ਜੋਗਿੰਦਰ ਸਿੰਘ ਮਾਨ
ਮਾਨਸਾ. 30 ਜੁਲਾਈ
ਪੰਜਾਬ ਸਰਕਾਰ ਨੇ ਪੰਜਾਬ ਮੰਡੀ ਬੋਰਡ (ਐਗਰੀਕਲਚਰ ਐਂਡ ਫਾਰਮਰ ਵੈਲਫੇਅਰ ਵਿਭਾਗ) ਵਲੋਂ ਸੂਬੇ ਦੀਆਂ 156 ਮਾਰਕੀਟ ਕਮੇਟੀਆ ਦੇ ਨਵੇਂ ਪ੍ਰਬੰਧਕ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਨੂੰ ਪਿਛਲੀ ਕਾਂਗਰਸ ਦੀ ਸਰਕਾਰ ਵੇਲੇ ਆਪਣੇ ਚਹੇਤਿਆਂ ਨੂੰ ਨਿਯੁਕਤ ਕੀਤਾ ਗਿਆ ਸੀ ਪਰ ਸਿਆਸੀ ਫਿਜ਼ਾ ਬਦਲਣ ਤੋਂ ਬਾਅਦ ਵੀ ਇਹ ਅਜੇ ਕੰਮ ਕਰਦੇ ਆ ਰਹੇ ਸਨ। ਹੁਣ ਨਵੇਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਮਾਰਕੀਟ ਕਮੇਟੀਆ ਦੇ ਨਵੇਂ ਪ੍ਰਬੰਧਕਾਂ ਵਜੋਂ ਹੁਣ ਮਾਰਕੀਟ ਕਮੇਟੀਆ ਦੇ ਖੇਤਰ ਵਾਲੇ ਐੱਸਡੀਐੱਮ ਹੀ ਮੁਖੀ ਹੋਣਗੇ। ਨਵੇਂ ਹੁਕਮਾਂ ਤਹਿਤ ਇਹ ਪ੍ਰਬੰਧਕ ਹੀ ਹੁਣ ਪੰਜਾਬ ਸਰਕਾਰ ਦੇ ਅਗਲੇ ਹੁਕਮਾਂ ਤੱਕ ਤਾਇਨਾਤ ਰਹਿਣਗੇ। ਪੰਜਾਬ ਸਰਕਾਰ ਦੇ ਨਵੇਂ ਹੁਕਮਾਂ ਦੀ ਕਾਪੀ ਮਾਨਸਾ ਜ਼ਿਲ੍ਹੇ ਦੇ ਭੀਖੀ ਮਾਰਕੀਟ ਕਮੇਟੀ ਦੇ ਚੇਅਰਮੈਨ ਇਕਬਾਲ ਸਿੰਘ ਸਿੱਧੂ ਵਲੋਂ ਇਸ ਪੱਤਰਕਾਰ ਨੂੰ ਦਿੱਤੀ ਗਈ ਹੈ।