ਗੁਰਬਖਸ਼ਪੁਰੀ/ਰਾਜਵਿੰਦਰ ਰੌਂਤਾ
ਤਰਨ ਤਾਰਨ/ਮੋਗਾ, 22 ਜੁਲਾਈ
ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਵਿੱਚ ਸ਼ਾਮਲ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮੰਨੂ ਦਾ ਸਸਕਾਰ ਬੀਤੀ ਦੇਰ ਰਾਤ ਕੀਤਾ ਗਿਆ। ਰੂਪਾ ਦਾ ਸਸਕਾਰ ਉਸ ਦੇ ਜੱਦੀ ਪਿੰਡ ਜੌੜਾ ਜਦਕਿ ਮੰਨੂ ਦਾ ਸਸਕਾਰ ਪਿੰਡ ਕੁੱਸਾ ਵਿੱਚ ਕੀਤਾ ਗਿਆ। 25 ਸਾਲਾ ਰੂਪਾ ਦੀ ਚਿਤਾ ਨੂੰ ਅਗਨੀ ਉਸ ਦੇ 55 ਸਾਲਾ ਪਿਤਾ ਬਲਜਿੰਦਰ ਸਿੰਘ ਨੇ ਦਿਖਾਈ| ਪਰਿਵਾਰ ਨੇ ਰੂਪਾ ਨੂੰ ਬੀਤੇ ਕਈ ਸਾਲਾਂ ਤੋਂ ਬੇਦਖ਼ਲ ਕੀਤਾ ਹੋਇਆ ਸੀ| ਸਸਕਾਰ ਮੌਕੇ ਗਿਣਤੀ ਦੇ ਲੋਕ ਸ਼ਾਮਲ ਹੋਏ। ਦੂਜੇ ਪਾਸੇ ਰੂਪਾ ਦੇ ਛੋਟੇ ਭਰਾ ਰਣਜੋਧ ਸਿੰਘ ਨੂੰ ਫੌਜ ਵਿਚੋਂ ਛੁੱਟੀ ਨਾ ਮਿਲਣ ਕਰਕੇ ਉਹ ਸਸਕਾਰ ਵਿੱਚ ਸ਼ਾਮਲ ਨਹੀਂ ਹੋ ਸਕਿਆ| ਦੱਸਣਾ ਬਣਦਾ ਹੈ ਕਿ ਰੂਪਾ ਅਤੇ ਉਸ ਦੇ ਸਾਥੀ ਮਨਪ੍ਰੀਤ ਸਿੰਘ ਮੰਨੂ ਬੁੱਧਵਾਰ ਨੂੰ ਪੁਲੀਸ ਮੁਕਾਬਲੇ ਵਿਚ ਮਾਰੇ ਗਏ ਸਨ। ਰੂਪਾ ਦੀ ਲਾਸ਼ ਦਾ ਪੋਸਟਮਾਰਟਮ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਬੀਤੀ ਰਾਤ 11 ਵਜੇ ਕੀਤਾ ਗਿਆ। ਦੂਜੇ ਪਾਸੇ ਪੋਸਟਮਾਰਟਮ ਤੋਂ ਬਾਅਦ ਮਨਪ੍ਰੀਤ ਸਿੰਘ ਉਰਫ਼ ਮੰਨੂ ਦੀ ਦੇਹ ਨੂੰ ਉਸ ਦਾ ਚਾਚਾ ਰਾਮ ਸਿੰਘ, ਪਿੰਡ ਕੁੱਸਾ ਦੇ ਸਰਪੰਚ ਛਿੰਦਰਪਾਲ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ ਆਦਿ ਪਿੰਡ ਕੁੱਸਾ ਦੇ ਸ਼ਮਸ਼ਾਨ ਘਾਟ ਲੈ ਕੇ ਆਏ ਜਿੱਥੇ ਪਰਿਵਾਰ, ਪਿੰਡ ਦੇ ਪਤਵੰਤਿਆਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਸਵੇਰੇ ਤਿੰਨ ਵਜੇ ਸਸਕਾਰ ਕੀਤਾ ਗਿਆ। ਇਸ ਤੋਂ ਪਹਿਲਾਂ ਪੁਲੀਸ ਵੱਲੋਂ ਖੇਤਰ ਵਿਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਮੰਨੂ ਦੀ ਮਾਤਾ ਪਾਲ ਕੌਰ ਨੇ ਰੋਂਦਿਆਂ ਕਿਹਾ ਕਿ ਕੋਈ ਮਾਂ ਗੈਂਗਸਟਰ ਪੁੱਤ ਨਹੀਂ ਜੰਮਦੀ, ਉਸ ਨੂੰ ਗੈਂਗਸਟਰ ਬਣਾ ਦਿੱਤਾ ਗਿਆ। ਉਨ੍ਹਾਂ ਰੋਸ ਜ਼ਾਹਰ ਕੀਤਾ ਕਿ ਮੂਸੇਵਾਲੇ ਦੇ ਗੋਲੀ ਮਾਰਦੇ ਦੀ ਕਿਹੜਾ ਉਸ ਦੇ ਪੁੱਤ ਦੀ ਕੋਈ ਵੀਡੀਓ ਸਾਹਮਣੇ ਆਈ ਹੈ। ਉਸ ਦੇ ਪਿਤਾ ਸੁਖਦੇਵ ਸਿੰਘ ਨੇ ਕਿਹਾ ਕਿ ਮੰਨੂ ਸ਼ਰੀਫ਼ ਮੁੰਡਾ ਤੇ ਲੱਕੜੀ ਦਾ ਵਧੀਆ ਕਾਰੀਗਰ ਸੀ ਪਰ ਉਸ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ। ਉਸ ਦੇ ਮਾਪਿਆਂ ਨੇ ਕਿਹਾ ਕਿ ਉਹ ਢਾਈ ਮਹੀਨੇ ਪਹਿਲਾਂ ਉਨ੍ਹਾਂ ਨੂੰ ਮਿਲ ਕੇ ਗਿਆ ਸੀ। ਪਿੰਡ ਦੇ ਲੋਕਾਂ ਨੇ ਕਿਹਾ ਕਿ ਉਸ ਦੇ ਹੱਥੋਂ ਇਕ ਕਤਲ ਹੋ ਗਿਆ ਸੀ। ਮਜ਼੍ਹਬੀ ਸਿੱਖ ਬਰਾਦਰੀ ਨਾਲ ਸਬੰਧਤ ਮੰਨੂ ਦੇ ਦੋ ਭਰਾ ਗੁਰਪ੍ਰੀਤ ਤੇ ਸ਼ਮਸ਼ੇਰ ਵੀ ਜੇਲ੍ਹ ਵਿੱਚ ਹਨ।
ਸ਼ੂਟਰਾਂ ਵੱਲੋਂ ਫਿਰੌਤੀ ਦੀ ਪੂਰੀ ਰਕਮ ਨਾ ਮਿਲਣ ਦਾ ਦਾਅਵਾ
ਮਾਨਸਾ (ਜੋਗਿੰਦਰ ਸਿੰਘ ਮਾਨ): ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ’ਚ ਗ੍ਰਿਫ਼ਤਾਰ ਸ਼ਾਰਪ ਸ਼ੂਟਰ ਅੰਕਿਤ ਸੇਰਸਾ (19) ਨੇ ਪੁਲੀਸ ਕੋਲ ਮੰਨਿਆ ਹੈ ਕਿ ਗੈਂਗਸਟਰ ਗੋਲਡੀ ਬਰਾੜ ਵੱਲੋਂ ਉਨ੍ਹਾਂ ਨੂੰ ਕੋਈ ਰਕਮ ਨਹੀਂ ਦਿੱਤੀ ਗਈ ਹੈ। ਉਸ ਨੇ ਕਿਹਾ ਹੈ ਕਿ ਬਰਾੜ ਨੇ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਹਰਿਆਣਾ ਮੌਡਿਊਲ ਦੇ ਸ਼ੂਟਰਾਂ ਨਾਲ ਪੈਸਿਆਂ ਸਣੇ ਹੋਰ ਮਾਣ-ਤਾਣ ਦਾ ਜੋ ਵਾਅਦਾ ਕੀਤਾ ਸੀ, ਉਹ ਸਿਰੇ ਨਹੀਂ ਚੜ੍ਹਿਆ ਹੈ ਅਤੇ ਕਤਲ ਮਗਰੋਂ ਉਸ ਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਇਸ ਤੋਂ ਪਹਿਲਾਂ ਪੁਲੀਸ ਕੋਲ ਪਿਆਵਰਤ ਫੌਜੀ, ਕਸ਼ਿਸ਼ ਉਰਫ਼ ਕੁਲਦੀਪ ਨੇ ਪੁੱਛ ਪੜਤਾਲ ਦੌਰਾਨ ਖੁਲਾਸਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਸੌਦਾ ਇੱਕ ਕਰੋੜ ਵਿੱਚ ਹੋਇਆ ਸੀ, ਜਿਸ ਵਿਚੋਂ ਸਿਰਫ਼ 10 ਲੱਖ ਰੁਪਏ ਪਹਿਲਾਂ ਦਿੱਤੇ ਗਏ ਸਨ ਅਤੇ ਹਰ ਸ਼ੂਟਰ ਨੂੰ 5-5 ਲੱਖ ਰੁਪਏ ਦੇਣ ਦੀ ਗੱਲ ਕੀਤੀ ਗਈ ਸੀ। ਹਾਲਾਂਕਿ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਵੱਲੋਂ ਕੁੱਝ ਦਿਨ ਜਾਰੀ ਕੀਤੀ ਗਈ ਵੀਡੀਓ ਵਿੱਚ ਕਿਹਾ ਗਿਆ ਹੈ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਕੋਈ ਪੈਸਾ ਨਹੀਂ ਦਿੱਤਾ ਗਿਆ।