12.9 C
Patiāla
Thursday, February 22, 2024

ਰਾਸ਼ਟਰ ਮੰਡਲ ਖੇਡਾਂ ਦਾ ਰੰਗਾਰੰਗ ਆਗਾਜ਼

Must read


ਬਰਮਿੰਘਮ, 29 ਜੁਲਾਈ

ਬਰਮਿੰਘਮ ਦੇ ਅਲੈਗਜ਼ੈਂਡਰ ਸਟੇਡੀਅਮ ’ਚ ਰੰਗਾਰੰਗ ਸਮਾਗਮ ਦੇ ਨਾਲ ਹੀ 8 ਅਗਸਤ ਤੱਕ ਚੱਲਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ-2022 ਦੀ ਸ਼ੁਰੂਆਤ ਹੋ ਗਈ ਹੈ। ਉਦਘਾਟਨੀ ਸਮਾਗਮ ਮੌਕੇ ਭਾਰਤੀ ਦਲ ਦੀ ਅਗਵਾਈ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਤੇ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕੀਤੀ। ਇਸ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਓਲੰਪਿਕ ਤਗ਼ਮਾ ਜੇਤੂ ਨੀਰਜ ਚੋਪੜਾ ਨੂੰ ਸੌਂਪੀ ਗਈ ਸੀ ਪਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਉਹ ਜ਼ਖ਼ਮੀ ਹੋ ਗਿਆ। ਇਸ ਮੁਕਾਬਲੇ ’ਚ ਉਸ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਸੱਟ ਵੱਜਣ ਕਾਰਨ ਉਹ ਰਾਸ਼ਟਰ ਮੰਡਲ ਖੇਡਾਂ ’ਚ ਵੀ ਸ਼ਾਮਲ ਨਹੀਂ ਹੋ ਸਕਿਆ।

ਇਸ ਸਮਾਗਮ ’ਚ ਮਹਾਰਾਣੀ ਐਲਿਜ਼ਾਬੈਥ ਦੀ ਅਗਵਾਈ ਕਰ ਰਹੇ ਪ੍ਰਿੰਸ ਚਾਰਲਸ ਵੀ ਡੱਚੇਸ ਆਫ ਕਾਰਨਵਾਲ ਨਾਲ ਪਹੁੰਚੇ। ਰਾਸ਼ਟਰ ਮੰਡਲ ਖੇਡ ਫੈਡਰੇਸ਼ਨ ਦੇ ਪ੍ਰਧਾਨ ਲੁਈ ਮਾਰਟਿਨ ਨੇ ਕਿਹਾ, ‘ਸਾਡੇ 72 ਮੈਂਬਰ ਇੱਥੇ ਹਨ ਤੇ ਬਰਮਿੰਘਮ ਸ਼ਾਨਦਾਰ ਦਿਖਾਈ ਦੇ ਰਿਹਾ ਹੈ। ਮੈਨੂੰ ਭਰੋਸਾ ਹੈ ਕਿ ਇਸ ਵਾਰ ਦੀਆਂ ਖੇਡਾਂ ਰਾਸ਼ਟਰ ਮੰਡਲ ਖੇਡਾਂ ਦੇ ਇਤਿਹਾਸ ’ਚ ਸਭ ਤੋਂ ਸ਼ਾਨਦਾਰ ਤੇ ਯਾਦਗਾਰੀ ਹੋਣਗੀਆਂ।’ ਰਾਸ਼ਟਰ ਮੰਡਲ ਖੇਡਾਂ ਦੀ ਰਵਾਇਤ ਅਨੁਸਾਰ ਪਿਛਲੀ ਵਾਰ ਦੀਆਂ ਖੇਡਾਂ ਦਾ ਮੇਜ਼ਬਾਨ ਆਸਟਰੇਲੀਆ ਪਰੇਡ ਵਿੱਚ ਸਭ ਤੋਂ ਪਹਿਲਾਂ ਆਇਆ ਤੇ ਉਸ ਤੋਂ ਬਾਅਦ ਓਸ਼ੇਨੀਆ ਖੇਤਰ ਦੇ ਹੋਰ ਮੁਲਕ ਆਏ। ਜਦੋਂ 2010 ਦੀਆਂ ਖੇਡਾਂ ਦੇ ਮੇਜ਼ਬਾਨ ਭਾਰਤ ਦਾ ਨੰਬਰ ਆਇਆ ਤਾਂ ਲੋਕਾਂ ਨੇ ਤਾੜੀਆਂ ਮਾਰ ਕੇ ਭਾਰਤੀ ਖਿਡਾਰੀਆਂ ਦਾ ਸਵਾਗਤ ਕੀਤਾ। ਇਨ੍ਹਾਂ ਖੇਡਾਂ ’ਚ ਭਾਰਤ ਵੱਲੋਂ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਤੋਂ ਇਲਾਵਾ ਮੀਰਾਬਾਈ ਚਾਨੂ, ਲਵਲੀਨਾ ਬੋਰਗੋਹੇਨ, ਬਜਰੰਗ ਪੂਨੀਆ, ਰਵੀ ਕੁਮਾਰ ਦਹੀਆ, ਮਨਿਕਾ ਬੱਤਰਾ, ਵਿਨੇਸ਼ ਫੋਗਾਟ, ਤਜਿੰਦਰਪਾਲ ਸਿੰਘ ਤੂਰ, ਹਿਮਾ ਦਾਸ ਤੇ ਅਮਿਤ ਪੰਘਲ ਸਮੇਤ ਕੁੱਲ 215 ਅਥਲੀਟ ਭਾਰਤ ਵੱਲੋਂ 19 ਖੇਡ ਵੰਨਗੀਆਂ ਦੇ 141 ਮੁਕਾਬਲਿਆਂ ’ਚ ਹਿੱਸਾ ਲੈ ਰਹੇ ਹਨ। ਭਾਰਤੀ ਮਹਿਲਾ ਕ੍ਰਿਕਟ ਟੀਮ ਪਹਿਲੀ ਵਾਰ ਰਾਸ਼ਟਰ ਮੰਡਲ ਖੇਡਾਂ ਦੇ ਟੀ-20 ਮੁਕਾਬਲੇ ’ਚ ਹਿੱਸਾ ਲੈ ਰਹੀ ਹੈ ਜਿਸ ਵਿੱਚ ਚੋਟੀ ਦੀਆ 8 ਟੀਮਾਂ ਸੋਨ ਤਗ਼ਮੇ ਲਈ ਭਿੜਨਗੀਆਂ। ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਪਹਿਲਾ ਮੈਚ ਆਸਟਰੇਲੀਆ ਨਾਲ ਹੈ। ਮਹਿਲਾ ਹਾਕੀ ਟੀਮ ਦਾ ਪਹਿਲਾ ਮੁਕਾਬਲਾ ਘਾਨਾ ਨਾਲ ਹੈ।

ਬਰਤਾਨੀਆ ਦੇ ਬਰਮਿੰਘਮ ਸ਼ਹਿਰ ’ਚ ਹੋ ਰਹੀਆਂ ਇਨ੍ਹਾਂ ਖੇਡਾਂ ’ਚ 72 ਰਾਸ਼ਟਰ ਮੰਡਲ ਮੁਲਕਾਂ ਦੇ ਪੰਜ ਹਜ਼ਾਰ ਤੋਂ ਵੱਧ ਖਿਡਾਰੀ 15 ਥਾਵਾਂ ’ਤੇ 19 ਖੇਡਾਂ ਦੇ 280 ਮੁਕਾਬਲਿਆਂ ’ਚ ਚੁਣੌਤੀ ਪੇਸ਼ ਕਰਨਗੇ। ਇਸ ਵਾਰ ਇਨ੍ਹਾਂ ਖੇਡਾਂ ’ਚ ਖਿਡਾਰੀਆਂ ਦੇ ਜਿੱਤਣ ਲਈ 1875 ਤਗਮੇ ਹਨ ਅਤੇ ਅਜਿਹਾ ਪਹਿਲੀ ਵਾਰ ਹੈ ਜਦੋਂ ਪੁਰਸ਼ ਮੁਕਾਬਲਿਆਂ ਨਾਲ ਮਹਿਲਾ ਮੁਕਾਬਲੇ ਜ਼ਿਆਦਾ ਹੋ ਰਹੇ ਹਨ। ਇਸ ਵਾਰ ਮਹਿਲਾ ਅਥਲੀਟਾਂ ਲਈ 136 ਜਦਕਿ ਪੁਰਸ਼ ਅਥਲੀਟਾਂ ਲਈ 134 ਸੋਨ ਤਗ਼ਮੇ ਹਨ। ਭਾਰਤ ਨੇ 2018 ਦੀਆਂ ਰਾਸ਼ਟਰ ਮੰਡਲ ਖੇਡਾਂ ’ਚ ਕੁੱਲ 66 ਤਗ਼ਮੇ ਜਿੱਤੇ ਸਨ। ਭਾਰਤ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ 2010 ਦੀਆਂ ਰਾਸ਼ਟਰ ਮੰਡਲ ਖੇਡਾਂ ’ਚ ਸੀ ਜਦੋਂ ਉਸ ਨੇ 38 ਸੋਨ ਤਗ਼ਮਿਆਂ ਸਮੇਤ ਕੁੱਲ 101 ਤਗ਼ਮੇ ਜਿੱਤੇ ਸਨ। -ਪੀਟੀਆਈ

News Source link

- Advertisement -

More articles

- Advertisement -

Latest article