22 C
Patiāla
Saturday, April 20, 2024

ਵਿੱਤੀ ਘੁਟਾਲੇ ਦੇ ਦੋਸ਼ ਹੇਠ ਸਹਿਕਾਰੀ ਬੈਂਕ ਦੇ ਦੋ ਅਧਿਕਾਰੀ ਗ੍ਰਿਫ਼ਤਾਰ

Must read


ਜਗਮੋਹਨ ਸਿੰਘ

ਰੂਪਨਗਰ, 29 ਜੁਲਾਈ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਕੇਂਦਰੀ ਸਹਿਕਾਰੀ ਬੈਂਕ ਰੂਪਨਗਰ ਵਿੱਚ 1,24,46,547 ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਸਹਾਇਕ ਮੈਨੇਜਰ ਬਿਕਰਮਜੀਤ ਸਿੰਘ ਅਤੇ ਸੀਨੀਅਰ ਮੈਨੇਜਰ ਅਸ਼ੋਕ ਸਿੰਘ ਮਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਨੇ ਸਾਲ 2011 ਤੋਂ 2016 ਤੱਕ ਬੈਂਕ ਵਿੱਚ ਤਾਇਨਾਤੀ ਦੌਰਾਨ ਬੈਂਕ ਮੈਨੇਜਰਾਂ ਅਤੇ ਹੋਰ ਮੁਲਾਜ਼ਮਾਂ ਦੇ ਖਾਤਿਆਂ ਦੇ ਆਈਡੀਜ਼, ਪਾਸਵਰਡ ਅਤੇ ਹੋਰ ਵੇਰਵਿਆਂ ਦੀ ਦੁਰਵਰਤੋਂ ਕਰ ਕੇ ਵੱਡੀ ਰਕਮ ਦਾ ਘਪਲਾ ਕੀਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਮੁਲਜ਼ਮ ਨੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰ ਕੇ ਧੋਖਾਧੜੀ ਵਾਲੇ ਪੈਸੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਸਨ ਅਤੇ ਕੁੱਲ 1,24,46,547 ਰੁਪਏ ਦਾ ਵਿੱਤੀ ਘਪਲਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਸਹਿਕਾਰੀ ਬੈਂਕ ਵੱਲੋਂ ਕੀਤੀ ਗਈ ਅੰਦਰੂਨੀ ਜਾਂਚ ਵਿੱਚ ਵੀ ਬਿਕਰਮਜੀਤ ਸਿੰਘ ਨੂੰ ਮੁਲਜ਼ਮ ਠਹਿਰਾਇਆ ਗਿਆ ਸੀ। ਬੁਲਾਰੇ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਨੇ ਸਾਲ 2011 ਤੋਂ 2016 ਤੱਕ ਸੀਨੀਅਰ ਮੈਨੇਜਰ ਅਸ਼ੋਕ ਸਿੰਘ ਮਾਨ ਤੋਂ ਇਲਾਵਾ ਹੋਰ ਕਰਮਚਾਰੀਆਂ ਦੀ ਆਈਡੀ ਅਤੇ ਪਾਸਵਰਡ ਦੀ ਵਰਤੋਂ ਕੀਤੀ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਨੇ ਜ਼ਿਆਦਾਤਰ ਅਸ਼ੋਕ ਸਿੰਘ ਮਾਨ ਦੀ ਆਈਡੀ ਅਤੇ ਪਾਸਵਰਡ ਦੀ ਵਰਤੋਂ ਕੀਤੀ ਸੀ ਪਰ ਅਸ਼ੋਕ ਸਿੰਘ ਮਾਨ ਨੇ ਕਦੇ ਵੀ ਬੈਂਕ ਅਤੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਕੀਤੀ। ਇਸ ਲਈ ਵਿੱਤੀ ਧੋਖਾਧੜੀ ਵਿੱਚ ਮਿਲੀਭੁਗਤ ਦੇ ਦੋਸ਼ ਹੇਠ ਉਸ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦੋਵਾਂ ਮੁਲਜ਼ਮਾਂ ਖ਼ਿਲਾਫ਼ ਲੁਧਿਆਣਾ ਵਿੱਚ ਵਿਜੀਲੈਂਸ ਬਿਓਰੋ ਦੇ ਥਾਣੇ ਵਿੱਚ ਕੇਸ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।





News Source link

- Advertisement -

More articles

- Advertisement -

Latest article