚੰਗਾ ਨਹੀਂ ਕਹੇਗਾ

ਤੇਰੇ ਕਹੇ ਬੋਲਾਂ ਦੀ

ਜਦ ਇਤਿਹਾਸ

ਤਰਜ਼ਮਾਨੀ ਕਰੇਗਾ

ਮੁਆਫ਼ ਕਰਨਾ।

ਸ਼ਬਦਾਂ ਤੇਰਿਆਂ ਨੂੰ

ਅੰਗਿਆਰ ਹੀ ਕਹੇਗਾ!

ਅੰਗਿਆਰ ਹੀ ਕਹੇਗਾ!
ਸੰਪਰਕ: +61431157590


ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

ਸਾਉਣ

ਛਾਅ ਗਈਆਂ ਘਟਾਵਾਂ ਘਨਘੋਰ,

ਕੂੰ ਕੂੰ ਕੂੰ ਕੂੰ ਬਾਗਾਂ ਵਿੱਚ ਬੋਲਦੇ ਨੇ ਮੋਰ।

ਪੈਂਦੀ ਬਰਸਾਤ ਜ਼ੋਰੋ ਜ਼ੋਰ

ਕੂੰ ਕੂੰ ਕੂੰ ਕੂੰ ਬਾਗਾਂ ਵਿੱਚ ਬੋਲਦੇ ਨੇ ਮੋਰ।

ਭੱਜ ਭੱਜ ਫ਼ਨੀਅਰ ਖੁੱਡਾਂ ਵਿੱਚ ਵੜਦੇ

ਬਗਲੇ ਤੇ ਮੱਛੀਆਂ ਕਲੋਲਾਂ ਪਏ ਕਰਦੇ

ਡੱਡੂਆਂ ਮਚਾਇਆ ਬੜਾ ਸ਼ੋਰ

ਕੂੰ ਕੂੰ ਕੂੰ ਕੂੰ ਬਾਗਾਂ ਵਿੱਚ ਬੋਲਦੇ ਨੇ ਮੋਰ।

ਖਿਲੇ ਫੁੱਲ ਕਲੀਆਂ ਤੇ ਝੂੰਮਦੇ ਨੇ ਰੁੱਖ ਬਈ

ਮੌਸਮ ਨੇ ਤੋੜ ਦਿੱਤੇ ਸਾਰਿਆਂ ਦੇ ਦੁੱਖ ਬਈ

ਸੰਨ੍ਹ ਲਾਉਣੋਂ ਰਹਿ ਗਏ ਨੇ ਚੋਰ

ਕੂੰ ਕੂੰ ਕੂੰ ਕੂੰ ਬਾਗਾਂ ਵਿੱਚ ਬੋਲਦੇ ਨੇ ਮੋਰ।

ਰੁਕੀ ਬਰਸਾਤ ਪਾਉਣ ਕਿੱਕਲੀਆਂ ਕੁੜੀਆਂ

ਝੱਲੀਆਂ ਨਾ ਜਾਣ ਜਾਂ ਬਰੋਟੇ ਵੱਲ ਤੁਰੀਆਂ

ਸੋਹਣੀ ਐ ਮਜਾਜ਼ਣਾਂ ਦੀ ਤੋਰ

ਕੂੰ ਕੂੰ ਕੂੰ ਕੂੰ ਬਾਗਾਂ ਵਿੱਚ ਬੋਲਦੇ ਨੇ ਮੋਰ।

ਚਹਿਕੀਆਂ ਨੇ ਚਿੜੀਆਂ ਬਨੇਰੇ ਬੋਲੇ ਕਾਂ ਬਈ

‘ਲੱਖੇ’ ਸਲੇਮਪੁਰੀਏ ਨੂੰ ਯਾਦ ਆਈ ਮਾਂ ਬਈ

ਜੀਹਦੇ ਕਰਕੇ ਹੈ ਅੱਜ ਟੌਹਰ

ਕੂੰ ਕੂੰ ਕੂੰ ਕੂੰ ਬਾਗਾਂ ਵਿੱਚ ਬੋਲਦੇ ਨੇ ਮੋਰ।
ਸੰਪਰਕ: +447438398345


ਮਹਿੰਦਰ ਸਿੰਘ ਮਾਨ

ਤੇਰੇ ਗ਼ਮ

ਤੇਰੇ ਦਿੱਤੇ ਗ਼ਮ ਹੌਲੀ, ਹੌਲੀ ਜਰ ਜਾਵਾਂਗਾ

ਪਰ ਇਹ ਨਾ ਸੋਚੀਂ, ਤੇਰੇ ਬਾਝੋਂ ਮਰ ਜਾਵਾਂਗਾ।

ਮੈਂ ਪੱਥਰ ਹਾਂ, ਮਿੱਟੀ ਦੀ ਕੰਧ ਨਹੀਂ ਹਾਂ ਯਾਰੋ

ਮੈਂ ਦੁੱਖਾਂ ਦੇ ਪਾਣੀ ਨਾਲ ਕਿਵੇਂ ਖ਼ਰ ਜਾਵਾਂਗਾ?

ਮੇਰੇ ਕੋਲ ਭਰੋਸਾ, ਹਿੰਮਤ ਤੇ ਤਦਬੀਰਾਂ ਨੇ

ਕਿਹੜਾ ਪਾਗਲ ਆਖੇ, ਮੈਂ ਮੰਜ਼ਿਲ ਹਰ ਜਾਵਾਂਗਾ।

ਤਲਖੀ ਦੇ ਅੰਗਾਰਾਂ ਕੋਲੋਂ ਮੈਂ ਤਾਂ ਡਰਿਆ ਨਾ

ਦੁਬਿਧਾ ਦੇ ਜੁਗਨੂੰ ਕੋਲੋਂ ਕਦ ਮੈਂ ਡਰ ਜਾਵਾਂਗਾ।

ਹਾਲੇ ਮੈਂ ਅਣਖਿੜਿਆ ਫੁੱਲ ਹਾਂ, ਪਰ ਜਦ ਵੀ ਖਿੜਿਆ

ਨਾਲ ਸੁਗੰਧੀ ਦੇ ਚਾਰ ਚੁਫੇਰਾ ਭਰ ਜਾਵਾਂਗਾ।

ਜੇ ਕਰ ਕੋਲ ਮੇਰੇ ਧਨ, ਦੌਲਤ ਨ੍ਹੀ, ਤਾਂ ਕੀ ਹੋਇਆ

ਗ਼ਜ਼ਲਾਂ ਰਾਹੀਂ ਆਪਣਾ ਨਾਂ ਰੌਸ਼ਨ ਕਰ ਜਾਵਾਂਗਾ।
ਸੰਪਰਕ: 99158-03554


ਹਰਵਿੰਦਰ ਸਿੰਘ ਮੁਕਾਰੋਂਪੁਰ

ਦੇਸ਼ ਮਾਹੀ ਦੇ

ਸਈਓ ਨੀਂ

ਰੈਣ ਮੁੱਕੀ ਦਿਹੁੰ ਚੜਿ੍ਹਆ।

ਮੈਂ ਦੇਸ਼ ਮਾਹੀ ਦੇ ਚੱਲੀ।

ਨਾ ਕੋਈ ਝਗੜਾ ਨਾ ਕਈ ਝੇੜਾ

ਨਾ ਕੋਈ ਭਵਜਲ ਵਾਲ਼ਾ ਗੇੜਾ

ਸਦ ਤਰਦਾ ਨਾ ਡੁੱਬਦਾ ਬੇੜਾ

ਨਾ ਉਹ ਝਿੜਕੇ ਨਾ ਉਹ ਲੜਿਆ

ਸਈਓ ਨੀਂ

ਰੈਣ ਮੁੱਕੀ ਦਿਹੁੰ ਚੜਿ੍ਹਆ

ਮੈਂ ਦੇਸ਼ ਮਾਹੀ ਦੇ ਚੱਲੀ

ਸੋਹਣਾ ਮਾਹੀ ਕਿੰਨਾ ਨੂਰੀ

ਝੱਲ ਨਾ ਹੁੰਦੀ ਉਹਦੀ ਦੂਰੀ

ਕਰਦਾ ਨਾ ਕੋਈ ਮਗ਼ਰੂਰੀ

ਤਾਹੀਓਂ ਤਾਂ ਮਨ ਮੰਦਰ ਜੁੜਿਆ

ਸਈਓ ਨੀਂ

ਰੈਣ ਮੁੱਕੀ ਦਿਹੁੰ ਚੜਿ੍ਹਆ।

ਮੈਂ ਦੇਸ਼ ਮਾਹੀ ਦੇ ਚੱਲੀ।

ਸੋਹਣਾ ਮਾਹੀ ਸੋਹਣੀ ਹਸਤੀ

ਕੌਲ ਕਰੇਂਦੀ ਸਾਰੀ ਬਸਤੀ

ਨਾ ਹੁਦਾਰੀ ਨਾ ਕਈ ਦਸਤੀ

ਹਰ ਕਣ ਮਾਹੀ ਸੁਚੱਜਾ ਘੜਿਆ

ਸਈਓ ਨੀਂ

ਰੈਣ ਮੱਕੀ ਦਿਹੁੰ ਚੜ੍ਹਿਆ।

ਮੈਂ ਦੇਸ਼ ਮਾਹੀ ਦੇ ਚੱਲੀ।

ਸੋਹਣੇ ਯਾਰ ਦੇ ਆਏ ਰੁੱਕੇ

ਰੈਣਾਂ ਦੇ ਸਿਰਨਾਵੇਂ ਮੁੱਕੇ

ਦਰ ਮਾਹੀ ਦੇ ਜਦ ਢੁੱਕੇ

ਚਿਹਰੇ ਰੰਗ ਸਵਾਇਆ ਚੜਿ੍ਹਆ

ਸਈਓ ਨੀਂ

ਰੈਣ ਮੁੱਕੀ ਦਿਹੁੰ ਚੜ੍ਹਿਆ

ਮੈਂ ਦੇਸ਼ ਮਾਹੀ ਦੇ ਚੱਲੀ।


ਗੁਰਮੀਤ ਸਿੰਘ ਸੋਹੀ

ਅਸੀਂ ਤੁਰਨਾ ਜਾਣਦੇ ਹਾਂ

ਸਾਨੂੰ ਸਮਝੋ ਨਾ ਲਾਚਾਰ, ਅਸੀਂ ਤੁਰਨਾ ਜਾਣਦੇ ਹਾਂ

ਗਰੀਬੀ ਦੀ ਬੇਸ਼ੱਕ ਮਾਰ, ਅਸੀਂ ਤੁਰਨਾ ਜਾਣਦੇ ਹਾਂ

ਸਾਡੇ ਵੰਸ਼ਾਂ ਦੇ ਖੂਨ ਦੀ ਲਾਲੀ ਰੰਗ ਲਿਆਉਗੀ

ਸਾਡੇ ਚੋਂਦੇ ਪਸੀਨੇ ਦੀ ਖ਼ੁਸ਼ਬੂ ਮਹਿਕਾਂ ਖਿੰਡਾਉਗੀ

ਮਿਹਨਤ ਸਾਡਾ ਹਥਿਆਰ, ਅਸੀਂ ਤੁਰਨਾ ਜਾਣਦੇ ਹਾਂ

ਸਾਨੂੰ ਸਮਝੋ ਨਾ ਲਾਚਾਰ, ਅਸੀਂ ਤੁਰਨਾ ਜਾਣਦੇ ਹਾਂ

ਹੱਕ ਸੱਚ ਦੀ ਕਮਾਈ ਰੋਟੀ ਮੂੰਹ ਵਿੱਚ ਪਾਉਂਦੇ ਹਾਂ

ਚਾਹੇ ਇੱਕੋ ਵੇਲੇ ਮਿਲਜੇ ਸ਼ੁਕਰ ਮਨਾਉਂਦੇ ਹਾਂ

ਸੁੱਖ ਦੁੱਖ ਲੈਂਦੇ ਸਹਾਰ, ਅਸੀਂ ਤੁਰਨਾ ਜਾਣਦੇ ਹਾਂ

ਸਾਨੂੰ ਸਮਝੋ ਨਾ ਲਾਚਾਰ, ਅਸੀਂ ਤੁਰਨਾ ਜਾਣਦੇ ਹਾਂ

ਗੁਲਾਮੀ ਦੀਆਂ ਜ਼ੰਜੀਰਾਂ ਨਾ ਗਲ ‘ਚ ਪਾ ਸਕਦੇ

ਜ਼ਾਲਮ ਹਕੂਮਤਾਂ ਮੂਹਰੇ ਸਿਰ ਨਾ ਝੁਕਾ ਸਕਦੇ

ਅਣਖੀ ਸਾਡਾ ਕਿਰਦਾਰ, ਅਸੀਂ ਤੁਰਨਾ ਜਾਣਦੇ ਹਾਂ

ਸਾਨੂੰ ਸਮਝੋ ਨਾ ਲਾਚਾਰ, ਅਸੀਂ ਤੁਰਨਾ ਜਾਣਦੇ ਹਾਂ

ਹੁੰਦੀ ਏਕੇ ਦੇ ਵਿੱਚ ਸ਼ਕਤੀ ਇਹੋ ਦਿਖਾਉਣੀ ਹੈ

ਸੱਤਾ ‘ਚ ਬੈਠੇ ਭੁੱਖਿਆਂ ਦੀ ਕੁਰਸੀ ਹਿਲਾਉਣੀ ਹੈ

ਲਾਵਾਂਗੇ ਉੱਚੀ ਉਡਾਰ, ਅਸੀਂ ਤੁਰਨਾ ਜਾਣਦੇ ਹਾਂ

ਸਾਨੂੰ ਸਮਝੋ ਨਾ ਲਾਚਾਰ, ਅਸੀਂ ਤੁਰਨਾ ਜਾਣਦੇ ਹਾਂNews Source link
#ਕਵ #ਕਆਰ

- Advertisement -

More articles

- Advertisement -

Latest article