ਬਰਮਿੰਘਮ: ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਤੇ ਚੋਟੀ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੂੰ ਰਾਸ਼ਟਰਮੰਡਲ ਖੇਡਾਂ ਦੇ ਇੱਥੇ ਵੀਰਵਾਰ ਨੂੰ ਹੋਣ ਵਾਲੇ ਉਦਘਾਟਨੀ ਸਮਾਰੋਹ ਲਈ ਅੱਜ ਭਾਰਤੀ ਦਲ ਦਾ ਝੰਡਾ ਬਰਦਾਰ ਬਣਾਇਆ ਗਿਆ। ਪਹਿਲਾਂ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੂੰ ਝੰਡਾ ਬਰਦਾਰ ਬਣਾਇਆ ਜਾਣਾ ਸੀ ਪਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਲੱਗੀ ‘ਗ੍ਰੋਇਨ’ ਸੱਟ ਕਾਰਨ ਉਸ ਨੂੰ ਰਾਸ਼ਟਰਮੰਡਲ ਖੇਡਾਂ ਤੋਂ ਹਟਣ ਲਈ ਮਜਬੂਰ ਹੋਣਾ ਪਿਆ। ਚਾਰ ਸਾਲ ਪਹਿਲਾਂ ਗੋਲਡ ਕੋਸਟ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਚੋਪੜਾ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਇਸ ਦੌਰਾਨ ਚੋਪੜਾ ਦੇ ਸੱਟ ਲੱਗਣ ਕਾਰਨ ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਫਿਰ ਤਿੰਨ ਅਥਲੀਟਾਂ ਦੀ ਸੂਚੀ ਵਿੱਚੋਂ ਸਿੰਧੂ ਦੀ ਚੋਣ ਕੀਤੀ। ਇਸ ਸੂਚੀ ਵਿੱਚ ਬਾਕੀ ਦੋ ਖਿਡਾਰਨਾਂ ’ਚ ਟੋਕੀਓ ਓਲੰਪਿਕ ਤਗ਼ਮਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ ਤੇ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਸ਼ਾਮਲ ਸਨ। ਉੱਧਰ, ਦਿੱਲੀ ਹਾਈ ਕੋਰਟ ਨੇ ਅੱਜ ਜੂਡੋ ਖਿਡਾਰੀ ਜਸਲੀਨ ਸਿੰਘ ਨੂੰ ਦੁਰਵਿਵਹਾਰ ਦੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ, ਜਿਸ ਨਾਲ ਉਸ ਦਾ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈਣ ਦਾ ਰਾਹ ਪੱਧਰਾ ਹੋ ਗਿਆ। ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਕਿਹਾ ਕਿ ਹਾਈ ਕੋਰਟ ਨੇ ਜਸਲੀਨ ਦੇ ਪੱਖ ਵਿੱਚ ਫ਼ੈਸਲਾ ਸੁਣਾਇਆ ਹੈ ਅਤੇ ਹੁਣ ਉਹ ਬਰਮਿੰਘਮ ਜਾਵੇਗਾ। -ਪੀਟੀਆਈ