ਲਖਨਊ, 19 ਜੁਲਾਈ
ਉੱਤਰ ਪ੍ਰਦੇਸ਼ ਪੁਲੀਸ ਨੇ ਇਥੇ ਨਵੇਂ ਖੁੱਲ੍ਹੇ ਲੁਲੂ ਮਾਲ ਵਿੱਚ ਨਮਾਜ਼ ਪੜ੍ਹਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਚਾਰ ਹੋਰਾਂ ਦੀ ਭਾਲ ਆਰੰਭ ਦਿੱਤੀ ਹੈ। ਪੁਲੀਸ ਅਨੁਸਾਰ ਇਨ੍ਹਾਂ ਵਿਚੋਂ ਕੋਈ ਵੀ ਮਾਲ ਦਾ ਮੁਲਾਜ਼ਮ ਨਹੀਂ ਹੈ। ਪੁਲੀਸ ਕਮਿਸ਼ਨਰ ਡੀ ਕੇ ਠਾਕੁਰ ਨੇ ਪੀਟੀਆਈ ਨੂੰ ਦੱਸਿਆ ਕਿ ਚਾਰ ਵਿਅਕਤੀਆਂ ਨੂੰ ਅਣਅਧਿਕਾਰਤ ਤੌਰ ’ਤੇ ਮਾਲ ਵਿੱਚ ਨਮਾਜ਼ ਪੜ੍ਹਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਮੁਹੰਮਦ ਰੇਹਾਨ, ਆਤਿਫ਼ ਖ਼ਾਨ, ਮੁਹੰਮਦ ਲੁਕਮਾਨ ਅਤੇ ਮੁਹੰਮਦ ਨੋਮਾਨ ਵਜੋਂ ਹੋਈ ਹੈ ਤੇ ਇਹ ਸਾਰੇ ਲਖਨਊ ਦੇ ਵਸਨੀਕ ਹਨ। ਉਨ੍ਹਾਂ ਕਿਹਾ ਕਿ ਚਾਰ ਹੋਰਨਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਯੁੱਧਿਆ ਦੇ ਮਹੰਤ ਪਰਮਹੰਸ ਨੂੰ ਵੀ ਪੁਲੀਸ ਨੇ ਹਿਰਾਸਤ ਵਿੱਚ ਲਿਆ ਹੈ ਜੋ ਲੁਲੂ ਮਾਲ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਨਮਾਜ਼ ਪੜ੍ਹਨ ਦੇ ਮਾਮਲੇ ਵਿੱਚ ਇਹ ਗ੍ਰਿਫ਼ਤਾਰੀਆਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀਆਂ ਹਦਾਇਤਾਂ ਬਾਅਦ ਹੋਈ ਹੈ। ਉਨ੍ਹਾਂ ਸੋਮਵਾਰ ਨੂੰ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਸੀ ਕਿ ਮਾਹੌਲ ਖਰਾਬ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ। -ਏਜੰਸੀ