19.9 C
Patiāla
Sunday, December 3, 2023

ਖ਼ੂਬਸੂਰਤ ਸੌਗਾਤ ਬੁੱਚਰਟ ਗਾਰਡਨ

Must read


ਗੁਰਪ੍ਰੀਤ ਸਿੰਘ ਤਲਵੰਡੀ

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਜਿੱਥੇ ਸੁੰਦਰਤਾ ਅਤੇ ਕੁਦਰਤੀ ਸੁਹੱਪਣ ਪੱਖੋਂ ਸਮੁੱਚੇ ਵਿਸ਼ਵ ਭਰ ਵਿੱਚ ਕਿਸੇ ਅਜੂਬੇ ਨਾਲੋਂ ਘੱਟ ਨਹੀਂ, ਉੱਥੇ ਸਮੁੰਦਰ ਦੇ ਵਿਚਕਾਰ ਪਹਾੜੀ ਨਜ਼ਾਰਿਆਂ ਨਾਲ ਭਰਪੂਰ ਵਿਕਟੋਰੀਆ ਵਿੱਚ ਕਈ ਅਜਿਹੇ ਸਥਾਨ ਹਨ, ਜਿਨਾਂ ਨੂੰ ਦੇਖਣ ਲਈ ਪੂਰੇ ਸੰਸਾਰ ਦੇ ਲੋਕ ਖਿੱਚੇ ਆਉਂਦੇ ਹਨ। ਬਰਤਾਨੀਆ ਦੀ ਮਹਾਰਾਣੀ ਵਿਕਟੋਰੀਆ ਦੇ ਨਾਮ ’ਤੇ ਵਸੇ ਇਸ ਸ਼ਹਿਰ ਵਿੱਚ ਕਿਸੇ ਵੇਲੇ ਮਹਾਰਾਣੀ ਵਿਕਟੋਰੀਆ ਦੀ ਰਿਹਾਇਸ਼ ਹੋਇਆ ਕਰਦੀ ਸੀ। ਵਿਕਟੋਰੀਆ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਪਾਰਲੀਮੈਂਟ ਦੇ ਸਾਹਮਣੇ ਮਹਾਰਾਣੀ ਵਿਕਟੋਰੀਆ ਦਾ ਸਥਾਪਿਤ ਕੀਤਾ ਗਿਆ ਬੁੱਤ ਮਹਾਰਾਣੀ ਦੀ ਯਾਦ ਨੂੰ ਤਾਜ਼ਾ ਕਰਵਾਉਂਦਾ ਹੈ। ਪਾਰਲੀਮੈਂਟ ਦੀ ਇਮਾਰਤ ਦੇ ਸਾਹਮਣੇ ਸੜਕ ਦੇ ਦੂਸਰੇ ਪਾਸੇ ਸਥਿਤ ਹੋਟਲ ਐਮਪਰੈੱਸ ਵਿੱਚ ਕਿਸੇ ਵੇਲੇ ਮਹਾਰਾਣੀ ਵਿਕਟੋਰੀਆ ਦੀ ਰਿਹਾਇਸ਼ ਹੋਇਆ ਕਰਦੀ ਸੀ।

ਬ੍ਰਿਟਿਸ਼ ਕੋਲੰਬੀਆ ਦੇ ਵੱਡੇ ਸ਼ਹਿਰ ਵੈਨਕੂਵਰ ਨੇੜਲੇ ਡੈਲਟਾ ਟਵਾਸਨ ਫੈਰੀ ਟਰਮੀਨਲ ਤੋਂ ਫੈਰੀ (ਸਮੁੰਦਰੀ ਜਹਾਜ਼) ਰਾਹੀਂ ਵਿਕਟੋਰੀਆ ਦੇ ਸਵਾਰਟਜ਼ ਵੇਅ ਫੈਰੀ ਟਰਮੀਨਲ ਤੱਕ ਪਹੁੰਚਣ ਵਿੱਚ ਕਰੀਬ ਡੇਢ ਘੰਟਾ ਲੱਗਦਾ ਹੈ। ਵਿਕਟੋਰੀਆ ਨੂੰ ਫੈਰੀ ਰਸਤੇ ਵਾਇਆ ਨਨੈਮੋ ਵੀ ਜਾਇਆ ਜਾ ਸਕਦਾ ਹੈ। ਨਨੈਮੋ ਵੀ ਇੱਕ ਬਹੁਤ ਸੁੰਦਰ ਟਾਪੂ ਹੈ, ਜੋ ਪਾਣੀਆਂ ਦੇ ਵਿਚਕਾਰ ਪਹਾੜਾਂ ਅਤੇ ਜੰਗਲਾਂ ਨਾਲ ਘਿਰਿਆ ਹੋਇਆ ਬਹੁਤ ਸੁੰਦਰ ਸ਼ਹਿਰ ਹੈ। ਡੈਲਟਾ ਟਵਾਸਨ ਤੋਂ ਨਨੈਮੋ ਤੱਕ ਕਰੀਬ 2 ਘੰਟੇ ਲੱਗਦੇ ਹਨ ਅਤੇ ਅੱਗੇ ਨਨੈਮੋ ਤੋਂ ਵਿਕਟੋਰੀਆ ਤੱਕ ਇੱਕ ਘੰਟੇ ਦਾ ਸਫ਼ਰ ਹੈ। ਸੈਲਾਨੀ ਨਨੈਮੋ ਦੀ ਸੁੰਦਰਤਾ ਦਾ ਆਨੰਦ ਵੀ ਮਾਣ ਸਕਦੇ ਹਨ। ਇਹ ਸਮੁੰਦਰੀ ਸਫ਼ਰ ਵੀ ਹਰ ਯਾਤਰੀ ਦਾ ਨਾਂ ਭੁੱਲਣਯੋਗ ਸਫ਼ਰ ਹੁੰਦਾ ਹੈ। ਇਸ ਸਫ਼ਰ ਦੌਰਾਨ ਸਮੁੰਦਰ ਦੇ ਵਿਚਕਾਰ ਛੋਟੇ ਛੋਟੇ ਟਾਪੂ ਅਤੇ ਆਲੇ ਦੁਆਲੇ ਵੱਡ ਆਕਾਰੀ ਹਰੇ ਭਰੇ ਰੁੱਖਾਂ ਨਾਲ ਲੱਦੇ ਵਿਸ਼ਾਲ ਪਹਾੜ ਅਤੇ ਇਨ੍ਹਾਂ ਪਹਾੜਾਂ ਵਿਚਕਾਰ ਲਾਲ ਰੰਗ ਦੀ ਭਾਅ ਮਾਰਦਾ ਚੜ੍ਹਦਾ ਤੇ ਛਿਪਦਾ ਸੂਰਜ ਹਰ ਕਿਸੇ ਦੇ ਮਨ ਨੂੰ ਮੋਹ ਲੈਂਦਾ ਹੈ। ਇਸ ਕੁਦਰਤ ਦੀ ਸੁਹੱਪਣ ਨੂੰ ਦੇਖ ਕੇ ਅਸਲ ਜੰਨਤ ਦਾ ਭੁਲੇਖਾ ਪੈਂਦਾ ਹੈ। ਸਵਾਰਟਜ਼ ਵੇਅ ਫੈਰੀ ਟਰਮੀਨਲ ਵਿਕਟੋਰੀਆ ਪਹੁੰਚ ਕੇ ਮੁੱਖ ਹਾਈਵੇ ’ਤੇ ਕਰੀਬ 20 ਕੁ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਵਿਕਟੋਰੀਆ ਪਹੁੰਚਣ ਤੋਂ ਪਹਿਲਾਂ ਹੀ ਬੁੱਚਰਟ ਗਾਰਡਨ’ਜ਼ ਆਉਂਦਾ ਹੈ। ਇਸ ਨੂੰ ਦੇਖਣ ਅਤੇ ਕੁਦਰਤ ਦੇ ਸੁਹੱਪਣ ਨੂੰ ਨਿਹਾਰਨ ਲਈ ਸੰਸਾਰ ਭਰ ਦੇ ਵੱਖ-ਵੱਖ ਦੇਸ਼ਾਂ ਦੇ ਸੈਲਾਨੀਆਂ ਦਾ ਜਮਘਟਾ ਹਰ ਵੇਲੇ ਹੀ ਵੇਖਣ ਨੂੰ ਮਿਲਦਾ ਹੈ।

ਸਾਲ 1904 ਵਿੱਚ ਇੱਕ ਗੋਰਾ ਜੋੜਾ ਰੌਬਰਟ ਬੁੱਚਰਟ ਅਤੇ ਜੈਨੀ ਬੁੱਚਰਟ ਓਂਟਾਰੀਓ, ਕੈਨੇਡਾ ਤੋਂ ਵੈਨਕੂਵਰ ਆਈਲੈਂਡ ਵਿੱਚ ਆ ਕੇ ਵਸ ਗਏ। ਇੱਥੇ ਉਹ ਇੱਕ ਸੀਮਿੰਟ ਪਲਾਂਟ ਲਗਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਸੀਮਿੰਟ ਪਲਾਂਟ ਦਾ ਨਿਰਮਾਣ ਕਰਵਾਇਆ ਅਤੇ ਉਹ ਪਲਾਂਟ ਵਧੀਆ ਚੱਲਦਾ ਰਿਹਾ। 1912 ਵਿੱਚ ਰੌਬਰਟ ਦੀ ਪਤਨੀ ਜੈਨੀ ਦੇ ਮਨ ਵਿੱਚ ਸੀਮਿੰਟ ਪਲਾਂਟ ਵਾਲੀ ਜ਼ਮੀਨ ’ਤੇ ਇੱਕ ਸੁੰਦਰ ਬਗੀਚਾ ਬਣਾਉਣ ਦੀ ਯੋਜਨਾ ਆਈ। ਸੋ ਉਸ ਦੁਆਰਾ ਇੱਕ ਵਿਸ਼ਾਲ ਬਗੀਚੇ ਨੂੰ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ ਗਿਆ। ਭਾਵੇਂ ਕਿ ਇਸ ਬਗੀਚੇ ਦਾ ਨਿਰਮਾਣ 1906 ਤੋਂ ਹੀ ਸ਼ੁਰੂ ਕਰ ਦਿੱਤਾ ਗਿਆ ਸੀ, ਪਰ ਇਸ ਵਿਸ਼ਾਲ ਬਗੀਚੇ ਦਾ ਅਸਲ ਨਿਰਮਾਣ 1929 ਵਿੱਚ ਪੂਰਾ ਕੀਤਾ ਗਿਆ। ਜੈਨੀ ਨੇ ਜਪਾਨੀ ਗਾਰਡਨ ਸਮੁੰਦਰ ਦੇ ਕੰਢੇ ਸਥਾਪਿਤ ਕੀਤਾ, ਜਦੋਂਕਿ ਇਟਾਲੀਅਨ ਗਾਰਡਨ ਆਪਣੀ ਪੁਰਾਣੀ ਟੈਨਿਸ ਕੋਰਟ ਵਾਲੀ ਜਗ੍ਹਾ ’ਤੇ ਬਣਾਇਆ। ਇਹ ਦੋਵੇਂ ਵੱਖੋ-ਵੱਖ ਗਾਰਡਨ ਜਪਾਨੀ ਅਤੇ ਇਟਾਲੀਅਨ ਸ਼ੈਲੀ ਅਨੁਸਾਰ ਬਣਾਏ ਗਏ। ਜਿਨ੍ਹਾਂ ਵਿੱਚ ਫੁੱਲਾਂ ਵਾਲੇ ਬੂਟੇ ਅਤੇ ਖੁਸ਼ਬੂਦਾਰ ਪੌਦੇ ਵੀ ਉਕਤ ਦੇਸ਼ਾਂ ਤੋਂ ਲਿਆ ਕੇ ਲਗਾਏ ਗਏ ਸਨ।

ਇਸ ਜੋੜੇ ਦੇ ਪੋਤਰੇ ਇਆਨ ਰੌਸ ਵੱਲੋਂ ਆਪਣੇ 21ਵੇਂ ਜਨਮ ਦਿਨ ਮੌਕੇ ਆਪਣੇ ਦਾਦਾ-ਦਾਦੀ ਨੂੰ ਤੋਹਫੇ ਵਜੋਂ ਇਸ ਬਗੀਚੇ ਨੂੰ ਅਤਿ ਆਧੁਨਿਕ ਤਰੀਕੇ ਨਾਲ ਸੰਸਾਰ ਪ੍ਰਸਿੱਧ ਬਣਾ ਕੇ ਭੇਟ ਕੀਤਾ ਗਿਆ। ਇਸ ਵਿੱਚ ਰਾਤ ਨੂੰ ਰੰਗ ਬਿਰੰਗੀਆਂ ਲਾਈਟਾਂ ਅਤੇ ਬਾਹਰ ਚੱਲਣ ਵਾਲੇ ਸੰਗੀਤ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਬਿਨਾਂ ਸਰਦੀਆਂ ਵਿੱਚ ਕ੍ਰਿਸਮਿਸ ਮੌਕੇ ਇਸ ਬਗੀਚੇ ਨੂੰ ਹੋਰ ਵਧੇਰੇ ਆਕਰਸ਼ਕ ਬਣਾਉਣ ਲਈ ਪ੍ਰਬੰਧ ਕੀਤੇ ਗਏ। 1977 ਦੇ ਸ਼ੁਰੂ ਵਿੱਚ ਬੁੱਚਰਟ ਜੋੜੇ ਦੇ ਇੱਕ ਹੋਰ ਪੋਤਰੇ ਕ੍ਰਿਸਟੋਫਰ ਨੇ ਅੱਗ ਦੇ ਨਾਲ ਕੋਰੀਓਗ੍ਰਾਫੀ ਵਾਲਾ ਸ਼ੋਅ ਸ਼ੁਰੂ ਕੀਤਾ, ਜੋ ਹਰ ਸਾਲ ਕਰਵਾਇਆ ਜਾਂਦਾ ਰਿਹਾ। 9 ਸਤੰਬਰ 2004 ਵਿੱਚ ਬੁੱਚਰਟ ਗਾਰਡਨ ਦੀ 100 ਸਾਲਾ ਯਾਦ ਮਨਾਉਂਦਿਆਂ ਇਸ ਗਾਰਡਨ ਨੂੰ ਕੈਨੇਡਾ ਦੇ ਮੂਲਨਿਵਾਸੀ ਲੋਕਾਂ ਲਈ ਸੱਭਿਆਚਾਰਕ ਵਿਰਾਸਤ ਵਜੋਂ ਵੀ ਵਿਕਸਤ ਕੀਤਾ ਗਿਆ। 2009 ਵਿੱਚ ਕ੍ਰਿਸਟੋਫਰ ਦੀ ਭੈਣ ਅਤੇ ਗਾਰਡਨ ਦੇ ਮੌਜੂਦਾ ਮਾਲਕ ਰੌਬਿਨ ਨੇ ਗਾਰਡਨ ਵਿੱਚ ਬੱਚਿਆਂ ਬਾਰੇ ਵੀ ਮਨਮੋਹਕ ਬਗੀਚੇ ਸ਼ਾਮਲ ਕੀਤੇ, ਜੋ ਛੋਟੇ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਆਕਰਸ਼ਕ ਕਰਦੇ ਹਨ।

ਅੱਜ ਬੁੱਚਰਟ ਗਾਰਡਨ’ਜ਼ ਕੈਨੇਡਾ ਦੀ ਕੌਮੀ ਵਿਰਾਸਤ ਦਾ ਦਰਜਾ ਹਾਸਲ ਕਰ ਚੁੱਕਾ ਹੈ। ਬਾਗ਼ ਵਿੱਚ ਇੱਕ ਸੀਮਿੰਟ ਪਲਾਂਟ ਦੇ ਨਾਲ-ਨਾਲ ਸੰਸਾਰ ਦੇ 900 ਦੇ ਕਰੀਬ ਫੁੱਲਾਂ ਦੀਆਂ ਕਿਸਮਾਂ ਵਿਸ਼ਵ ਭਰ ਦੇ ਸੈਲਾਨੀਆਂ ਦੀ ਵੱਡੀ ਖਿੱਚ ਦਾ ਕੇਂਦਰ ਬਣ ਰਹੀਆਂ ਹਨ। ਕਰੀਬ 55 ਏਕੜ ਵਿੱਚ ਫੈਲੇ ਇਸ ਗਾਰਡਨ ਵਿੱਚ ਅਲੱਗ-ਅਲੱਗ ਕਿਸਮਾਂ ਦੇ 50 ਬਗੀਚੇ ਤਿਆਰ ਕੀਤੇ ਗਏ ਹਨ। ਜਿਸ ਵਿੱਚ ਵਿਸ਼ਵ ਭਰ ਦੇ ਵੱਖ-ਵੱਖ ਦੇਸ਼ਾਂ ਦੇ ਫੁੱਲਾਂ ਵਾਲੇ ਬੂਟੇ ਲਗਾਏ ਗਏ ਹਨ। ਇਨ੍ਹਾਂ ਬਗੀਚਿਆਂ ਵਿੱਚ ਉਸ ਦੇਸ਼ ਦਾ ਨਾਮ ਵੀ ਲਿਖਿਆ ਗਿਆ ਹੈ। ਇਨ੍ਹਾਂ ਬਗੀਚਿਆਂ ਦੇ ਵਿਚਕਾਰ ਪਾਣੀ ਦੇ ਸੁੰਦਰ ਫੁਆਰੇ ਲਗਾਏ ਗਏ ਹਨ, ਜੋ ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਰੰਗ ਬਿਰੰਗੀਆਂ ਰੌਸ਼ਨੀਆਂ ਦੇ ਨਾਲ ਬੜਾ ਮਨਮੋਹਕ ਦ੍ਰਿਸ਼ ਪੇਸ਼ ਕਰਦੇ ਹਨ।

ਸੋ, ਕੈਨੇਡਾ ਘੁੰਮਣ ਆਉਣ ਵਾਲਿਆਂ ਨੇ ਜੇਕਰ ਬ੍ਰਿਟਿਸ਼ ਕੋਲੰਬੀਆ ਅਤੇ ਫਿਰ ਵਿਕਟੋਰੀਆ ਵਿਚਲਾ ਬੁੱਚਰਟ ਗਾਰਡਨ’ਜ਼ ਨਹੀਂ ਦੇਖਿਆ ਤਾਂ ਸਮਝੋ ਉਨ੍ਹਾਂ ਦੇ ਸਫ਼ਰ ਨੂੰ ਅਧੂਰਾ ਹੀ ਮੰਨਿਆ ਦਾ ਸਕਦਾ ਹੈ। ਇਨ੍ਹੀਂ ਦਿਨੀਂ ਗਾਰਡਨ ਦੇਖਣ ਲਈ ਵਿਸ਼ਵ ਭਰ ਦੇ ਸੈਲਾਨੀਆਂ ਦੀ ਇੱਕ ਵੱਡੀ ਭੀੜ ਦੇਖਣ ਨੂੰ ਮਿਲ ਰਹੀ ਹੈ। ਸੈਲਾਨੀ ਸਾਰਾ ਦਿਨ ਹੀ ਖੁਸ਼ਬੂਦਾਰ ਤੇ ਖੂਬਸੂਰਤ ਫੁੱਲਾਂ ਦੀ ਖੂਬਸੂਰਤੀ ਦਾ ਆਨੰਦ ਮਾਣ ਰਹੇ ਹਨ।
ਸੰਪਰਕ: 001-778-980-9196News Source link
#ਖਬਸਰਤ #ਸਗਤ #ਬਚਰਟ #ਗਰਡਨ

- Advertisement -

More articles

- Advertisement -

Latest article