13.9 C
Patiāla
Tuesday, December 5, 2023

ਡੂੰਘੀ ਸੋਚ ’ਚ ਡੁੱਬੀ ਔਰਤ

Must read


ਬਲਵਿੰਦਰ ਸਿੰਘ ਭੁੱਲਰ

ਇਹ ਇੱਕ ਖੂਬਸੂਰਤ ਕਲਾਕ੍ਰਿਤੀ ਹੈ, ਜੋ ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਦੀਆਂ ਅਦਾਲਤਾਂ ਦੇ ਬਿਲਕੁਲ ਮੂਹਰੇ ਇੱਕ ਛੋਟੇ ਜਿਹੇ ਪਾਰਕ ਵਿੱਚ ਸਥਾਪਿਤ ਹੈ। ਮੇਰੀ ਇੱਥੋਂ ਲੰਘਦਿਆਂ ਸਰਸਰੀ ਜਿਹੀ ਨਜ਼ਰ ਪਈ ਤਾਂ ਮੈਂ ਰੁਕਣ ਲਈ ਮਜਬੂਰ ਹੋ ਗਿਆ। ਇਸ ਨੂੰ ਵੇਖਦਿਆਂ ਹੀ ਮੇਰੇ ਖਿਆਲਾਂ ਵਿੱਚ ਕਈ ਤਰ੍ਹਾਂ ਦੇ ਸੁਆਲ ਉੱਠਣ ਲੱਗੇ। ਮੈਨੂੰ ਪਤਾ ਹੀ ਨਾ ਲੱਗਾ ਕਦੋਂ ਮੇਰਾ ਹੱਥ ਜੇਬ ਵਿਚਲੇ ਮੋਬਾਈਲ ਫੋਨ ’ਤੇ ਚਲਾ ਗਿਆ ਤੇ ਉਸ ਨਾਲ ਇਸ ਦੀ ਤਸਵੀਰ ਖਿੱਚ ਲਈ। ਇਹ ਇੱਕ ਪੱਥਰ ’ਤੇ ਬੈਠੀ ਦੁਖਿਆਰੀ ਔਰਤ ਦੀ ਕਲਾਕ੍ਰਿਤੀ ਹੈ, ਜੋ ਡੂੰਘੀ ਸੋਚ ਵਿੱਚ ਬੈਠੀ ਵਿਖਾਈ ਦੇ ਰਹੀ ਹੈ। ਉਸ ਦਾ ਪਤਲਾ ਅਣਕੱਜਿਆ ਸਰੀਰ ਵੀ ਕਈ ਸੁਆਲ ਖੜ੍ਹੇ ਕਰਦਾ ਹੈ।

ਕਾਫ਼ੀ ਖੋਜਬੀਣ ’ਤੇ ਮੈਨੂੰ ਇਹ ਪਤਾ ਲੱਗਾ ਕਿ ਇਸ ਕਲਾਕ੍ਰਿਤੀ ਨੂੰ ਘੜਣ ਵਾਲਾ ਮਿਲਾਨ ਵੋਜੈਸਕ ਸੀ। ਉਸ ਨੇ ‘ਡਰੀਮਿੰਗ’ ਨਾਂ ਹੇਠ 1973 ਵਿੱਚ ਇਹ ਕਲਾਕ੍ਰਿਤੀ ਬਣਾਈ ਸੀ। ਜਦੋਂ ਉਸ ਨੇ ਇਸ ਔਰਤ ਦੇ ਬੁੱਤ ਨੂੰ ਤਿਆਰ ਕੀਤਾ, ਉਸ ਦੇ ਖਿਆਲ ਵਿੱਚ ਕੀ ਸੀ? ਇਹ ਔਰਤ ਕਿਹੜੇ ਦੇਸ਼, ਸੂਬੇ ਦੀ ਰਹਿਣ ਵਾਲੀ ਹੋਵੇਗੀ? ਪਰ ਮੇਰੇ ਦਿਮਾਗ਼ ਵਿੱਚ ਖਿਆਲ ਆਇਆ ਕਿ ਇਸ ਕਲਾਕ੍ਰਿਤੀ ਨੂੰ ਘੜਨ ਵਾਲਾ ਤਾਂ ਕਦੇ ਪੰਜਾਬ ਵਿੱਚ ਗਿਆ ਹੀ ਨਹੀਂ ਹੋਵੇਗਾ, ਫੇਰ ਉਸ ਨੇ ਇਸ ਔਰਤ ਦੀ ਮੂਰਤੀ ਕਿਵੇਂ ਤਿਆਰ ਕਰ ਦਿੱਤੀ? ਕਹਿਣ ਤੋਂ ਭਾਵ ਹੈ ਕਿ ਮੈਨੂੰ ਇਹ ਔਰਤ ਪੰਜਾਬ ਦੀ ਹੀ ਲੱਗ ਰਹੀ ਸੀ। ਭੁੱਖ ਤੇ ਦੁੱਖ ਦੀ ਸਤਾਈ ਸੁੱਕੇ ਜਿਹੇ ਪਿੱਤੇ ਵਾਲੀ ਪਤਲੀ ਔਰਤ, ਖੁਰਾਕ ਦੀ ਘਾਟ ਸਦਕਾ ਸੁੱਕਿਆ ਪੇਟ, ਗਰੀਬੀ ਕਾਰਨ ਤਨ ਢਕਣ ਤੋਂ ਵੀ ਅਸਮਰੱਥ, ਸਿਰ ਮੱਥੇ ’ਤੇ ਹੱਥ ਰੱਖ ਡੂੰਘੇ ਫਿਕਰਾਂ ਵਿੱਚ ਡੁੱਬੀ ਆਪਣੇ ਕਰਮਾਂ ਤੇ ਤਕਦੀਰ ਨੂੰ ਕੋਸਦੀ, ਹੋਰਾਂ ਤੋਂ ਸ਼ਰਮ ਮਹਿਸੂਸ ਕਰਦੀ, ਅੱਖ ਮਿਲਾਉਣ ਤੋਂ ਡਰਦੀ, ਮੂੰਹ ਪਾਸੇ ਕਰ ਚਿਹਰਾ ਛੁਪਾਉਂਦੀ, ਪੱਥਰ ਦੇ ਟੁਕੜੇ ’ਤੇ ਬੈਠ ਆਪਣਾ ਕਿਰਤੀ ਮਜ਼ਦੂਰ ਹੋਣ ਦਾ ਪੱਖ ਰੱਖਦੀ, ਇਹ ਔਰਤ ਪੰਜਾਬ ਦੀ ਹੀ ਹੋ ਸਕਦੀ ਹੈ। ਜੋ ਡੂੰਘੀ ਸੋਚ ਵਿੱਚ ਬੈਠੀ ਆਪਣੀ ਹੋਣੀ ’ਤੇ ਝੂਰ ਰਹੀ ਹੈ।

ਸ਼ਾਇਦ ਇਹ ਇਸੇ ਸੋਚ ਵਿੱਚ ਡੁੱਬੀ ਹੋਵੇਗੀ ਕਿ ਕਦੇ ਮੇਰੀ ਵੀ ਜੂਨ ਸੁਧਰ ਸਕੇਗੀ। ਕੋਈ ਹੋਵੇਗਾ ਮੇਰੇ ਦੁੱਖਾਂ ਦਾ ਦਰਦੀ ਜੋ ਮੇਰੀ ਹਾਲਤ ਨੂੰ ਸੁਣ ਦੇਖ ਸਕੇਗਾ। ਉਹ ਬੈਠੀ ਉਡੀਕਦੀ ਹੋਵੇਗੀ ਕਿ ਕੋਈ ਰੱਬ ਵਰਗਾ ਇਨਸਾਨ ਉਸ ਨੂੰ ਬਾਂਹੋਂ ਫੜ ਉਠਾ ਕੇ ਕਹੇਗਾ, ‘‘ਦੇਖ! ਮੈਂ ਪਹੁੰਚ ਗਿਆ ਹਾਂ ਤੇਰੀ ਤਕਦੀਰ ਸੁਧਾਰਨ ਵਾਸਤੇ ਕਿਉਂਕਿ ਤੂੰ ਮੇਰੀ ਮਾਂ ੲੇਂ, ਭੈਣ ਏਂ, ਪੁੱਤਰੀ ਏਂ, ਤੂੰ ਜਨਮਦਾਤੀ ਹੈਂ।’’

ਮੈਨੂੰ ਇਹ ਔਰਤ ਪੰਜਾਬ ਦੀ ਲੱਗਦੀ ਹੈ ਕਿਉਂਕਿ ਮੈਂ ਪੰਜਾਬੀ ਹਾਂ, ਪਰ ਨਾਲ ਹੀ ਮੈਨੂੰ ਇਹ ਔਰਤ ਦੁਨੀਆ ਦੇ ਹਰ ਕੋਨੇ ਦੀ ਵੀ ਜਾਪਦੀ ਹੈ। ਅਜਿਹੇ ਦੁੱਖ-ਦਰਦ ਧਰਤੀ ’ਤੇ ਆਈ ਹਰ ਮਾਂ, ਧੀ, ਭੈਣ ਬਰਦਾਸ਼ਤ ਕਰਦੀ ਹੈ। ਇਸ ਕਲਾਕਾਰ ਦੀ ਸੋਚ ਨੂੰ ਸਲਾਮ ਜਿਸ ਨੇ ਸਮੁੱਚੀ ਦੁਨੀਆ ਦੀ ਔਰਤ ਦੀ ਹੋਣੀ ਨੂੰ ਇੱਕ ਬੁੱਤ ਵਿੱਚ ਸਿਰਜ ਦਿੱਤਾ।
ਸੰਪਰਕ: 98882-75913News Source link
#ਡਘ #ਸਚ #ਚ #ਡਬ #ਔਰਤ

- Advertisement -

More articles

- Advertisement -

Latest article