ਨਵੀਂ ਦਿੱਲੀ, 31 ਜੁਲਾਈ
ਨੀਤੀ ਆਯੋਗ ਦੇ ਸਾਬਕਾ ਉਪ-ਚੇਅਰਮੈਨ ਅਰਵਿੰਦ ਪਨਗੜੀਆ ਨੇ ਕਿਹਾ ਕਿ ਸ੍ਰੀਲੰਕਾ ਦੇ ਮੌਜੂਦਾ ਆਰਥਿਕ ਹਾਲਾਤ ਨੂੰ ਭਾਰਤ ਨਾਲ ਮੇਲਣਾ ‘ਮੂਰਖਤਾ’ ਹੋਵੇਗੀ। ਉਂਜ ਉਨ੍ਹਾਂ ਇਹ ਜ਼ਰੂਰ ਮੰਨਿਆ ਕਿ ਟਾਪੂਨੁਮਾ ਮੁਲਕ ਵਿਚਲੇ ਸੰਕਟ ਤੋਂ ਸਬਕ ਜ਼ਰੂਰ ਸਿੱਖਿਆ ਜਾ ਸਕਦਾ ਹੈ। ਕਾਬਿਲੇਗੌਰ ਹੈ ਕਿ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਿਛਲੇ ਦਿਨਾਂ ਵਿੱਚ ਮੋਦੀ ਸਰਕਾਰ ਨੂੰ ਅਸਮਾਨੀ ਪੁੱਜੀ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਘੇਰਦਿਆਂ ਕਿਹਾ ਸੀ ਕਿ ਭਾਰਤ ਦੀ ਸਥਿਤੀ ਵੀ ‘ਸ੍ਰੀਲੰਕਾ ਵਰਗੀ’ ਬਣਨ ਲੱਗੀ ਹੈ ਤੇ ਕੇਂਦਰ ਸਰਕਾਰ ਨੂੰ ਹੋਰਨਾਂ ਮੁੱਦਿਆਂ ਰਾਹੀਂ ਲੋਕਾਂ ਦਾ ਇਸ ਪਾਸਿਓਂ ਧਿਆਨ ਨਹੀਂ ਭਟਕਾਉਣਾ ਚਾਹੀਦਾ। ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਪਨਗੜੀਆ ਨੇ ਕਿਹਾ ਕਿ 1991 ਦੇ ਅਦਾਇਗੀਆਂ ਦੇ ਬਕਾਏ ਨਾਲ ਜੁੜੇ ਸੰਕਟ ਮਗਰੋਂ ਸਮੇਂ ਦੀਆਂ ਸਰਕਾਰਾਂ ਮੈਕਰੋ-ਇਕੌਨਮੀ ਦੀ ਕਿਸੇ ਤਰ੍ਹਾਂ ਸੰਭਾਲ ਕਰਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਭਾਰਤ ਦੀ ਗੱਲ ਹੈ ਤਾਂ ਵਿੱਤੀ ਘਾਟੇ ਨੂੰ ਅਜੇ ਤੱਕ ਹੱਥੋਂ ਨਹੀਂ ਨਿਕਲਣ ਦਿੱਤਾ ਗਿਆ। ਕਰੰਸੀ ਤਬਾਦਲਾ ਦਰ ਨੂੰ ਡਿੱਗਣ ਦਿੱਤਾ ਗਿਆ ਤਾਂ ਜੋ ਚਾਲੂ ਖਾਤੇ ਵਿਚਲੇ ਪੂੰਜੀ ਘਾਟੇ ਨੂੰ ਹੇਠਲੇ ਪੱਧਰ ’ਤੇ ਰੱਖਿਆ ਜਾ ਸਕੇ। ਮਹਿੰਗਾਈ ਘਟਾਉਣ ਲਈ ਮੁਦਰਾ ਨੀਤੀ ਨੂੰ ਸਵੈ ਕਾਬੂ ਵਿੱਚ ਰੱਖਿਆ ਗਿਆ ਹੈ ਤੇ ਵਿੱਤੀ ਪੂੰਜੀ ਦੇ ਪ੍ਰਵਾਹ ਨੂੰ ਸੰਤੁਲਿਤ ਤਰੀਕੇ ਨਾਲ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ, ‘‘ਆਰਥਿਕ ਹਾਲਾਤ ਨੂੰ ਸ੍ਰੀਲੰਕਾ ਨਾਲ ਮੇਲਣਾ ਮੂਰਖਤਾ ਹੈ…ਭਾਰਤ ਅਤੇ ਸ੍ਰੀਲੰਕਾ ਦੇ ਮੌਜੂਦਾ ਹਾਲਾਤ ਨੂੰ ਮੇਲਦੇ ਸੁਝਾਅ ਹਾਸੋਹੀਣੇ ਹਨ।’’ -ਪੀਟੀਆਈ