ਪਾਲ ਸਿੰਘ ਨੌਲੀ
ਜਲੰਧਰ, 1 ਅਗਸਤ
ਨੇੜਲੇ ਪਿੰਡ ਧੀਣਾ ਵਿੱਚ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਬੇਕਾਬੂ ਹੋ ਕੇ ਸੜਕ ਨੇੜਲੇ ਇੱਕ ਖੇਤ ਵਿੱਚ ਪਲਟ ਗਈ। ਇਸ ਬੱਸ ਵਿੱਚ 12 ਬੱਚੇ ਸਵਾਰ ਸਨ, ਜਿਨ੍ਹਾਂ ਵਿੱਚੋਂ ਨੌਂ ਬੱਚੇ ਜ਼ਖ਼ਮੀ ਹੋ ਗਏ। ਬੱਸ ਦੇ ਡਰਾਈਵਰ ਤੇ ਸਹਾਇਕ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਦੋਂ ਵਾਪਰਿਆ, ਜਦੋਂ ਸਕੂਲ ਬੱਸ ਇੱਕ ਹੋਰ ਗੱਡੀ ਨੂੰ ਓਵਰਟੇਕ ਕਰ ਰਹੀ ਸੀ। ਸੰਤੁਲਨ ਵਿਗੜਨ ਕਰ ਕੇ ਬੱਸ ਸੜਕ ਦੇ ਨਾਲ ਲੱਗਦੇ ਨੀਵੇਂ ਖੇਤ ਵਿੱਚ ਉਤਰ ਕੇ ਪਲਟ ਗਈ। ਇਸ ਮੌਕੇ ਹਾਜ਼ਰ ਲੋਕਾਂ ਨੇ ਬੱਸ ਦਾ ਪਿਛਲਾ ਸ਼ੀਸ਼ਾ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ। ਬੱਸ ਪਲਟਣ ਤੋਂ ਤੁਰੰਤ ਬਾਅਦ ਲੋਕਾਂ ਨੇ ਪੁਲੀਸ ਤੇ ਐਂਬੂਲੈਂਸ ਨੂੰ ਸੂਚਿਤ ਕੀਤਾ। ਬੱਸ ਵਿੱਚੋਂ ਬਾਹਰ ਕੱਢੇ ਬੱਚਿਆਂ ਨੇ ਦੱਸਿਆ ਕਿ ਡਰਾਈਵਰ ਲਾਪ੍ਰਵਾਹੀ ਨਾਲ ਬੱਸ ਚਲਾ ਰਿਹਾ ਸੀ, ਜਿਸ ਕਾਰਨ ਬੱਸ ਬੇਕਾਬੂ ਹੋ ਕੇ ਖੇਤ ਵਿੱਚ ਪਲਟ ਗਈ। ਜ਼ਖ਼ਮੀ ਬੱਚਿਆਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ।
ਘਟਨਾ ਦੀ ਜਾਣਕਾਰੀ ਮਿਲਣ ’ਤੇ ਕੁਝ ਬੱਚਿਆਂ ਦੇ ਮਾਪੇ ਵੀ ਮੌਕੇ ’ਤੇ ਪਹੁੰਚ ਗਏ, ਪਰ ਉਦੋਂ ਤੱਕ ਬੱਚਿਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਸੀ। ਉੱਧਰ, ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਅਜਾਇਬ ਸਿੰਘ ਨੇ ਪੁਲੀਸ ਪਾਰਟੀ ਸਮੇਤ ਮੌਕੇ ਦਾ ਜਾਇਜ਼ਾ ਲਿਆ ਤੇ ਬੱਸ ਦੇ ਚਾਲਕ ਗਗਨਦੀਪ ਨੂੰ ਹਿਰਾਸਤ ਵਿੱਚ ਲੈ ਲਿਆ।