ਕੁਵੈਤ/ਪੇਈਚਿੰਗ: ਓਲੰਪਿਕ ਕੌਂਸਲ ਆਫ ਏਸ਼ੀਆ (ਓਸੀਏ) ਨੇ ਅੱਜ ਦੱਸਿਆ ਕਿ ਕਰੋਨਾ ਕਾਰਨ ਮੁਲਤਵੀ ਕੀਤੀਆਂ ਗਈਆਂ ਏਸ਼ਿਆਈ ਖੇਡਾਂ ਹੁਣ 2023 ਵਿੱਚ 23 ਸਤੰਬਰ ਤੋਂ 8 ਅਕਤੂਬਰ ਤੱਕ ਹੋਣਗੀਆਂ। ਏਸ਼ਿਆਈ ਖੇਡਾਂ ਦਾ 19ਵਾਂ ਸੀਜ਼ਨ ਇਸ ਸਾਲ 10 ਸਤੰਬਰ ਤੋਂ ਸ਼ੁਰੂ ਹੋਣਾ ਸੀ ਪਰ ਚੀਨ ਵਿੱਚ ਕਰੋਨਾ ਦੇ ਮਾਮਲੇ ਵਧਣ ਕਾਰਨ ਛੇ ਮਈ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਓਸੀਏ ਨੇ ਇੱਕ ਬਿਆਨ ਵਿੱਚ ਕਿਹਾ, ‘‘ਟਾਸਕ ਫੋਰਸ ਨੇ ਪਿਛਲੇ ਦੋ ਮਹੀਨਿਆਂ ਵਿੱਚ ਚੀਨ ਓਲੰਪਿਕ ਕਮੇਟੀ, ਹੰਗਜ਼ੂ ਏਸ਼ਿਆਈ ਖੇਡਾਂ ਦੀ ਪ੍ਰਬੰਧਕੀ ਕਮੇਟੀ (ਐੱਚਏਜੀਓਸੀ) ਅਤੇ ਹੋਰ ਹਿੱਸੇਦਾਰਾਂ ਨਾਲ ਖੇਡਾਂ ਕਰਵਾਉਣ ਲਈ ਢੁਕਵਾਂ ਸਮਾਂ ਲੱਭਣ ਦੀ ਚਰਚਾ ਕੀਤੀ ਹੈ।’’ ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਏਸ਼ਿਆਈ ਖੇਡਾਂ ਦੀ ਤਰੀਕ ਕਿਸੇ ਹੋਰ ਵੱਡੇ ਈਵੈਂਟ ਨਾਲ ਨਹੀਂ ਟਕਰਾਏਗੀ ਪਰ 2023 ਦੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੀ ਤਰੀਕ ਇਸ ਨਾਲ ਟਕਰਾ ਰਹੀ ਹੈ। ਵਿਸ਼ਵ ਚੈਂਪੀਅਨਸ਼ਿਪ ਰੂਸ ਵਿੱਚ 16 ਤੋਂ 24 ਸਤੰਬਰ ਤੱਕ ਹੋਵੇਗੀ। ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਇਸ ਸੋਧੇ ਹੋਏ ਪ੍ਰੋਗਰਾਮ ਤੋਂ ਸੰਤੁਸ਼ਟ ਨਹੀਂ ਹੈ। -ਪੀਟੀਆਈ