ਜਗਤਾਰ ਸਮਾਲਸਰ
ਏਲਨਾਬਾਦ, 25 ਜੁਲਾਈ
ਸ਼ਹਿਰ ਦੇ ਨਚੀਕੇਤਨ ਪਬਲਿਕ ਸਕੂਲ ਦੀ ਵਿਦਿਆਰਥਣ ਸਾਕਸ਼ੀ ਮਹਿਤਾ ਨੇ ਭਾਰਤ ਦੇ ਯੁਵਾ ਅਤੇ ਖੇਡ ਵਿਭਾਗ ਵੱਲੋਂ ਨੇਪਾਲ ਵਿੱਚ 17 ਤੋਂ 21 ਜੁਲਾਈ ਤੱਕ ਕਰਵਾਈ ਗਈ ਕੌਮਾਂਤਰੀ ਚੈਂਪੀਅਨਸ਼ਿਪ ਦੇ ਅੜਿੱਕਾ ਦੌੜ ਵਿੱਚ ਦੂਜਾ ਸਥਾਨ ਹਾਸਲ ਕਰਕੇ ਦੇਸ਼ ਲਈ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਸਕੂਲ ਦੇ ਡਾਇਰੈਕਟਰ ਰਣਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਾਕਸ਼ੀ ਮਹਿਤਾ ਨੇ 4 ਤੋਂ 7 ਜੂਨ ਤੱਕ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ (ਪੰਜਾਬ) ਵਿਖੇ ਭਾਰਤ ਦੇ ਯੁਵਾ ਅਤੇ ਖੇਡ ਵਿਭਾਗ ਵੱਲੋਂ ਕਰਵਾਈ ਗਈ ਆਲ ਇੰਡੀਆ ਵਾਈਐਸਡੀਏ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਕੌਮਾਂਤਰੀ ਮੁਕਾਬਲੇ ਲਈ ਥਾਂ ਪੱਕੀ ਕੀਤੀ ਸੀ। ਸਾਕਸ਼ੀ ਦਾ ਅੱਜ ਸਕੂਲ ਪਹੁੰਚਣ ’ਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ।