36 C
Patiāla
Friday, June 9, 2023

ਨਵਾਂ ਕੈਨੇਡਾ…

Must read


ਕੇ.ਐੱਸ. ਢਿੱਲੋਂ

ਕੈਨੇਡਾ ਵਿੱਚ ਸ਼ਾਮ ਵੇਲੇ ਵਧੀਆ ਮੌਸਮ ਸੀ। ਜਿਵੇਂ ਪੰਜਾਬ ਵਿੱਚ ਗਰਮੀ ਦੇ ਦਿਨਾਂ ਵਿੱਚ ਮੀਂਹ ਪੈਣ ਤੋਂ ਬਾਅਦ ਕਹਿੰਦੇ ਹੁੰਦੇ ਸੀ ਕਿ ਬਾਈ ‘ਅੱਜ ਤਾਂ ਸ਼ਿਮਲਾ ਬਣ ਗਿਆ।’ ਅਜਿਹੇ ਮੌਸਮ ਵਿੱਚ ਚਾਰ ਯਾਰ ਇਕੱਠੇ ਹੋ ਗਏ। ਕਹਿੰਦੇ ਫਿਰ ਹੋ ਜਾਏ ਗਰਮਾ ਗਰਮ ਚਾਹ…। ਸਾਰੇ ਚਾਹ ਦੀਆਂ ਚੁਸਕੀਆਂ ਦੇ ਨਾਲ ਨਾਲ ਪਰਿਵਾਰਾਂ ਦੀ ਖ਼ਬਰ ਸਾਰ ਵੀ ਲੈਂਦੇ ਗਏ। ਫਿਰ ਹੌਲੀ ਹੌਲੀ ਕੰਮਕਾਰ ਦੀਆਂ ਗੱਲਾਂ ਬਾਤਾਂ ਤੋਂ ਬਾਅਦ ਕੈਨੇਡਾ ਵਿੱਚ ਆਉਣ ਬਾਰੇ ਤੇ ਆਪਣੇ ਭਾਈਚਾਰੇ ਦੀਆਂ ਗੱਲਾਂ-ਬਾਤਾਂ ਨੇ ਲਈ।

ਮੇਰਾ ਯਾਰ ਮਾਵੀ ਪੁੱਛਦਾ ਹੈ, ‘ਢਿੱਲੋਂ ਕਦੀ ਕੋਈ ਕਮਿਊਨਿਟੀ ‘ਚ ਪ੍ਰੋਗਰਾਮ ਹੁੰਦਾ ਹੈ ਤੇ ਤੂੰ ਕਿਉਂ ਨ੍ਹੀਂ ਆਉਂਦਾ, ਕੀ ਕਾਰਨ ਹੈ ?’ ਮੈਂ ਆਪਣੀਆਂ ਸੋਚਾਂ ਵਿੱਚ ਗੁਆਚਿਆ ਆਪਣੇ ਆਪ ਨੂੰ ਕਹਿ ਰਿਹਾ ਸੀ, ”ਮੈਂ ਕੀ ਦੱਸਾਂ ਕਿ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਇੱਕ ਨਵਾਂ ਕੈਨੇਡਾ ਲੱਭ ਰਿਹਾ ਹਾਂ। ਕਿਉਂਕਿ ਆਉਣ ਵਾਲੇ ਵੀਹ ਕੁ ਵਰ੍ਹਿਆਂ ਤੱਕ ਜਦੋਂ ਆਪਾਂ ਇਸ ਕੈਨੇਡਾ ਨੂੰ ਆਪਣੇ ਪਿਆਰੇ ਹਿੰਦੁਸਤਾਨ ‘ਚ ਤਬਦੀਲ ਕਰ ਚੁੱਕੇ ਹੋਵਾਂਗੇ…ਤਦ ਆਪਾਂ ਨੂੰ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਬਿਹਤਰ ਭਵਿੱਖ ਲਈ ਇੱਕ ਨਵਾਂ ਕੈਨੇਡਾ ਚਾਹੀਦਾ ਹੋਵੇਗਾ…।”

ਸਾਨੂੰ ਲਾਇਬ੍ਰੇਰੀ ਨਹੀਂ ਚਾਹੀਦੀ ਕਿਉਂਕਿ ਸਾਡੀ ਆਉਣ ਵਾਲੀ ਪੀੜ੍ਹੀ ਜੇਕਰ ਪੜ੍ਹ-ਲਿਖ ਗਈ ਤਾਂ ਸਾਡੇ ਤੋਂ ਪੁੱਛੇਗੀ ਕਿ ਜਦੋਂ ਇਸ ਮੁਲਕ ਦੀ ਨਿਘਾਰ ਵੱਲ ਜਾਣ ਦੀ ਤਰੀਕ ਲਿਖੀ ਜਾ ਰਹੀ ਸੀ ਤਾਂ ਤੁਸੀਂ ਕੀ ਕਰ ਰਹੇ ਸੀ? ਕੀ ਦੱਸਾਂਗੇ ਕਿ ਅਸੀਂ ਇੱਕ ਪਾਰਕ ਦੇ ਨੀਂਹ ਪੱਥਰ ਦੌਰਾਨ ਫੋਟੋ ਸੈਸ਼ਨ ਵਿੱਚ ਮੁੱਛਾਂ ਨੂੰ ਤਾਅ ਦੇਣ ‘ਚ ਮਸਰੂਫ਼ ਸੀ ਤੇ ਸਮੇਂ ਦੇ ਲੀਡਰਾਂ ਨਾਲ ਨਿੱਜੀ ਸਬੰਧ ਬਣਾਉਣ ‘ਚ ਮਸ਼ਗੂਲ ਸੀ। ਮੈਂ ਕਿਸੇ ਨੂੰ ਪੁੱਛ ਬੈਠਾ ਕਿ ਕੈਸਲਬੈਰੀ ਤੋਂ ਲੈ ਕੇ ਅੰਬਰ ਗੇਟ ਤੱਕ ਕਿੰਨੀਆਂ ਕੁ ਲਾਇਬ੍ਰੇਰੀਆਂ ਹਨ ਤਾਂ ਜਵਾਬ ਆਇਆ ਕਿ ਝੱਲਾ ਹੋ ਗਿਆ ਲੱਗਦਾ ਹੈਂ। ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਇਹ ਪੰਜਾਬੀ ਭਾਈਚਾਰੇ ਵਾਲਾ ਇਲਾਕਾ ਹੈ, ਜਿਸ ਨੂੰ ਮਿੰਨੀ ਪੰਜਾਬ ਵੀ ਕਿਹਾ ਜਾ ਸਕਦਾ ਹੈ।

ਚੱਲੋ ਸ਼ੁਕਰ ਹੈ ਰੱਬ ਦਾ ਕਿ ਪਾਰਕ ਦੇ ਨੀਂਹ ਪੱਥਰ ਦਾ ਕੰਮ ਵੋਟਾਂ ਤੋਂ ਤਿੰਨ ਕੁ ਮਹੀਨੇ ਪਹਿਲਾਂ ਮੁਕੰਮਲ ਹੋ ਜਾਵੇਗਾ ਨਹੀਂ ਤਾਂ ਚਾਰ ਸਾਲ ਲੱਗ ਗਏ ਸਨ ਮੋਹਤਬਰ ਬੰਦਿਆਂ ਨੂੰ ਸੰਘਰਸ਼ ਕਰਦਿਆਂ ਤੇ ਲੈਜਿਸਲੇਟਿਵ ਬਿਲਡਿੰਗ ਦੀਆਂ ਸਰਦਲਾਂ ‘ਤੇ ਤਖ਼ਤੀਆਂ ਲੈ ਕੇ ਖੜ੍ਹਦਿਆਂ। ਪਤਾ ਨਹੀਂ ਕਿਉਂ ਮੈਨੂੰ ਇੰਜ ਜਾਪਣ ਲੱਗ ਗਿਆ ਹੈ ਕਿ ਆਪਾਂ ਆਪਣਾ ਪਿਆਰਾ ਪੰਜਾਬ, ਵਿਨੀਪੈਗ ਵਿੱਚ ਮੁੜ ਸੁਰਜੀਤ ਕਰਨ ਵਿੱਚ ਕਾਮਯਾਬ ਹੋਏ ਹਾਂ, ਜੇ ਬਾਹਲ਼ਾ ਨਹੀਂ ਤਾਂ ਇੱਥੋਂ ਦਾ ਸਿਆਸੀ ਮਿਆਰ ਤਾਂ ਉੱਚਾ ਚੁੱਕਿਆ ਹੀ ਗਿਆ ਹੈ। ਚਲੋ ਆਪਾਂ ਕੀ ਲੈਣਾ…ਗੱਲ ਦਾ ਰੁਖ਼ ਬਦਲਦਿਆਂ ਮੈਂ ਕਿਹਾ, ”ਯਾਰ ਚਹਿਲ ਮੇਰੇ ਚਾਚੇ ਦਾ ਮੁੰਡਾ ਟਰੱਕ ਚਲਾਉਂਦਾ ਹੈ, ਹੁਣ ਬਹੁਤ ਔਖਾ ਹੋਇਆ ਪਿਆ ਹੈ, ਕਮਰ ‘ਚ ਦਰਦ ਜੋ ਵਧ ਗਿਆ ਹੈ। ਕਹਿੰਦਾ ਹੁਣ ਡਰਾਈਵਿੰਗ ਨਹੀਂ ਹੁੰਦੀ, ਤੇ ਕੀ ਕਰੀਏ?”

ਸਾਡਾ ਯਾਰ ਚਹਿਲ ਵੀ ਕਿਹੜਾ ਘੱਟ ਹੈ। ਅੱਗੋਂ ਕਹਿੰਦਾ ਕਰੋਨੇ ਕਰ ਕੇ ਕਿੰਨੀਆਂ ਅਸਾਮੀਆਂ ਖਾਲੀ ਪਈਆਂ ਹਨ ਕਿਤੇ ਸਿਟਿੰਗ ਜੌਬ ਲੱਭ ਦੇ, ਮੈਂ ਕਿਹਾ ਪੰਗਾ ਕਿਹੜਾ ਇੱਕ ਹੈ ਅੰਗਰੇਜ਼ੀ ਵੱਲੋਂ ਵੀ ਹੱਥ ਤੰਗ ਹੀ ਹੈ। ਅੱਗੋਂ ਚਹਿਲ ਫੇਰ ਕਹਿੰਦਾ ਬਾਈ ਹੁਣ ਤਾਂ ਇੱਕੋ ਹੱਲ ਹੈ ਚੋਣਾਂ ਲਈ ਨਾਮਜ਼ਦਗੀ ਪੇਪਰ ਭਰ ਦੇਵੇ, ਵੋਟਾਂ ਤਾਂ ਆਪਾਂ ਪੰਜਾਬੀਆਂ ਦੀਆਂ ਪਵਾ ਹੀ ਦੇਵਾਂਗੇ, ਤੇਰੀ ਵੀ ਜਾਣ ਪਹਿਚਾਣ ਚੰਗੀ ਹੈ ਤੇ ਅਸੀਂ ਵੀ ਜ਼ੋਰ ਲਾ ਕੇ ਜਿਤਾ ਦੇਵਾਂਗੇ। ਮੈਂ ਕਿਹਾ ਵੀ ਕਿ ਚਹਿਲ ਇਹ ਕੰਮ ਗ਼ਲਤ ਹੈ, ਲੋਕਾਂ ਦੇ ਮੁੱਦੇ ਤਾਂ ਇਸ ਤੋਂ ਚੁੱਕ ਨ੍ਹੀਂ ਹੋਣੇ, ਅੱਗੋਂ ਚਹਿਲ ਕਹਿੰਦਾ ਕਿਹੜੇ ਮੁੱਦੇ ਯਾਰ ਢਿੱਲੋਂ ਕਿਸੇ ਨੂੰ ਪੁੱਛ ਤਾਂ ਸਹੀ ਉਨ੍ਹਾਂ ਨੂੰ ਕਿ ਆਪਣੇ ਮੁੱਦੇ ਕੀ ਹਨ? ਕਿਸੇ ਕੋਲ ਜਵਾਬ ਨਹੀਂ ਹੈ, ਜਦੋਂ ਕੋਈ ਵੋਟਾਂ ਲਈ ਉਨ੍ਹਾਂ ਦੇ ਦਰਵਾਜ਼ੇ ‘ਤੇ ਅਲਖ ਜਗਾਉਂਦਾ ਹੈ ਤਾਂ ਕੋਈ ਸਵਾਲ ਨਹੀਂ ਕਰਦਾ ਕਿ ਤੁਸੀਂ ਸਾਡੇ ਲਈ ਪਹਿਲਾਂ ਕੀ ਕੀਤਾ ਤੇ ਅੱਗੋਂ ਕੀ ਕਰੋਗੇ? ਜਿੱਥੇ ਪੰਦਰਾਂ-ਵੀਹ ਸਾਲ ਪਹਿਲਾਂ ਕੱਢ ਦਿੱਤੇ, ਚਾਰ ਸਾਲ ਹੋਰ ਸਹੀ।

ਇਹ ਕਹਿੰਦੇ ਕਿ ਸਾਨੂੰ ਬੱਸ ਸਰਵਿਸ ਵੀ ਨਹੀਂ ਚਾਹੀਦੀ ਕਿਉਂਕਿ ਜਿੰਨੇ ਇਲਾਕੇ ਦੇ ਮੋਹਤਬਰ ਬੰਦੇ ਹਨ, ਸਭ ਦੇ ਹਰੇਕ ਪਰਿਵਾਰਕ ਮੈਂਬਰ ਕੋਲ ਆਪਣੀਆਂ ਕਾਰਾਂ ਹਨ ਤੇ ਜਿਨ੍ਹਾਂ ਕੋਲ ਨਹੀਂ ਹਨ ਜਿਵੇਂ ਕਿ ਅੰਤਰਰਾਸ਼ਟਰੀ ਵਿਦਿਆਰਥੀ, ਉਹ ਆਪਣਾ ਆਪ ਦੇਖਣ। ਜੇਕਰ ਬਰਫ਼ੀਲੇ ਤੂਫ਼ਾਨਾਂ ਵਿੱਚ ਤੁਰ ਕੇ ਦੋ-ਢਾਈ ਕਿਲੋਮੀਟਰ ਤੋਂ ਬੱਸ ਫੜ ਲੈਣਗੇ ਤਾਂ ਕੀ ਫ਼ਰਕ ਪੈਂਦਾ ਹੈ, ਸਾਨੂੰ ਕੀ ਲੋੜ ਹੈ ਕਿਸੇ ਬਾਰੇ ਸੋਚਣ ਦੀ, ਕਿਉਂਕਿ ਸਾਡਾ ਸਰਦਾ ਹੈ।

ਅੱਜ ਸਾਡਾ ਲੰਮੇ ਸਮੇਂ ਤੋਂ ਠੰਢੇ ਬਸਤੇ ਵਿੱਚ ਪਿਆ ਪਾਰਕ ਦਾ ਨੀਂਹ ਪੱਥਰ ਲੱਗਣ ਜਾ ਰਿਹਾ ਹੈ। ਚਾਹ ਪਾਣੀ ਵੀ ਖ਼ਤਮ ਹੋ ਚੁੱਕਿਆ ਸੀ। ਪਰ ਮੈਂ ਕੀ ਦੱਸਾਂ ਯਾਰ ਮਾਵੀ ਨੂੰ ਕਿ ਹੁਣ ਮੈਨੂੰ ਨਵਾਂ ਕੈਨੇਡਾ ਲੱਭਣ ਲਈ ਓਵਰ ਟਾਈਮ ਲਾਉਣਾ ਪੈ ਰਿਹਾ ਹੈ, ਕਿਉਂਕਿ ਸਮਾਂ ਤੇਜ਼ੀ ਨਾਲ ਘਟ ਰਿਹਾ ਹੈ।



News Source link
#ਨਵ #ਕਨਡ

- Advertisement -

More articles

- Advertisement -

Latest article