ਬਲਵਿੰਦਰ ਰੈਤ
ਨੂਰਪੁਰ ਬੇਦੀ, 17 ਜੁਲਾਈ
ਬਲਾਕ ਨੂਰਪੁਰ ਬੇਦੀ ਦੇ ਪਿੰਡ ਕਾਹਨਪੁਰ ਖੂਹੀ ਦੇ ਵਸਨੀਕ ਇੱਕ ਡਰਾਈਵਰ ਦੀ ਜ਼ਿਲ੍ਹਾ ਅੰਮ੍ਰਿਤਸਰ ’ਚ ਪੈਂਦੇ ਖਾਸਾ ਸ਼ਰਾਬ ਫੈਕਟਰੀ ਦੇ ਮੈਨੇਜਰ ਵੱਲੋਂ ਸਕਿਓਰਟੀ ਗਾਰਡਾਂ ਤੋਂ ਕਰਵਾਈ ਗਈ ਕੁੱਟਮਾਰ ਦਾ ਮਾਮਲਾ ਦਿਨ-ਬ-ਦਿਨ ਭਖ਼ਦਾ ਜਾ ਰਿਹਾ ਹੈ। ਜਿਸ ਡਰਾਈਵਰ ਦੀ ਕੁੱਟਮਾਰ ਕੀਤੀ ਗਈ ਹੈ ਉਹ ਪੁਲੀਸ ਥਾਣਾ ਨੂਰਪੁਰ ਬੇਦੀ ਅਧੀਨ ਦਾ ਪਿੰਡ ਕਾਹਨਪੁਰ ਖੂਹੀ ਦਾ ਜਗਦੀਸ਼ ਕੁਮਾਰ (32) ਦੱਸਿਆ ਗਿਆ। ਪੀੜਤ ਡਰਾਈਵਰ ਜਗਦੀਸ਼ ਕੁਮਾਰ ਦੇ ਪਰਿਵਾਰ ਨੇ ਦੱਸਿਆ ਕਿ ਇਸ ਕੁੱਟਮਾਰ ਵਿੱਚ ਉਸ ਦੀ ਖੱਬੀ ਬਾਂਹ ਦੀ ਹੱਡੀ ਟੁੱਟ ਚੁੱਕੀ ਹੈ ਤੇ ਸਰੀਰ ਤੇ ਗੰਭੀਰ ਸੱਟਾਂ ਲੱਗੀਆਂ ਹਨ। ਪੀੜਤ ਪਰਿਵਾਰ ਨੇ ਇਨਸਾਫ ਨਾ ਮਿਲਣ ’ਤੇ ਥਾਣਾ ਘਰਿੰਡਾ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਹੈ। ਪੀੜਤ ਡਰਾਈਵਰ ਜਗਦੀਸ਼ ਕੁਮਾਰ ਦੇ ਪਤਨੀ ਕੀਰਤੀ ਅਤੇ ਸਾਬਕਾ ਸਰਪੰਚ ਸਤੀਸ਼ ਕਮਾਰ ਸੋਨੂ ਨੇ ਕਿਹਾ ਕਿ ਫੈਕਟਰੀ ਮੈਨੇਜਰ ਦੀ ਮਿਲੀਭੁਗਤ ਨਾਲ ਪੁਲੀਸ ਨੇ ਨਾਰਮਲ ਧਾਰਾਵਾਂ ਲਗਾ ਕੇ ਉਨ੍ਹਾਂ ਨਾਲ ਬੇਇਨਸਾਫੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਵਿਰੁੱਧ 326 ਅਤੇ 307 ਦਾ ਪਰਚਾ ਦਰਜ ਹੋਵੇ। ਉਨ੍ਹਾਂ ਕਿਹਾ ਕਿ ਜੇ ਧਾਰਾਵਾਂ ਵਿੱਚ ਵਾਧਾ ਨਾ ਕੀਤਾ ਗਿਆ ਤਾਂ ਉਹ ਘਰਿੰਡਾ ਪੁਲੀਸ ਥਾਣੇ ਦਾ ਘਿਰਾਓ ਕਰਨਗੇ। ਜ਼ਖ਼ਮੀ ਡਰਾਈਵਰ ਦਾ ਦਾ ਹਾਲ ਚਾਲ ਪੁੱਛਣ ਗਏ ‘ਆਪ’ ਦੇ ਸੀਨੀਆਰ ਆਗੂ ਸਾਬਕਾ ਵਿਧਾਇਕ ਅਮਰਜੀਤ ਸੰਦੋਆ ਨੇ ਕਿਹਾ ਕਿ ਉਹ ਪੀੜਤ ਡਰਾਈਵਰ ਦੇ ਪਰਿਵਾਰ ਨੂੰ ਪੂਰਾ ਇਨਸਾਫ ਦਿਵਾਉਣਗੇ। ਉਹ ਜਲਦੀ ਇਸ ਮਸਲੇ ਨੂੰ ਲੈ ਕੇ ਵਿਧਾਨ ਸਭਾ ਦੇ ਸਪੀਕਰ ਨਾਲ ਗੱਲ ਕਰ ਕੇ ਇਸ ਕੇਸ ਦੀ ਜਾਂਚ ਕਰਵਾਉਗੇ।