24.2 C
Patiāla
Friday, April 19, 2024

ਤੂੰ ਆਪਣੇ ਵੱਲ ਦੇਖ

Must read


ਰਵਿੰਦਰ ਸਿੰਘ ਸੋਢੀ

ਕਾਰ ਅੱਸੀ ਕਿਲੋਮੀਟਰ ਤੋਂ ਵੀ ਤੇਜ਼ ਰਫ਼ਤਾਰ ਨਾਲ ਦਿੱਲੀ ਵਾਲੀ ਸੜਕ ’ਤੇ ਭੱਜੀ ਜਾ ਰਹੀ ਸੀ। ਡਰਾਈਵਰ ਨੇ ਭਾਵੇਂ ਪੰਜਾਬੀ ਦੇ ਚੱਕਵੇਂ ਗੀਤ ਲਾਏ ਹੋਏ ਸਨ, ਪਰ ਦੇਬੇ ਦੇ ਦਿਮਾਗ਼ ਵਿੱਚ ਕਾਰ ਦੀ ਰਫ਼ਤਾਰ ਨਾਲੋਂ ਕਿਤੇ ਜ਼ਿਆਦਾ ਤੇਜ਼ ਖਿਆਲਾਂ ਦਾ ਜਵਾਰ-ਭਾਟਾ ਚੜ੍ਹਿਆ ਹੋਇਆ ਸੀ। ਉਹ ਕਦੇ ਆਪਣੇ ਆਪ ਨੂੰ ਕੋਸ ਰਿਹਾ ਸੀ ਅਤੇ ਕਦੇ ਅਮਰਜੀਤ ਨੂੰ। ਡਰਾਈਵਰ ਜੰਟਾ, ਜੋ ਦੇਬੇ ਦੇ ਪਿੰਡ ਦਾ ਹੀ ਸੀ, ਕਾਰ ਦੇ ਸ਼ੀਸ਼ੇ ਵਿੱਚੋਂ ਦੇਬੇ ਦੇ ਚਿਹਰੇ ਦੇ ਬਦਲਦੇ ਹਾਵ-ਭਾਵ ਦੇਖ ਰਿਹਾ ਸੀ। ਜੰਟੇ ਨੂੰ ਲੱਗਿਆ ਜਿਵੇਂ ਦੇਬਾ ਕਿਸੇ ਮਾਨਸਿਕ ਪਰੇਸ਼ਾਨੀ ਨਾਲ ਜੂਝ ਰਿਹਾ ਹੋਵੇ।

ਜੰਟੇ ਨੇ ਕਾਰ ਹੌਲੀ ਕਰਦੇ ਹੋਏ ਪੁੱਛਿਆ, ‘‘ਬਾਈ, ਜੇ ਚਾਹ-ਪਾਣੀ ਪੀਣੀ ਹੈ ਤਾਂ ਰੋਕਾਂ ਗੱਡੀ?’’

‘‘ਨਹੀਂ ਚੱਲਦਾ ਰਹਿ। ਹੋਰ ਕਿੰਨਾ ਕੁ ਟਾਈਮ ਲੱਗੂ?’’ ਦੇਬੇ ਨੇ ਥੋੜ੍ਹੀਆਂ ਜਿਹੀਆਂ ਅੱਖਾਂ ਖੋਲ੍ਹ ਕੇ ਪੁੱਛਿਆ।

‘‘ਜੇ ਟਰੈਫਿਕ ਇਸੇ ਤਰ੍ਹਾਂ ਰਿਹਾ ਤਾਂ ਡੇਢ ਦੋ ਘੰਟੇ ਹੋਰ ਲੱਗਣਗੇ।’’ ਜੰਟੇ ਨੇ ਗਰਦਨ ਪਿੱਛੇ ਘੁਮਾਉਂਦੇ ਕਿਹਾ।

‘‘ਫੇਰ ਤਾਂ ਚੱਲੀ ਜਾ। ਹਾਂ, ਜੇ ਤੇਰਾ ਅਮਲ ਟੁੱਟਦਾ ਹੋਵੇ ਤਾਂ ਦੇਖ ਲੈ।’’ ਦੇਬਾ ਬੋਲਿਆ।

‘‘ਮੈਂ ਤਾ ਕੈਮ ਆਂ। ਤੂੰ ਦੱਸ, ਜੇ ਛਿਟ ਲਾਉਣੀ ਐ?’’ ਜੰਟਾ ਮੁਸਕੜੀਆਂ ਹੱਸਦਾ ਬੋਲਿਆ।

‘‘ਨਾ, ਨਾ। ਮੈਂ ਅੱਗੇ ਲੰਬਾ ਸਫ਼ਰ ਕਰਨੈ।” ਦੇਬੇ ਨੇ ਗੱਲਬਾਤ ਖਤਮ ਕਰਨ ਦੇ ਲਹਿਜੇ ਵਿੱਚ ਕਿਹਾ।

‘‘ਬਾਈ, ਜੇ ਗੁੱਸਾ ਨਾ ਕਰੇਂ ਤਾਂ ਇੱਕ ਗੱਲ ਪੁੱਛਾਂ?’’

ਦੇਬਾ ਕੋਈ ਵੀ ਗੱਲ ਕਰਨ ਦੇ ਰੌਂ ਵਿੱਚ ਨਹੀਂ ਸੀ, ਇਸ ਲਈ ਚੁੱਪ ਹੀ ਰਿਹਾ।

ਜੰਟੇ ਨੇ ਦੇਬੇ ਦੀ ਨਬਜ਼ ਪਹਿਚਾਣ ਕੇ ਚੁੱਪ ਰਹਿਣਾ ਹੀ ਠੀਕ ਸਮਝਿਆ। ਉਸ ਨੇ ਗੱਡੀ ਦੀ ਰਫ਼ਤਾਰ ਹੋਰ ਵਧਾ ਦਿੱਤੀ। ਦੇਬੇ ਦੇ ਦਿਮਾਗ਼ ਵਿੱਚ ਪੁਰਾਣੀਆਂ ਗੱਲਾਂ ਹੀ ਖੌਰੂ ਪਾ ਰਹੀਆਂ ਸਨ।

‘‘ਤੂੰ ਕਿੱਥੇ ਹੈਂ, ਅਜੇ ਤੱਕ ਵਾਪਸ ਨਹੀਂ ਆਈ?’’ ਦੇਬਾ ਗੁੱਸੇ ਵਿੱਚ ਬੋਲਿਆ।

‘‘ਹੁਣ ਆਉਂਦੀ ਵੀ ਨਹੀਂ।’’ ਇਹ ਸੁਣ ਕੇ ਦੇਬੇ ’ਤੇ ਜਿਵੇਂ ਪਹਾੜ ਗਿਰ ਪਿਆ ਹੋਵੇ।

‘‘ਕੀ?’’ ਦੇਬਾ ਚੀਕ ਕੇ ਬੋਲਿਆ।

‘‘ਹੁਣ ਤੂੰ ਪਿੰਡ ਹੀ ਰਹਿ ਅਤੇ ਆਪਣੀ ਕੁਝ ਲੱਗਦੀ ਨਾਲ ਖੇਹ ਖਾ। ਮੈਂ ਵਾਪਸ ਜਾ ਰਹੀ ਹਾਂ।’’

‘‘ਵਾਪਸ! ਕਿੱਥੇ?’’

‘‘ਜਿੱਥੋਂ ਆਈ ਸੀ।’’ ਦੂਜੇ ਪਾਸਿਓਂ ਆਵਾਜ਼ ਆਈ।

‘‘ਮੈਨੂੰ ਛੱਡ ਕੇ?’’

‘‘ਤੂੰ ਇਸੇ ਲਾਇਕ ਹੈਂ। ਮੈਂ ਤੇਰੀ ਜ਼ਿੰਦਗੀ ਸੁਧਾਰਨੀ ਚਾਹੁੰਦੀ ਸੀ, ਪਰ ਤੂੰ ਕਾਂਵਾਂ ਵਾਂਗ ਗੰਦ ’ਤੇ ਠੂੰਗੇ ਮਾਰਨ ਜੋਗਾ ਹੀ ਹੈਂ।’’

‘‘ਪਰ ਹੋਇਆ ਕੀ?’’ ਦੇਬੇ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ।

‘‘ਮੇਰਾ ਮੂੰਹ ਨਾ ਖੁੱਲ੍ਹਵਾ, ਮੈਂ ਇੱਕ ਦੋ ਦਿਨਾਂ ਤੋਂ ਤੇਰੇ ਲੱਛਣ ਦੇਖ ਰਹੀ ਸੀ।” ਅਮਰਜੀਤ ਚੀਕ ਕੇ ਬੋਲੀ।

‘‘ਕੀ?’’ ਦੇਬਾ ਕੁਝ ਝੇਂਪਦਾ ਜਿਹਾ ਬੋਲਿਆ। ਪਰ ਨਾਲ ਦੀ ਨਾਲ ਕੁਝ ਦਿਖਾਵਟੀ ਗੁੱਸੇ ਵਿੱਚ ਬੋਲਿਆ, “ਮੇਰਾ ਪਾਸਪੋਰਟ ਕਿੱਥੇ ਹੈ?”

‘‘ਮੇਰੇ ਕੋਲ। ਕੈਨੇਡਾ ਪਹੁੰਚ ਕੇ ਅੱਗ ਲਾ ਦੇਵਾਂਗੀ, ਤਾਂ ਜੋ ਮੁੜ ਤੇਰੀ ਭੈੜੀ ਬੂਥੀ ਨਾ ਦੇਖ ਸਕਾਂ।’’ ਇਸ ਦੇ ਨਾਲ ਹੀ ਦੂਜੇ ਪਾਸਿਓਂ ਫੋਨ ਕੱਟਿਆ ਗਿਆ।

ਕਾਰ ਦਾ ਏਸੀ ਭਾਵੇਂ ਚੱਲ ਰਿਹਾ ਸੀ, ਤਾਂ ਵੀ ਇਹ ਗੱਲਾਂ ਯਾਦ ਕਰਕੇ ਦੇਬੇ ਦੇ ਮੱਥੇ ’ਤੇ ਪਸੀਨਾ ਆ ਗਿਆ। ਉਸ ਨੂੰ ਯਾਦ ਆਇਆ ਕਿ ਜਿਸ ਦਿਨ ਉਸ ਦੀ ਬੇਬੇ, ਕੈਨੇਡਾ ਤੋਂ ਪਹਿਲੀ ਬਾਰ ਆਈ ਆਪਣੀ ਨੂੰਹ ਨੂੰ ਪਿੰਡ ਦਾ ਚੱਕਰ ਕਢਵਾਉਣ ਗਈ ਹੋਈ ਸੀ ਤਾਂ ਘਰ ਦਾ ਕੰਮ ਕਰਨ ਲਈ ਜਿਹੜੀ ਪਿੰਡ ਦੇ ਝਿਊਰਾਂ ਦੀ ਕੁੜੀ ਨਿੰਮੋ ਰੱਖੀ ਹੋਈ ਸੀ, ਉਹ ਆ ਗਈ। ਘਰ ਵਿੱਚ ਕਿਸੇ ਨੂੰ ਨਾ ਦੇਖ ਕੇ ਨਿੰਮੋ ਨੇ ਦੇਬੇ ਨੂੰ ਟਿੱਚਰ ਕਰਦੇ ਪੁੱਛਿਆ, ‘‘ਤੇਰੀ ਮੇਮ ਕਿੱਥੇ ਗਈ? ਜਿੱਦਣ ਦੀ ਆਈ ਹੈ ਸਾਡੀ ਚਾਚੀ ਨੂੰ ਵੀ ਟਿਕ ਕੇ ਬੈਠਣ ਨ੍ਹੀਂ ਦਿੰਦੀ।’’

‘‘ਨਾ ਤੂੰ ਡੋਕੇ ਲੈਣੇ ਨੇ ਕੈਨੇਡਾ ਵਾਲੀ ਤੋਂ। ਆਪਣਾ ਕੰਮ ਕਰ।” ਦੇਬੇ ਨੇ ਵੀ ਨਿੰਮੋ ਦੀ ਰਮਜ਼ ਪਹਿਚਾਣਦੇ ਹੋਏ ਕਿਹਾ।

‘‘ਮੈਨੂੰ ਤਾਂ ਡੋਕੇ ਤਾਂ ਹੀ ਮਿਲਣਗੇ ਜੇ ਤੂੰ ਮੇਰੇ ਲਈ ਛੱਡੇਂਗਾ।” ਕੰਮੋਂ ਚਾਂਭਲਦੀ ਹੋਈ ਬੋਲੀ।

ਨਿੰਮੋ ਦੀਆਂ ਗੱਲਾਂ ਸੁਣ ਕੇ ਦੇਬਾ ਸਮਝ ਗਿਆ ਕਿ ਉਹ ਕਿੱਥੋਂ ਬੋਲ ਰਹੀ ਹੈ। ਉਸ ਦੇ ਨੇੜੇ ਜਾ ਕੇ ਬੋਲਿਆਂ, ‘‘ਕੀ ਗੱਲ, ਅੱਜ ਗੋਭੀ ਦੇ ਫੁੱਲ ਵਾਂਗ ਖਿੜੀ ਹੋਈ ਹੈਂ?’’

ਨਿੰਮੋ ਨੇ ਨਹਿਲੇ ’ਤੇ ਦਹਿਲਾ ਮਾਰਦੇ ਕਿਹਾ, ‘‘ਕਦੇ ਇਸ ਗੋਭੀ ਦੇ ਫੁੱਲ ਨੂੰ ਵੀ ਕਨੇਡੇ ਦੀ ਹਵਾ ਲਵਾ ਦੇ, ਕਨੇਡੇ ਦੇ ਰੁਪਏ ਦਿਖਾ ਦੇ।’’

‘‘ਕੈਨੇਡਾ ਜਾਣ ਲਈ ਪਾਸਪੋਰਟ ਚਾਹੀਦਾ, ਹੈ ਤੇਰੇ ਕੋਲ?”

‘‘ਆਹ ਕੀ ਹੁੰਦਾ ਤੇਰਾ ਪਾਸ-ਪਾਸ? ਪਾਸ ਫੇਲ੍ਹ ਤਾਂ ਸਕੂਲਾਂ ’ਚ ਹੁੰਦੇ ਨੇ।’’ ਨਿੰਮੋ ਨੇ ਹੈਰਾਨੀ ਨਾਲ ਕਿਹਾ।

“ਤੂੰ ਆਪਣਾ ਕੰਮ ਕਰ। ਜਦੋਂ ਟਾਈਮ ਮਿਲਿਆ, ਕੈਨੇਡਾ ਦੇ ਪੈਸੇ ਵੀ ਦਿਖਾ ਦੂੰ ਤੇ ਲੈ ਵੀ ਜਾਊਂ। ਚੱਲੇਂਗੀ ਮੇਰੇ ਨਾਲ?” ਦੇਬੇ ਨੇ ਕੰਮੋਂ ਦੀ ਬਾਂਹ ਫੜਦਿਆਂ ਕਿਹਾ।

ਐਨੇ ਨੂੰ ਬਾਹਰਲਾ ਬੂਹਾ ਖੜਕਿਆ। ਦੇਬੇ ਨੇ ਇਕਦਮ ਕੰਮੋਂ ਦੀ ਬਾਂਹ ਛੱਡ ਦਿੱਤੀ। ਅਮਰਜੀਤ ਵਿਹੜੇ ਵਿੱਚ ਆ ਗਈ। ਉਦੋਂ ਤੱਕ ਭਾਵੇਂ ਦੇਬੇ ਨੇ ਕੰਮੋਂ ਦੀ ਬਾਂਹ ਛੱਡ ਦਿੱਤੀ ਸੀ, ਪਰ ਦੋਹਾਂ ਨੂੰ ਇੱਕ ਦੂਜੇ ਦੇ ਐਨਾ ਨੇੜੇ ਦੇਖ ਉਸ ਨੂੰ ਸ਼ੱਕ ਜ਼ਰੂਰ ਪਿਆ, ਪਰ ਬੋਲੀ ਕੁਝ ਨਾ।

ਅਗਲੇ ਦਿਨ ਨਿੰਮੋ ਦੇ ਆਉਣ ਤੋਂ ਅੱਧਾ ਕੁ ਘੰਟਾ ਪਹਿਲਾਂ ਹੀ ਅਮਰਜੀਤ ਸਿਰ ਦੁਖਣ ਦਾ ਬਹਾਨਾ ਲਾ, ਸਿਰ ਦਰਦ ਦੀ ਗੋਲੀ ਖਾਣ ਦਾ ਦਿਖਾਵਾ ਕਰਕੇ ਕਮਰੇ ਵਿੱਚ ਪੈ ਗਈ। ਕੰਮੋਂ ਆਈ ਅਤੇ ਵਿਹੜੇ ਦੀ ਸਫ਼ਾਈ ਕਰਨ ਲੱਗੀ। ਦੇਬੇ ਨੇ ਆਪਣੀ ਬੇਬੇ ਨੂੰ ਕਿਸੇ ਕੰਮ ਬਾਹਰ ਭੇਜ ਦਿੱਤਾ। ਉਸ ਨੇ ਸੋਚਿਆ ਕਿ ਅਮਰਜੀਤ ਤਾਂ ਸੁੱਤੀ ਪਈ ਹੈ, ਕਮਰੇ ਵਿੱਚ ਕਿੱਲੀ ’ਤੇ ਟੰਗੀ ਆਪਣੀ ਪੈਂਟ ਵਿੱਚ ਪਏ ਬਟੁਏ ਵਿੱਚੋਂ ਸੌ ਡਾਲਰ ਕੱਢੇ ਅਤੇ ਵਿਹੜੇ ਵਿੱਚ ਚਲਾ ਗਿਆ। ਜਾਣ ਤੋਂ ਪਹਿਲਾਂ ਉਸ ਨੇ ਸੁੱਤੀ ਪਈ ਅਮਰਜੀਤ ਵੱਲ ਧਿਆਨ ਨਾਲ ਦੇਖਿਆ। ਜਦੋਂ ਉਸ ਨੂੰ ਯਕੀਨ ਹੋ ਗਿਆ ਕਿ ਉਹ ਸੁੱਤੀ ਪਈ ਹੈ ਤਾਂ ਪੋਲੇ ਪੈਰ ਕਮਰੇ ਵਿੱਚੋਂ ਬਾਹਰ ਹੋ ਗਿਆ। ਉਸ ਨੇ ਨਿੰਮੋ ਨੂੰ ਉੱਪਰ ਚੁਬਾਰੇ ’ਚ ਜਾਣ ਦਾ ਇਸ਼ਾਰਾ ਕੀਤਾ। ਨਿੰਮੋ ਦੇ ਜਾਣ ਤੋਂ ਬਾਅਦ ਦੇਬੇ ਨੇ ਦਰਵਾਜ਼ੇ ਵਿੱਚੋਂ ਦੇਖ ਕੇ ਇੱਕ ਬਾਰ ਫੇਰ ਪੱਕਾ ਕਰ ਲਿਆ ਕਿ ਅਮਰਜੀਤ ਮੰਜੇ ’ਤੇ ਹੀ ਪਈ ਹੈ।

ਦੇਬਾ ਵੀ ਬਿਨਾਂ ਆਵਾਜ਼ ਕੀਤਿਆਂ ਚੁਬਾਰੇ ਵਿੱਚ ਚਲਾ ਗਿਆ।

‘‘ਇਹ ਪੰਜ ਹਜ਼ਾਰ ਤੋਂ ਜ਼ਿਆਦਾ ਦਾ ਨੋਟ ਹੈ।” ਦੇਬੇ ਨੇ ਸੌ ਡਾਲਰ ਦਾ ਨੋਟ ਕੰਮੋ ਨੂੰ ਦਿਖਾਉਂਦੇ ਕਿਹਾ।

ਸੌ ਡਾਲਰ ਵੱਲ ਬਿਟ-ਬਿਟ ਝਾਕਦੀ ਨਿੰਮੋ ਬੋਲੀ, ‘‘ਚੱਲ ਝੂਠਾ ਨਾ ਹੋਵੇ, ਪੰਜ ਹਜ਼ਾਰ ਦਾ ਨੋਟ ਤਾਂ ਹੁੰਦਾ ਹੀ ਨਹੀਂ। ਮੈਨੂੰ ਕਮਲੀ ਸਮਝਿਆ?’’

ਦੇਬੇ ਨੇ ਉਸ ਦਾ ਹੱਥ ਫੜਦੇ ਕਿਹਾ, ‘‘ਕਮਲੀ ਤਾਂ ਤੂੰ ਹੈ ਹੀਂ। ਪਰ ਡਰ ਨਾ, ਕੈਨੇਡਾ ਜਾ ਕੇ ਤੂੰ ਸਿਆਣੀ ਬਣਜੇਂਗੀ।’’ ਦੇਬੇ ਨੇ ਨਿੰਮੋ ਦੇ ਲੱਕ ਦੁਆਲੇ ਬਾਂਹ ਪਾਉਂਦੇ ਕਿਹਾ।

ਮਚਲੀ ਹੋਈ ਨਿੰਮੋ ਨੇ ਸੌ ਡਾਲਰ ਆਪਣੀ ਕਮੀਜ਼ ਦੇ ਅੰਦਰ ਟੁੰਗ ਲਏ ਅਤੇ ਮੌਕੇ ਦਾ ਲਾਹਾ ਲੈਣ ਵਾਲੇ ਦੇਬੇ ਨੇ ਆਪਣੇ ਹੱਥ ਅੱਗੇ ਵਧਾ ਲਏ।

ਅਮਰਜੀਤ ਨੇ ਦੇਬੇ ਦੀ ਪੌੜੀਆਂ ਚੜ੍ਹਨ ਦੀ ਆਵਾਜ਼ ਸੁਣ ਲਈ ਸੀ। ਉਹ ਚਾਹੁੰਦੀ ਤਾਂ ਚੁਬਾਰੇ ਵਿੱਚ ਜਾ ਕੇ ਦੋਹਾਂ ਨੂੰ ਮੌਕੇ ’ਤੇ ਫੜ ਵੀ ਸਕਦੀ ਸੀ, ਪਰ ਉਸ ਦੇ ਦਿਮਾਗ਼ ਵਿੱਚ ਤਾਂ ਕੱਲ੍ਹ ਦੀ ਹੀ ਉਥਲ-ਪੁਥਲ ਮੱਚ ਰਹੀ ਸੀ। ਉਹ ਜੁਗਤ ਨਾਲ ਉਸ ਤੋਂ ਖਹਿੜਾ ਛੁਡਾਉਣਾ ਚਾਹੁੰਦੀ ਸੀ। ਉਹ ਉੱਠ ਕੇ ਵਿਹੜੇ ਵਿੱਚ ਗਈ।

ਮੁੜ ਅੰਦਰ ਆ ਕੇ ਮੰਜੇ ’ਤੇ ਬੈਠ ਗਈ ਅਤੇ ਦੇਬੇ ਨੂੰ ਆਵਾਜ਼ ਮਾਰੀ, “ਕਿੱਥੇ ਹੋ, ਚਾਹ ਦਾ ਕੱਪ ਹੀ ਬਣਾ ਲਓ।”

ਅਮਰਜੀਤ ਦੀ ਆਵਾਜ਼ ਸੁਣ ਕੇ ਦੇਬਾ ਅਤੇ ਕੰਮੋ ਘਬਰਾ ਗਏ। ਉਸ ਨੇ ਆਪਣੇ ਕੱਪੜੇ ਠੀਕ ਕੀਤੇ ਅਤੇ ਛੇਤੀ-ਛੇਤੀ ਪੌੜੀਆਂ ਉਤਰ ਆਇਆ। “ਕੀ ਹਾਲ ਹੈ ਤੇਰਾ ਹੁਣ? ਮੈਂ ਤਾਂ ਤੈਨੂੰ ਸੁੱਤੀ ਨੂੰ ਜਗਾਇਆ ਨਹੀਂ, ਸੋਚਿਆ ਦਵਾਈ ਲੈ ਕੇ ਪਈ ਹੈਂ। ਮੈਂ ਉੱਪਰ ਚੁਬਾਰੇ ਵਿੱਚ ਚਲਿਆ ਗਿਆ।” ਉਸ ਦੀ ਆਵਾਜ਼ ਵਿੱਚੋਂ ਘਬਰਾਹਟ ਸਾਫ਼ ਝਲਕ ਰਹੀ ਸੀ।

“ਹੁਣ ਕੁਝ ਠੀਕ ਹੈ। ਬੇਬੇ ਕਿੱਥੇ ਹੈ? ਤੁਸੀਂ ਹੀ ਚਾਹ ਬਣਾ ਲਓ?” ਅਮਰਜੀਤ ਨੇ ਕੁਝ ਇਸ ਲਹਿਜੇ ਵਿੱਚ ਕਿਹਾ ਜਿਵੇਂ ਉਸ ਨੂੰ ਆਸੇ-ਪਾਸੇ ਦਾ ਕੁਝ ਪਤਾ ਹੀ ਨਾ ਹੋਵੇ।

ਉਸ ਦੀ ਗੱਲ ਸੁਣ ਕੇ ਦੇਬੇ ਨੇ ਸ਼ੁਕਰ ਮਨਾਇਆ ਕਿ ਅਮਰਜੀਤ ਨੂੰ ਕੋਈ ਸ਼ੱਕ ਨਹੀਂ ਪਿਆ। ਉਹ ਚਾਹ ਦੇ ਦੋ ਕੱਪ ਬਣਾ ਲਿਆਇਆ ਅਤੇ ਦੋਵੇਂ ਚਾਹ ਪੀਣ ਲੱਗ ਪਏ। ਰਾਤ ਨੂੰ ਦੇਰ ਤੱਕ ਅਮਰਜੀਤ ਆਪਣੇ ਲੈਪਟਾਪ ’ਤੇ ਲੱਗੀ ਰਹੀ। ਦੇਬਾ ਦੋ-ਚਾਰ ਪੈੱਗ ਲਾ ਕੇ ਜਲਦੀ ਹੀ ਸੌਂ ਗਿਆ। ਅਮਰਜੀਤ ਨੇ ਮੌਕਾ ਦੇਖ ਕੇ ਬੇਬੇ ਨੂੰ ਕਿਹਾ, “ਬੇਬੇ! ਆਪਾਂ ਦੋ ਕੁ ਦਿਨ ਦਿੱਲੀ ਜਾ ਕੇ ਗੁਰਦੁਆਰਿਆਂ ਦੇ ਦਰਸ਼ਨ ਨਾ ਕਰ ਆਈਏ? ਨਾਲ ਮੈਂ ਕੁਝ ਚੀਜ਼ਾਂ ਖਰੀਦ ਲਵਾਂਗੀ।”

“ਤੁਸੀਂ ਜਾ ਆਉ ਧੀਏ। ਜਦੋਂ ਤੁਸੀਂ ਅਗਲੀ ਬਾਰ ਮੇਰੇ ਪੋਤੇ ਨਾਲ ਆਏ, ਮੈਂ ਫੇਰ ਚੱਲੂੰ ਤੁਹਾਡੇ ਨਾਲ।” ਬੇਬੇ ਨੇ ਹੱਸਦੀ ਨੇ ਕਿਹਾ। ਬੇਬੇ ਨੂੰ ਇਹ ਤਸੱਲੀ ਹੋਈ ਕਿ ਬਾਹਰਲੀ ਪੜ੍ਹੀ ਲਿਖੀ ਨੂੰਹ ਉਸ ਤੋਂ ਪੁੱਛ ਕੇ ਬਾਹਰ ਅੰਦਰ ਜਾਂਦੀ ਹੈ, ਮਨਮਰਜ਼ੀ ਨਹੀਂ ਕਰਦੀ।

ਅਮਰਜੀਤ ਨੇ ਵੀ ਫੋਕੀ ਜਿਹੀ ਹਾਸੀ ਹੱਸ ਕੇ ਬੇਬੇ ਦਾ ਦਿਲ ਖੁਸ਼ ਕਰ ਦਿੱਤਾ। ਅਗਲੀ ਸਵੇਰ ਬੇਬੇ ਨੇ ਦੇਬੇ ਨੂੰ ਆਪ ਹੀ ਕਹਿ ਦਿੱਤਾ ਕਿ ਨੂੰਹ ਨੂੰ ਦਿੱਲੀ ਘੁੰਮਾ ਲਿਆਵੇ, ਨਾਲੇ ਇਹ ਉੱਥੋਂ ਆਪਣੇ ਲਈ ਕੁਝ ਖਰੀਦ ਵੀ ਲਵੇਗੀ। ਦੇਬੇ ਨੇ ਫੋਨ ਕਰ ਕੇ ਟੈਕਸੀ ਮੰਗਵਾ ਲਈ। ਰਸਤੇ ਵਿੱਚ ਅਮਰਜੀਤ, ਦੇਬੇ ਨਾਲ ਗੱਲਾਂ ਬਾਤਾਂ ਕਰਦੀ ਗਈ, ਜਿਵੇਂ ਉਸ ਨੇ ਕੁਝ ਦੇਖਿਆ ਹੀ ਨਾ ਹੋਵੇ। ਦੇਬਾ ਦਿਲ ਹੀ ਦਿਲ ਵਿੱਚ ਸ਼ੁਕਰ ਮਨਾ ਰਿਹਾ ਸੀ ਕਿ ਅਮਰਜੀਤ ਨੂੰ ਪਤਾ ਨਹੀਂ ਲੱਗਿਆ। ਉਹ ਇਹ ਵੀ ਸੋਚ ਰਿਹਾ ਸੀ ਕਿ ਅੱਗੇ ਤੋਂ ਨਿੰਮੋ ਤੋਂ ਦੂਰ ਹੀ ਰਹੇਗਾ।

ਦੋ-ਤਿੰਨ ਵਜੇ ਤੱਕ ਉਹ ਗੁਰਦੁਆਰਾ ਰਕਾਬਗੰਜ ਸਾਹਿਬ ਪਹੁੰਚ ਗਏ। ਅਮਰਜੀਤ ਨੇ ਜਾਣ-ਬੁੱਝ ਕੇ ਆਪਣਾ ਅਟੈਚੀ ਟੈਕਸੀ ਵਿੱਚੋਂ ਨਾ ਚੁੱਕਿਆ। ਉਨ੍ਹਾਂ ਨੇ ਕਮਰਾ ਬੁੱਕ ਕਰਵਾਇਆ ਅਤੇ ਕਮਰੇ ਵਿੱਚ ਚਲੇ ਗਏ। ਅਮਰਜੀਤ ਨੇ ਕਮਰੇ ਦੇ ਅੰਦਰ ਵੜਦੇ ਹੀ ਕਿਹਾ, “ਲੈ ਮੈਂ ਆਪਣਾ ਅਟੈਚੀ ਤਾਂ ਗੱਡੀ ’ਚ ਹੀ ਭੁੱਲ ਆਈ।” ਇਹ ਕਹਿੰਦੀ ਹੋਏ ਉਹ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਜਾਣ ਲਈ ਮੁੜੀ।

“ਤੂੰ ਬੈਠ, ਮੈਂ ਲੈ ਆਉਂਦਾ ਹਾਂ। ਕਿੱਥੇ ਐਨੀ ਦੂਰ ਜਾਵੇਂਗੀ।” ਦੇਬੇ ਨੇ ਉਸ ਨੂੰ ਰੋਕਦੇ ਹੋਏ ਕਿਹਾ।

“ਮੇਰੀਆਂ ਤਾਂ ਲੱਤਾਂ ਦੁਖਣ ਲੱਗ ਗਈਆਂ, ਬੈਠੇ-ਬੈਠੇ। ਤੁਰ ਕੇ ਲੱਤਾਂ ਸਿੱਧੀਆਂ ਕਰਾਂ।” ਇਹ ਕਹਿ ਕੇ ਉਹ ਕਮਰੇ ਵਿੱਚੋਂ ਬਾਹਰ ਚਲੀ ਗਈ। ਦੇਬਾ ਵੀ ਆਰਾਮ ਕਰਨ ਲਈ ਮੰਜੇ ’ਤੇ ਪੈ ਗਿਆ।

ਅਮਰਜੀਤ ਨੇ ਗੱਡੀ ਵਿੱਚੋਂ ਅਟੈਚੀ ਲਾਹਿਆ। ਡਰਾਈਵਰ ਨੇ ਇੱਕ ਦੋ ਬਾਰ ਕਿਹਾ ਵੀ ਕਿ ਉਹ ਅਟੈਚੀ ਕਮਰੇ ਵਿੱਚ ਛੱਡ ਆਉਂਦਾ ਹੈ, ਪਰ ਅਮਰਜੀਤ ਨਾ ਮੰਨੀ। ਉਹ ਅਟੈਚੀ ਲੈ ਕੇ ਸੜਕ ’ਤੇ ਪਹੁੰਚ ਗਈ ਅਤੇ ਖਾਲੀ ਜਾਂਦੀ ਟੈਕਸੀ ਨੂੰ ਹੱਥ ਦਿੱਤਾ। ਟੈਕਸੀ ਵਿੱਚ ਬੈਠਣ ਤੋਂ ਪਹਿਲਾਂ ਉਸ ਨੇ ਦੇਬੇ ਨੂੰ ਫੋਨ ਕੀਤਾ ਕਿ ਪਾਰਕਿੰਗ ਵਿੱਚ ਹੀ ਉਸ ਨੂੰ ਟੋਰਾਂਟੋ ਵਾਲੀ ਕਮਲਜੀਤ ਮਿਲ ਗਈ ਹੈ, ਉਹ ਪਾਲਿਕਾ ਬਾਜ਼ਾਰ ਜਾ ਰਹੀ ਹੈ। ਮੈਂ ਵੀ ਉਨ੍ਹਾਂ ਦੇ ਨਾਲ ਜਾ ਕੇ ਕੁਝ ਸਾਮਾਨ ਲੈ ਲਵਾਂ। ਸਾਨੂੰ ਘੰਟਾ ਦੋ ਘੰਟੇ ਲੱਗ ਜਾਣਗੇ। ਇੰਨਾ ਕਹਿ ਕੇ ਉਸ ਨੇ ਦੇਬੇ ਦੀ ਗੱਲ ਸੁਣੇ ਬਿਨਾਂ ਹੀ ਫੋਨ ਕੱਟ ਦਿੱਤਾ ਅਤੇ ਟੈਕਸੀ ਵਿੱਚ ਬੈਠ ਕੇ ਉਸ ਨੂੰ ਇੰਟਰਨੈਸ਼ਨਲ ਏਅਰਪੋਰਟ ’ਤੇ ਜਾਣ ਨੂੰ ਕਿਹਾ।

ਜਦੋਂ ਦੋ ਘੰਟੇ ਬਾਅਦ ਵੀ ਅਮਰਜੀਤ ਨਾ ਮੁੜੀ ਤਾਂ ਦੇਬੇ ਨੇ ਉਸ ਨੂੰ ਫੋਨ ਕੀਤਾ। ਉਸ ਸਮੇਂ ਤੱਕ ਅਮਰਜੀਤ ਏਅਰਪੋਰਟ ਅੰਦਰ ਦਾਖਲ ਹੋ ਚੁੱਕੀ ਸੀ। ਦੇਬੇ ਦਾ ਫੋਨ ਸੁਣਦੇ ਹੀ ਉਸ ਨੇ ਰੁੱਖੀ ਜਿਹੀ ਆਵਾਜ਼ ਵਿੱਚ ਕਿਹਾ, ‘‘ਹਾਂ, ਕੀ ਗੱਲ?” ਅਮਰਜੀਤ ਦਾ ਇਸ ਤਰ੍ਹਾਂ ਦਾ ਜੁਆਬ ਸੁਣ ਉਹ ਘਬਰਾ ਗਿਆ। ਅਮਰਜੀਤ ਨੇ ਉਸ ਨੂੰ ਸਾਫ਼ ਸ਼ਬਦਾਂ ਵਿਚ ਦੱਸ ਦਿੱਤਾ ਕਿ ਉਹ ਵਾਪਸ ਜਾ ਰਹੀ ਹੈ। ਤਾਂ ਦੇਬੇ ਦੇ ਪੈਰਾਂ ਵਿੱਚੋਂ ਜ਼ਮੀਨ ਨਿਕਲ ਗਈ। ਉਹ ਸੋਚਾਂ ਵਿੱਚ ਪੈ ਗਿਆ। ਪਾਸਪੋਰਟ ਤੋਂ ਬਿਨਾਂ ਉਹ ਵਾਪਸ ਨਹੀਂ ਸੀ ਜਾ ਸਕਦਾ। ਅਮਰਜੀਤ ਦੇ ਇਕੱਲੇ ਜਾਣ ਕਰਕੇ ਪਿੰਡ ਵਿੱਚ ਵੀ ਬਦਨਾਮੀ ਹੋਣੀ ਸੀ। ਪੈਸਿਆਂ ਦੀ ਉਸ ਨੂੰ ਬਹੁਤੀ ਚਿੰਤਾ ਨਹੀਂ ਸੀ। ਉਸ ਦੇ ਆਪਣੇ ਕ੍ਰੈਡਿਟ ਕਾਰਡ ਵਿੱਚ ਵੀ ਕਾਫ਼ੀ ਰਕਮ ਸੀ ਅਤੇ ਉਸ ਨੂੰ ਪਤਾ ਸੀ ਕਿ ਉਸ ਨੇ ਅਮਰਜੀਤ ਤੋਂ ਚੋਰੀ ਹੀ ਆਪਣੀ ਮਾਂ ਨੂੰ ਵੀ ਪੰਜਾਹ ਕੁ ਲੱਖ ਦੀ ਵੱਡੀ ਰਕਮ ਭੇਜੀ ਹੋਈ ਸੀ। ਉਸ ਸੋਚ ਰਿਹਾ ਸੀ ਕਿ ਉਸ ਦਾ ਪਾਸਪੋਰਟ ਤਾਂ ਡੁਪਲੀਕੇਟ ਵੀ ਬਣ ਜਾਵੇਗਾ।

ਜਦੋਂ ਉਸ ਦੀ ਘਬਰਾਹਟ ਕੁਝ ਦੂਰ ਹੋਈ ਤਾਂ ਦੇਬੇ ਨੇ ਕੈਨੇਡਾ ਰਹਿੰਦੇ ਆਪਣੇ ਦੋਸਤ ਸੁਖਬੀਰ ਸੁੱਖੀ ਨੂੰ ਫੋਨ ’ਤੇ ਸਾਰੀ ਗੱਲ ਦੱਸੀ। ਸੁੱਖੀ ਅਸਲ ਵਿੱਚ ਇਮੀਗ੍ਰੇਸ਼ਨ ਦਾ ਕੰਮ ਹੀ ਕਰਦਾ ਸੀ। ਉਸ ਨੇ ਹੀ ਜੁਗਾੜ ਲੜਾ ਕੇ ਉਸ ਦੇ ਸਾਰੇ ਕੰਮ ਕੀਤੇ ਸੀ ਅਤੇ ਹੁਣ ਵੀ ਉਸ ਦੇ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਲਈ ਸਾਰੇ ਪੇਪਰ ਤਿਆਰ ਕੀਤੇ ਸਨ। ਦੇਬਾ ਅਤੇ ਸੁੱਖੀ ਇੱਕੋ ਥੈਲੀ ਦੇ ਚੱਟੇ ਵੱਟੇ ਸਨ, ਇਸ ਲਈ ਦੋਹਾਂ ਦੀ ਨੇੜਤਾ ਬਣੀ। ਪਹਿਲਾਂ ਤਾਂ ਸੁੱਖੀ ਨੇ ਵੀ ਫੋਨ ’ਤੇ ਹੀ ਦੇਬੇ ਦੀ ਚੰਗੀ ਝਾੜ ਝੰਬ ਕੀਤੀ ਅਤੇ ਕਹਿ ਦਿੱਤਾ ਕਿ ਹੁਣ ਉਸ ਦਾ ਕੁਝ ਨਹੀਂ ਬਣ ਸਕਦਾ, ਪਰ ਆਪਣੇ ਜੋੜੀਦਾਰ ਲਈ ਉਸ ਨੂੰ ਕੁਝ ਤਾਂ ਕਰਨਾ ਹੀ ਪੈਣਾ ਸੀ। ਉਸ ਨੇ ਦੇਬੇ ਦੀ ਪੀਆਰ ਵਾਲੀ ਫਾਈਲ ਕੱਢੀ। ਉਸ ਵਿੱਚ ਪਾਸਪੋਰਟ ਦੀਆਂ ਫੋਟੋ ਕਾਪੀਆਂ ਮਿਲ ਗਈਆਂ। ਸੁੱਖੀ ਨੇ ਆਪਣੇ ਚੰਡੀਗੜ੍ਹ ਰਹਿੰਦੇ ਕਿਸੇ ਬੇਲੀ ਨੂੰ ਦੇਬੇ ਦਾ ਡੁਪਲੀਕੇਟ ਪਾਸਪੋਰਟ ਬਣਵਾਉਣ ਦੀ ਜ਼ਿੰਮੇਵਾਰੀ ਸੌਂਪੀ। ਅਸਲ ਵਿੱਚ ਸੁਖਬੀਰ ਦਾ ਚੰਡੀਗੜ੍ਹ ਵਾਲਾ ਦੋਸਤ ਵੀ ਦੋ ਨੰਬਰ ਵਿੱਚ ਬੰਦੇ ਬਾਹਰ ਭੇਜਣ ਦਾ ਧੰਦਾ ਕਰਦਾ ਸੀ। ਸੁੱਖੀ ਨੇ ਉਸ ਨੂੰ ਕਹਿ ਦਿੱਤਾ ਕਿ ਜਲਦੀ ਤੋਂ ਜਲਦੀ ਪਾਸਪੋਰਟ ਬਣਵਾ ਦੇਵੇ, ਖਰਚੇ ਦੀ ਕੋਈ ਪਰਵਾਹ ਨਹੀਂ।

ਪਾਸਪੋਰਟ ਵਾਲਾ ਕੰਮ ਹੁੰਦੇ ਦੋ ਕੁ ਮਹੀਨੇ ਲੱਗ ਗਏ। ਦੇਬੇ ਦਾ ਮੈਡੀਕਲ ਅਤੇ ਪਾਸਪੋਰਟ ਤੇ ਵੀਜ਼ੇ ਦੀ ਮੋਹਰ ਲੱਗਦੇ ਦੋ ਕੁ ਮਹੀਨੇ ਹੋਰ ਲੱਗ ਗਏ।

ਦੇਬੇ ਨੇ ਇਸ ਸਮੇਂ ਦੌਰਾਨ ਅਮਰਜੀਤ ਨਾਲ ਕਈ ਬਾਰ ਫੋਨ ’ਤੇ ਗੱਲ ਕਰਨੀ ਚਾਹੀ, ਪਰ ਉਸ ਨੇ ਆਪਣਾ ਨੰਬਰ ਬਦਲ ਕੇ ਨਵਾਂ ਨੰਬਰ ਲੈ ਲਿਆ ਸੀ ਅਤੇ ਘਰ ਜਾਂ ਕੰਮ ਦੇ ਲੈਂਡਲਾਈਨ ’ਤੇ ਉਹ ਇੰਡੀਆ ਦਾ ਨੰਬਰ ਦੇਖ ਕੇ ਚੁੱਕਦੀ ਹੀ ਨਹੀਂ ਸੀ।

ਸ਼ਾਮ ਨੂੰ ਸੱਤ ਕੁ ਵਜੇ ਕਾਰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ ਜਾ ਪਹੁੰਚੀ। ਜੰਟੇ ਨੇ ਸਾਮਾਨ ਰੱਖਣ ਵਾਲੀ ਟਰਾਲੀ ਲਿਆ ਕੇ ਉਸ ’ਤੇ ਸਾਰਾ ਸਾਮਾਨ ਟਿਕਾ ਦਿੱਤਾ। ਦੇਬੇ ਨੇ ਪਰਸ ’ਚੋਂ ਪੰਜ ਹਜ਼ਾਰ ਰੁਪਏ ਕੱਢ ਕੇ ਜੰਟੇ ਵੱਲ ਵਧਾਏ।

‘‘ਹੈ ਕਮਲਾ, ਘਰਦਿਆਂ ਤੋਂ ਪੈਸੇ ਲੈਂਦੇ ਚੰਗੇ ਲੱਗਦੇ ਐ।” ਜੰਟੇ ਨੇ ਉਸ ਦਾ ਹੱਥ ਪਿੱਛੇ ਕਰਦੇ ਕਿਹਾ।

‘‘ਇਹ ਤਾਂ ਤੇਰਾ ਧੰਦਾ ਐ ਜੰਟਿਆ। ਗੱਡੀ ਪਾਣੀ ਨਾਲ ਤਾਂ ਨਹੀਂ ਚੱਲਦੀ। ਗੱਡੀ ਦੀ ਟੁੱਟ ਭੱਜ ਵੀ ਹੁੰਦੀ ਰਹਿੰਦੀ ਹੈ।’’

‘‘ਤਾਂ ਐਂ ਕਰ, ਤੇਲ ਦੇ ਪੰਦਰਾਂ ਸੌ ਦੇ ਦੇ। ਹੋਰ ਕੁਝ ਨਹੀਂ ਲੈਣਾ।’’ ਜੰਟੇ ਨੇ ਦਿਲੋਂ ਕਿਹਾ।

ਦੇਬੇ ਨੇ ਧੱਕੇ ਨਾਲ ਸਾਰੇ ਰੁਪਏ ਜੰਟੇ ਦੀ ਕਮੀਜ਼ ਵਿੱਚ ਪਾਉਂਦੇ ਕਿਹਾ, ‘‘ਆਪਣਾ ਪਾਸਪੋਰਟ ਬਣਵਾ ਲੈ, ਤੇਰਾ ਵੀ ਕੋਈ ਇੰਤਜ਼ਾਮ ਕਰਦੇ ਹਾਂ।’’

‘‘ਚਲੋ ਦੇਖੋ।’’ ਇੰਨਾ ਕਹਿੰਦੇ ਜੰਟੇ ਨੇ ਦੇਬੇ ਨੂੰ ਘੁੱਟ ਕੇ ਜੱਫੀ ਪਾਈ।

ਏਅਰਪੋਰਟ ਦੇ ਅੰਦਰ ਜਾ ਕੇ ਸਾਮਾਨ ਚੈੱਕ ਕਰਵਾਉਂਦਿਆਂ, ਇਮੀਗ੍ਰੇਸ਼ਨ ਹੁੰਦਿਆਂ ਕਾਫ਼ੀ ਟਾਈਮ ਲੱਗ ਗਿਆ। ਘੰਟੇ ਕੁ ਬਾਅਦ ਜਹਾਜ਼ ਨੇ ਉਡਾਣ ਭਰ ਲਈ।

ਦੇਬੇ ਦੇ ਦਿਮਾਗ਼ ਵਿੱਚ ਪੁਰਾਣੇ ਦਿਨਾਂ ਦੀ ਰੀਲ੍ਹ ਘੁੰਮਣ ਲੱਗੀ। ਅੱਜ ਤੋਂ ਤਕਰੀਬਨ ਪੰਜ ਕੁ ਸਾਲ ਪਹਿਲਾਂ ਉਹ ਐੱਮਬੀਏ ਕਰਨ ਕੈਨੇਡਾ ਗਿਆ ਸੀ। ਘਰ ਦੀ ਮਾਇਕ ਹਾਲਾਤ ਬਹੁਤੀ ਮਾੜੀ ਨਹੀਂ ਸੀ। ਪਿਉ ਨੇ ਕਿਵੇਂ ਨਾ ਕਿਵੇਂ ਜੁਗਾੜ ਕਰ ਕੇ ਪੈਸੇ ਦਾ ਇੰਤਜ਼ਾਮ ਕਰ ਦਿੱਤਾ। ਉਸ ਦੀ ਪੜ੍ਹਾਈ ਠੀਕ ਚੱਲ ਰਹੀ ਸੀ, ਪਰ ਸਾਲ ਕੁ ਬਾਅਦ ਹੀ ਪਿਉ ਦੀ ਮੌਤ ਹੋ ਗਈ। ਮਾਂ ਤੋਂ ਪੜ੍ਹਾਈ ਦਾ ਖਰਚਾ ਝੱਲ ਨਾ ਹੋਇਆ। ਪੜ੍ਹਾਈ ਦੇ ਦੋ ਸਾਲ ਦੇਬੇ ਨੇ ਆਪਣੀ ਹਿੰਮਤ ਨਾਲ ਹੀ ਪੂਰੇ ਕੀਤੇ। ਪੰਜਾਬੀਆਂ ਦੇ ਕਿਸੇ ਹੋਟਲ ’ਤੇ ਹਿਸਾਬ-ਕਿਤਾਬ ਕਰਨ ਲੱਗ ਗਿਆ। ਐੱਮਬੀਏ ਉਸ ਨੇ ਫਾਇਨਾਂਸ ਦੀ ਹੀ ਕੀਤੀ ਸੀ। ਦੋ-ਚਾਰ ਮਹੀਨਿਆਂ ਵਿੱਚ ਜਦੋਂ ਉਸ ਨੇ ਹੋਟਲ ਦੇ ਕੰਮ ਨੂੰ ਨੇੜੇ ਤੋਂ ਦੇਖਿਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਹੋਟਲ ਮਾਲਕ ਨੂੰ ਪੈਸੇ ਤੋਂ ਪੈਸਾ ਕਮਾਉਣ ਦਾ ਢੰਗ ਨਹੀਂ ਆਉਂਦਾ। ਇੱਕ ਦਿਨ ਉਸ ਨੇ ਆਪਣੇ ਹੋਟਲ ਮਾਲਕ ਅਤੇ ਉਸ ਦੀ ਪਤਨੀ ਨੂੰ ਸਮਝਾਇਆ ਕਿ ਉਹ ਕਿਵੇਂ ਹੋਰ ਮੁਨਾਫ਼ਾ ਕਮਾ ਸਕਦੇ ਹਨ। ਉਨ੍ਹਾਂ ਨੂੰ ਦੇਬੇ ਦੀ ਗੱਲ ਜਚ ਗਈ। ਦੇਬੇ ਦੀ ਸਲਾਹ ਨਾਲ ਉਨ੍ਹਾਂ ਨੂੰ ਛੇ ਮਹੀਨੇ ਵਿੱਚ ਹੀ ਕਾਫ਼ੀ ਲਾਭ ਹੋ ਗਿਆ। ਉਨ੍ਹਾਂ ਨੇ ਦੇਬੇ ਦੇ ਕਹੇ ਬਿਨਾਂ ਹੀ ਉਸ ਦੇ ਵਰਕ ਪਰਮਿਟ ਦੀ ਫਾਈਲ ਲਾ ਦਿੱਤੀ।

ਹੋਟਲ ਤਰੱਕੀ ’ਤੇ ਸੀ। ਹੋਟਲ ਮਾਲਕ ਦੀ ਵੱਡੀ ਕੁੜੀ ਵੀ ਅਕਾਊਂਟਸ ਦੀ ਡਿਗਰੀ ਕਰਕੇ ਆਪਣੇ ਪਿਉ ਦੇ ਹੋਟਲ ਵਿੱਚ ਹੀ ਕੰਮ ਕਰਨ ਲੱਗ ਪਈ। ਦੇਬੇ ਨੇ ਅਮਰਜੀਤ ਨੂੰ ਜਲਦੀ ਹੀ ਕੰਮ ਦੀਆਂ ਜੁਗਤਾਂ ਸਿਖਾ ਦਿੱਤੀਆਂ। ਇਸੇ ਦੌਰਾਨ ਹੀ ਉਹ ਇੱਕ-ਦੂਜੇ ਦੇ ਨੇੜੇ ਵੀ ਆ ਗਏ। ਦੋਹਾਂ ਨੇ ਜ਼ਿੰਦਗੀ ਇਕੱਠੇ ਬਿਤਾਉਣ ਦਾ ਫੈਸਲਾ ਕਰ ਲਿਆ। ਅਮਰਜੀਤ ਦੇ ਮਾਂ-ਪਿਉ ਨੇ ਵੀ ਖੁਸ਼ੀ-ਖੁਸ਼ੀ ਆਪਣੀ ਹਾਮੀ ਭਰ ਦਿੱਤੀ। ਦੇਬੇ ਨੇ ਆਪਣੀ ਮਾਂ ਤੋਂ ਵੀ ਹਾਂ ਕਰਵਾ ਕੇ ਵਿਆਹ ਕਰਵਾ ਲਿਆ। ਅਮਰਜੀਤ ਦੇ ਮਾਂ-ਪਿਉ ਨੇ ਸਿਆਣਪ ਤੋਂ ਕੰਮ ਲੈਂਦੇ ਹੋਏ ਦੋਹਾਂ ਦੇ ਵਿਆਹ ’ਤੇ ਨਾ ਤਾਂ ਬਹੁਤਾ ਇਕੱਠ ਕੀਤਾ ਅਤੇ ਨਾ ਹੀ ਖਰਚਾ। ਉਨ੍ਹਾਂ ਨੇ ਨਵੇਂ ਜੋੜੇ ਲਈ ਉਨ੍ਹਾਂ ਦੀ ਪਸੰਦ ਦਾ ਘਰ ਦੇਖ ਕੇ ਲੋੜੀਂਦੀ ਡਾਊਨ ਪੇਮੈਂਟ ਆਪ ਕਰ ਦਿੱਤੀ ਅਤੇ ਘਰ ਲਈ ਸਾਰਾ ਜ਼ਰੂਰੀ ਸਾਮਾਨ ਵੀ ਖਰੀਦ ਦਿੱਤਾ। ਘਰ ਦੀਆਂ ਕਿਸ਼ਤਾਂ ਉਨ੍ਹਾਂ ਨੇ ਆਪ ਭਰਨੀਆਂ ਸਨ।

ਸਾਲ ਕੁ ਬਾਅਦ ਹੀ ਦੇਬੇ ਨੇ ਹੋਟਲ ਦੇ ਕੰਮ ਦੇ ਨਾਲ-ਨਾਲ ਆਪਣੀ ਕੰਸਲਟੈਂਸੀ ਦਾ ਕੰਮ ਵੀ ਸ਼ੁਰੂ ਕਰ ਲਿਆ। ਇਹ ਕੰਮ ਵੀ ਚੰਗਾ ਚੱਲ ਪਿਆ। ਐਨੇ ਚਿਰ ਵਿੱਚ ਦੇਬੇ ਦੀ ਪੀਆਰ ਦੇ ਕਾਗਜ਼ ਵੀ ਆ ਗਏ। ਉਨ੍ਹਾਂ ਨੇ ਸਲਾਹ ਕੀਤੀ ਕਿ ਪੀਆਰ ਦੀ ਸਟੈਂਪ ਇੰਡੀਆ ਜਾ ਕੇ ਲਗਵਾ ਆਈਏ ਅਤੇ ਮਾਂ ਨੂੰ ਵੀ ਮਿਲ ਆਈਏ, ਪਰ ਇੰਡੀਆ ਜਾ ਕੇ ਨਿੰਮੋ ਵਾਲਾ ਪੰਗੇ ਪੈ ਗਿਆ ਅਤੇ ਅਮਰਜੀਤ ਨੇ ਕਾਹਲੀ-ਕਾਹਲੀ ਵਿੱਚ ਵਾਪਸ ਕੈਨੇਡਾ ਜਾਣ ਦਾ ਫੈਸਲਾ ਲੈ ਲਿਆ, ਉਸ ਨੇ ਆਪਣੇ ਮਾਂ-ਪਿਉ ਨਾਲ ਵੀ ਸਲਾਹ ਕਰਨ ਦੀ ਜ਼ਰੂਰਤ ਨਾ ਸਮਝੀ।

ਫਲਾਈਟ ਸਿੱਧੀ ਸੀ। ਬਹੁਤਾ ਸਮਾਂ ਦੇਬਾ ਅੱਖਾਂ ਬੰਦ ਕਰੀਂ ਪਿਆ ਰਿਹਾ। ਟੋਰਾਂਟੋ ਪਹੁੰਚ ਕੇ ਇਮੀਗ੍ਰੇਸ਼ਨ ਕਲੀਅਰੈਂਸ ਕਰਵਾ, ਸਾਮਾਨ ਲੈ ਕੇ ਉਹ ਬਾਹਰ ਆਇਆ। ਏਅਰਪੋਰਟ ਦੇ ਬਾਹਰ ਸੁਖਬੀਰ ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਦੋਹਾਂ ਨੇ ਕੁਝ ਦੇਰ ਗੱਲਬਾਤ ਕੀਤੀ। ਸੁੱਖੀ ਦੇ ਕਹਿਣ ’ਤੇ ਦੇਬਾ ਆਪਣੇ ਘਰ ਜਾਣ ਲਈ ਮੰਨ ਗਿਆ। ਉਸ ਕੋਲ ਘਰ ਦੀ ਡੁਪਲੀਕੇਟ ਚਾਬੀ ਸੀ। ਉਸ ਦੇ ਕੈਨੇਡਾ ਆਉਣ ਦੀ ਗੱਲ ਲੁਕੋ ਕੇ ਰੱਖੀ ਗਈ ਸੀ, ਇਸ ਲਈ ਉਨ੍ਹਾਂ ਨੂੰ ਆਸ ਸੀ ਕਿ ਅਮਰਜੀਤ ਨੇ ਘਰ ਦੇ ਲੌਕ ਬਦਲਾਏ ਨਹੀਂ ਹੋਣਗੇ। ਸੁੱਖੀ ਨੇ ਉਸ ਨੂੰ ਘਰ ਛੱਡ ਦਿੱਤਾ। ਦੇਬੇ ਕੋਲ ਜਿਹੜੀ ਚਾਬੀ ਸੀ ਉਸ ਨਾਲ ਘਰ ਦਾ ਮੂਹਰਲਾ ਦਰਵਾਜ਼ਾ ਖੁੱਲ੍ਹ ਗਿਆ।

ਦੇਬੇ ਨੇ ਦੇਖਿਆ ਕਿ ਲਾਨ ਦੀ ਸਫ਼ਾਈ ਹੋਣ ਵਾਲੀ ਸੀ। ਘਰ ਦੇ ਅੰਦਰਲੀ ਹਾਲਤ ਵੀ ਮਾੜੀ ਹੀ ਸੀ। ਅਸਲ ਵਿੱਚ ਇਹ ਸਾਰੇ ਕੰਮ ਉਹ ਹੀ ਕਰਦਾ ਹੁੰਦਾ ਸੀ। ਅਮਰਜੀਤ ਤਾਂ ਹੋਟਲ ਦਾ ਕੰਮ ਹੀ ਕਰਦੀ।

ਦੇਬੇ ਨੂੰ ਪਤਾ ਸੀ ਕਿ ਉਸ ਦੀ ਪਤਨੀ ਰਾਤ ਨੂੰ ਅੱਠ ਨੌਂ ਵਜੇ ਤੱਕ ਹੀ ਘਰ ਪਹੁੰਚੇਗੀ। ਪਹਿਲਾਂ ਤਾਂ ਉਸ ਨੇ ਸਾਰੇ ਘਰ ਵਿੱਚ ਵੈਕਿਊਮ ਕੀਤਾ। ਸਾਰੀਆਂ ਚੀਜ਼ਾਂ ਥਾਂ ਟਿਕਾਣੇ ਲਾਈਆਂ। ਰਸੋਈ ਸੈੱਟ ਕੀਤੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਦਸ ਪੰਦਰਾਂ ਦਿਨਾਂ ਤੋਂ ਸਫ਼ਾਈ ਹੀ ਨਹੀਂ ਹੋਈ। ਬਾਥਰੂਮ ਵੀ ਸੈੱਟ ਕੀਤੇ। ਇਹ ਸਾਰੇ ਕੰਮ ਤੋਂ ਵਿਹਲਾ ਹੋ ਕੇ ਉਸ ਨੇ ਗੈਰੇਜ ਵਿੱਚੋਂ ਘਾਹ ਕੱਟਣ ਵਾਲੀ ਮਸ਼ੀਨ ਕੱਢੀ। ਮਸ਼ੀਨ ਕਿਉਂ ਜੋ ਬਿਜਲੀ ਨਾਲ ਚੱਲਣ ਵਾਲੀ ਸੀ, ਉਸ ਦਾ ਕੰਮ ਜਲਦੀ ਹੀ ਹੋ ਗਿਆ। ਕੁਝ ਦਰੱਖਤਾਂ ਦੀ ਛੰਗਾਈ ਵੀ ਕਰਨ ਵਾਲੀ ਸੀ। ਉਹ ਕੰਮ ਵੀ ਉਸ ਨੇ ਨਿਪਟਾ ਲਿਆ। ਅੱਧਾ ਕੁ ਘੰਟਾ ਆਰਾਮ ਕਰਕੇ ਉਹ ਨਹਾ ਲਿਆ। ਉਸ ਦੇ ਅੰਦਾਜ਼ੇ ਮੁਤਾਬਕ ਅਮਰਜੀਤ ਦੇ ਆਉਣ ਵਿੱਚ ਅਜੇ ਵੀ ਦੋ ਕੁ ਘੰਟੇ ਪਏ ਸਨ। ਉਸ ਨੇ ਫਰਿੱਜ ਖੋਲ੍ਹ ਕੇ ਦੇਖਿਆ। ਇੱਕ ਦੋ ਸਬਜ਼ੀਆਂ ਪਈਆਂ ਸਨ, ਪਰ ਲੱਗਦਾ ਸੀ ਕਈ ਦਿਨਾਂ ਦੀਆਂ ਬਾਸੀ ਹਨ। ਉਹ ਉਸ ਨੇ ਕੂੜੇ ਵਿੱਚ ਸੁੱਟ ਦਿੱਤੀਆਂ। ਫਰੀਜ਼ਰ ਵਿੱਚ ਬੋਨਲੈੱਸ ਚਿਕਨ ਪਿਆ ਸੀ। ਉਹ ਕੱਢ ਕੇ ਉਸ ਨੇ ਸਾਫ਼ ਕੀਤਾ ਅਤੇ ਘੰਟਾ ਸਵਾ ਘੰਟੇ ਵਿੱਚ ਅਮਰਜੀਤ ਦੀ ਪਸੰਦ ਦਾ ਬਟਰ ਚਿਕਨ ਬਣਾ ਕੇ ਖਾਣੇ ਵਾਲੇ ਮੇਜ਼ ’ਤੇ ਟਿਕਾ ਦਿੱਤਾ।

ਇਸ ਸਾਰੇ ਕੰਮ ਤੋਂ ਵਿਹਲੇ ਹੋ ਕੇ ਉਸ ਨੇ ਮੂਹਰਲੇ ਦਰਵਾਜ਼ੇ ਨੂੰ ਅੰਦਰੋਂ ਬੰਦ ਕਰ ਦਿੱਤਾ ਤਾਂ ਜੋ ਅਮਰਜੀਤ ਆਪਣੀ ਚਾਬੀ ਨਾਲ ਹੀ ਘਰ ਦਾ ਲੌਕ ਖੋਲ੍ਹੇ। ਉਹ ਲਾਈਟਾਂ ਬੰਦ ਕਰਕੇ ਗੈਸਟ ਬੈੱਡ ਰੂਮ ਵਿੱਚ ਲੇਟ ਗਿਆ।

ਅੱਧੇ ਕੁ ਘੰਟੇ ਬਾਅਦ ਗੈਰੇਜ ਖੁੱਲ੍ਹਣ ਦੀ ਆਵਾਜ਼ ਆਈ। ਦੇਬੇ ਦੇ ਦਿਲ ਦੀ ਧੜਕਣ ਤੇਜ਼ ਹੋ ਗਈ। ਅਮਰਜੀਤ ਨੇ ਲਿਵਿੰਗ ਰੂਮ ਦੀ ਲਾਈਟ ਜਗਾਈ। ਲਾਈਟ ਜਗਾਉਂਦੇ ਹੀ ਉਹ ਘਰ ਦੀ ਹਾਲਤ ਦੇਖ ਕੇ ਹੈਰਾਨ ਹੋ ਗਈ। ਹਰ ਚੀਜ਼ ਸਲੀਕੇ ਨਾਲ ਟਿਕੀ ਪਈ ਸੀ। ਰਸੋਈ ਵੀ ਇਕਦਮ ਸਾਫ਼। ਖਾਣੇ ਵਾਲੇ ਮੇਜ਼ ’ਤੇ ਡੌਂਗੇ ਵਿੱਚ ਕੁਝ ਢਕਿਆ ਪਿਆ ਸੀ ਅਤੇ ਦੋ ਪਲੇਟਾਂ ਵੀ ਲੱਗੀਆਂ ਹੋਈਆਂ ਸਨ। ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਇਹ ਕੀ ਹੈ? ਉਹ ਭੱਜ ਕੇ ਆਪਣੇ ਬੈੱਡ ਰੂਮ ਵਿੱਚ ਪਹੁੰਚੀ, ਪਰ ਉੱਥੇ ਕੋਈ ਨਹੀਂ ਸੀ। ਉਸ ਨੇ ਗੈਸਟ ਰੂਮ ਦੀ ਲਾਈਟ ਜਗਾਈ। ਦੇਬੇ ਨੂੰ ਬੈੱਡ ’ਤੇ ਪਿਆ ਦੇਖ ਕੇ ਇਕਦਮ ਘਬਰਾ ਗਈ। ਦੇਬਾ ਉਸ ਨੂੰ ਦੇਖ ਕੇ ਬੈਠ ਗਿਆ, ਪਰ ਬੋਲਿਆ ਕੁਝ ਨਾ।

ਅਮਰਜੀਤ ਕੁਝ ਸੰਭਲਦੇ ਹੋਈ ਗੁੱਸੇ ਵਿੱਚ ਬੋਲੀ, “ਤੂੰ ਇੱਥੇ ਆਉਣ ਦੀ ਹਿੰਮਤ ਕਿਵੇਂ ਕੀਤੀ?”

“ਆਪਣੇ ਘਰ ’ਚ ਆਇਆ ਹਾਂ, ਕਿਸੇ ਬੇਗਾਨੇ ਘਰ ਵਿੱਚ ਨਹੀਂ। ਇਸ ਵਿੱਚ ਹਿੰਮਤ ਜਾਂ ਨਾ ਹਿੰਮਤ ਦੀ ਕਿਹੜੀ ਗੱਲ ਹੈ?” ਦੇਬੇ ਨੇ ਬੜੇ ਠਰ੍ਹੰਮੇ ਨਾਲ ਕਿਹਾ।

“ਮੇਰੇ ਘਰੋਂ ਦਫ਼ਾ ਹੋ ਜਾ, ਨਹੀਂ ਤਾਂ ਮੈਂ ਪੁਲੀਸ ਨੂੰ ਫੋਨ ਕਰਦੀ ਹਾਂ।’’ ਉਸ ਨੇ ਆਪਣੇ ਬੈਗ ਵਿੱਚੋਂ ਮੋਬਾਈਲ ਕੱਢਦੇ ਕਿਹਾ।

“ਸ਼ਾਇਦ ਤੈਨੂੰ ਯਾਦ ਨਹੀਂ, ਇਹ ਘਰ ਆਪਣੇ ਦੋਹਾਂ ਦੇ ਨਾਂ ’ਤੇ ਹੈ।”

ਦੇਬੇ ਦੇ ਇਸ ਜਵਾਬ ਨਾਲ ਉਹ ਕੁਝ ਸੋਚਣ ਲੱਗੀ। “ਤੂੰ ਘਰ ਵਿੱਚ ਦਾਖਲ ਕਿਵੇਂ ਹੋਇਆ?”

“ਤੂੰ ਫੇਰ ਭੁੱਲ ਰਹੀ ਐ। ਘਰ ਦੀ ਇੱਕ ਚਾਬੀ ਮੇਰੇ ਕੋਲ ਵੀ ਹੈ।”

“ਆਈ ਡੈਮ ਕੇਅਰ। ਮੈਂ ਪੁਲੀਸ ਨੂੰ ਬੁਲਾਉਣ ਲੱਗੀ ਹਾਂ ਕਿ ਤੂੰ ਮੇਰੇ ਨਾਲ ਮਾਰ ਕੁਟਾਈ ਕੀਤੀ ਹੈ।” ਅਮਰਜੀਤ ਨੇ ਦੇਬੇ ਨੂੰ ਡਰਾਉਣ ਲਈ ਦਬਕਾ ਮਾਰਿਆ।

ਦੇਬਾ ਇਹ ਸੁਣ ਤਾੜੀ ਮਾਰ ਕੇ ਹੱਸਣ ਲੱਗਿਆ ਅਤੇ ਜੇਬ ਵਿੱਚੋਂ ਮੋਬਾਈਲ ਕੱਢ ਕੇ ਕਹਿਣ ਲੱਗਿਆ “ਮੈਨੂੰ ਪਤਾ ਸੀ ਕਿ ਤੂੰ ਮੈਨੂੰ ਅਜਿਹੀ ਧਮਕੀ ਜ਼ਰੂਰ ਦੇਵੇਂਗੀ। ਇਸੇ ਲਈ ਮੈਂ ਤੇਰੀਆਂ ਗੱਲਾਂ ਰਿਕਾਰਡ ਕਰ ਲਈਆਂ। ਇੱਕ ਗੱਲ ਹੋਰ, ਪੁਲੀਸ ਘਰ ਦੇ ਸਾਰੇ ਕੈਮਰਿਆਂ ਦੀ ਰਿਕਾਰਡਿੰਗ ਵੀ ਦੇਖੇਗੀ। ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਸਾਰੇ ਘਰ ਦੀ ਸਫ਼ਾਈ ਕੀਤੀ ਹੈ, ਬਾਹਰ ਲਾਨ ਵੀ ਸਾਫ਼ ਕੀਤਾ ਹੈ। ਬਾਹਰੋਂ ਆ ਕੇ ਤੂੰ ਪਹਿਲਾਂ ਮੈਨੂੰ ਗਲਤ ਬੋਲੀ ਹੈ, ਕੋਈ ਮਾਰ ਕੁਟਾਈ ਨਹੀਂ ਹੋਈ। ਇੱਕ ਗੱਲ ਹੋਰ ਜਦੋਂ ਤੂੰ ਦਿੱਲੀ ਮੈਨੂੰ ਫੋਨ ’ਤੇ ਕਿਹਾ ਸੀ ਕਿ ਤੂੰ ਕੈਨੇਡਾ ਜਾ ਕੇ ਮੇਰੇ ਪਾਸਪੋਰਟ ਨੂੰ ਅੱਗ ਲਾ ਦੇਵਾਂਗੀ, ਉਸ ਸਮੇਂ ਵੀ ਗਲਤੀ ਨਾਲ ਮੇਰਾ ਮੋਬਾਈਲ ਰਿਕਾਰਡਿੰਗ ’ਤੇ ਲੱਗਿਆ ਹੋਇਆ ਸੀ। ਪੁਲੀਸ ਨੂੰ ਤੇਰੇ ਵਿਰੁੱਧ ਇੱਕ ਹੋਰ ਸਬੂਤ ਮਿਲ ਜਾਵੇਗਾ।”

ਇਹ ਸੁਣ ਕੇ ਅਮਰਜੀਤ ਦੇ ਸਿਰ ਨੂੰ ਚੱਕਰ ਆ ਗਿਆ। ਉਹ ਡਿੱਗਣ ਹੀ ਲੱਗੀ ਸੀ ਕਿ ਦੇਬੇ ਨੇ ਉਸ ਨੂੰ ਫੜ ਕੇ ਕੁਰਸੀ ’ਤੇ ਬਿਠਾ ਦਿੱਤਾ। ਉਹ ਰੋਣ ਲੱਗੀ। ਉਹ ਆਪਣੇ-ਆਪ ਨੂੰ ਕਿਸੇ ਜਾਲ ਵਿੱਚ ਫਸਿਆ ਮਹਿਸੂਸ ਕਰ ਰਹੀ ਸੀ। ਦੇਬੇ ਨੇ ਉਸ ਕੋਲ ਜਾ ਕੇ ਆਪਣਾ ਮੋਬਾਈਲ ਉਸ ਵੱਲ ਵਧਾਉਂਦੇ ਹੋਏ ਕਿਹਾ, “ਡਰ ਨਾ, ਮੈਂ ਕੋਈ ਰਿਕਾਰਡਿੰਗ ਨਹੀਂ ਕੀਤੀ। ਮੇਰਾ ਮੋਬਾਈਲ ਚੈੱਕ ਕਰ ਲੈ। ਜੇ ਚਾਹੇਂ ਤਾਂ ਘਰ ਦੇ ਕੈਮਰਿਆਂ ਦੀ ਰਿਕਾਰਡਿੰਗ ਵੀ ਡਿਲੀਟ ਕਰ ਦੇ। ਪੁਲੀਸ ਨੂੰ ਬੁਲਾ ਲੈ। ਪੁਲੀਸ ਮੇਰਾ ਕੁਝ ਨਹੀਂ ਬਿਗਾੜ ਸਕਦੀ। ਮੈਂ ਸਹੀ ਕਾਗਜ਼ਾਂ ਨਾਲ ਕੈਨੇਡਾ ਦਾਖਲ ਹੋਇਆ ਹਾਂ। ਪਰ ਇੱਕ ਗੱਲ ਦੱਸ? ਕੀ ਕੰਮੋ ਵਾਲੀ ਛੋਟੀ ਜਿਹੀ ਗੱਲ ਕਰਕੇ ਹੀ ਤੂੰ ਆਪਣੀ ਦੋਹਾਂ ਦੀ ਜ਼ਿੰਦਗੀ ਬਰਬਾਦ ਕਰਨ ਦਾ ਸੋਚ ਲਿਆ? ਮੈਂ ਮੰਨਦਾ ਹਾਂ, ਉਹ ਮੇਰੀ ਗਲਤੀ ਸੀ, ਪਰ ਤੂੰ ਤਾਂ ਮੈਨੂੰ ਗਲਤੀ ਸੁਧਾਰਨ ਦਾ ਮੌਕਾ ਵੀ ਨਾ ਦਿੱਤਾ। ਤੇਰੇ ਸਿਰ ’ਤੇ ਹੱਥ ਰੱਖ ਕੇ ਕਹਿ ਰਿਹੈਂ ਕਿ ਮੈਂ ਦਿਲ ਵਿੱਚ ਹੀ ਇਹ ਫੈਸਲਾ ਕਰ ਲਿਆ ਸੀ ਕੰਮੋ ਨਾਲ ਕੋਈ ਵਾਸਤਾ ਨਹੀਂ ਰੱਖਾਂਗਾ। ਇੱਕ ਗੱਲ ਹੋਰ ਸੁਣ, ਨਾ ਤਾਂ ਮੈਂ ਦੁਨੀਆ ਦਾ ਪਹਿਲਾ ਇਨਸਾਨ ਹਾਂ ਜਿਸ ਨੇ ਅਜਿਹਾ ਗਲਤ ਕੰਮ ਕੀਤਾ ਹੋਵੇ ਅਤੇ ਨਾ ਹੀ ਆਖਰੀ ਹੋਵਾਂਗਾ। ਹੁਣ ਇੱਕ ਗੱਲ ਹੋਰ ਧਿਆਨ ਨਾਲ ਸੁਣ। ਤੂੰ ਆਪਣੇ ਵੱਲ ਦੇਖ। ਦਿਲ ’ਤੇ ਹੱਥ ਰੱਖ ਕੇ ਕਹਿ ਕਿ ਤੂੰ ਕੋਈ ਅਜਿਹਾ ਕੰਮ ਨਹੀਂ ਕੀਤਾ?”

ਰੋਂਦੀ ਹੋਈ ਅਮਰਜੀਤ, ਦੇਬੇ ਦੀ ਇਹ ਗੱਲ ਸੁਣ ਕੇ ਉਸ ਨਾਲ ਅੱਖਾਂ ਨਾ ਮਿਲਾ ਸਕੀ ਅਤੇ ਨਾ ਹੀ ਕੁਝ ਬੋਲ ਸਕੀ। ਉਸ ਦੀ ਝੁਕੀ ਹੋਈ ਗਰਦਨ ਇਸ ਗੱਲ ਦਾ ਸਬੂਤ ਸੀ ਕਿ ਉਸ ਦੀ ਜ਼ਿੰਦਗੀ ਵੀ ਕੁਝ ਖਤਰਨਾਕ ਮੋੜਾਂ ਤੋਂ ਲੰਘ ਚੁੱਕੀ ਹੈ। ਉਹ ਗੈਸਟ ਰੂਮ ਵਿੱਚੋਂ ਉੱਠ ਕੇ ਆਪਣੇ ਬੈੱਡ ਰੂਮ ਵਿੱਚ ਜਾ ਪਈ। ਉਸ ਦਾ ਸਿਰਹਾਣਾ ਉਸ ਦੇ ਹੰਝੂਆਂ ਨਾਲ ਗਿੱਲਾ ਹੋ ਰਿਹਾ ਸੀ। ਦੇਬੇ ਨੇ ਉਸ ਨੂੰ ਚੁੱਪ ਕਰਵਾਉਣ ਦੀ ਕੋਈ ਕੋਸ਼ਿਸ਼ ਨਾ ਕੀਤੀ। ਉਹ ਰਸੋਈ ਵਿੱਚ ਜਾ ਕੇ ਰਾਤ ਦੇ ਖਾਣੇ ਦਾ ਇੰਤਜ਼ਾਮ ਕਰਨ ਲੱਗਿਆ।



News Source link
#ਤ #ਆਪਣ #ਵਲ #ਦਖ

- Advertisement -

More articles

- Advertisement -

Latest article