ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਜੁਲਾਈ
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਅਚਾਨਕ ਹੀ ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਖ਼ਾਸ ਕਰ ਕੇ ਰਾਜਿੰਦਰਾ ਹਸਪਤਾਲ ਵਿਖੇ ਸਾਫ਼ ਸਫ਼ਾਈ ਦੀ ਘਾਟ ਨੂੰ ਲੈ ਕੇ ਮੰਤਰੀ ਨੇ ਇੱਥੋਂ ਦੇ ਅਧਿਕਾਰੀਆਂ ਦੀ ਚੰਗੀ ਖਿਚਾਈ ਕੀਤੀ। ਸਿਹਤ ਮੰਤਰੀ ਰਾਜਿੰਦਰਾ ਹਸਪਤਾਲ ਵਿਖੇ ਲੱਗੇ ਇਕ ਖੂਨਦਾਨ ਕੈਂਪ ਵਿਚ ਆਏ ਸਨ। ਅਧਿਕਾਰੀਆਂ ਨੇ ਸਿਰਫ ਉਨ੍ਹਾਂ ਦੇ ਆਉਣ ਵਾਲੇ ਰਸਤੇ ਵਿੱਚ ਹੀ ਸਾਫ ਸਫਾਈ ਕਰਵਾ ਦਿੱਤੀ ਪਰ ਮੰਤਰੀ ਨੇ ਅਚਾਨਕ ਹੀ ਹਸਪਤਾਲ ਦੇ ਹੋਰਨਾਂ ਖੇਤਰਾਂ ਦਾ ਵੀ ਦੌਰਾ ਵੀ ਕਰ ਲਿਆ ਜਿਸ ਦੌਰਾਨ ਸਾਫ਼ ਸਫ਼ਾਈ ਦਾ ਮੰਦੜਾ ਹਾਲ ਦੇਖ ਖਫਾ ਹੋਏ ਮੰਤਰੀ ਨੇ ਹਸਪਤਾਲ ਪ੍ਰਸ਼ਾਸਨ ਦੀ ਚੰਗੀ ਖਿਚਾਈ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੇ ਦਿਨੀਂ ਜਦੋਂ ਉਹ ਇਸੇ ਹਸਪਤਾਲ ਵਿੱਚ ਆਏ ਸਨ ਤਾਂ ਉਦੋਂ ਵੀ ਸਾਫ਼ ਸਫ਼ਾਈ ਯਕੀਨੀ ਬਣਾਉਣ ਲਈ ਆਖਿਆ ਗਿਆ ਸੀ ਬਾਵਜੂਦ ਇਸ ਦੇ ਸਫਾਈ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਮੰਤਰੀ ਨੇ ਅਧਿਕਾਰੀਆਂ ਨੂੰ ਜਿੱਥੇ ਮਰੀਜ਼ਾਂ ਨਾਲ ਵਧੀਆ ਵਿਵਹਾਰ ਕਰਨ ਦੀ ਹਦਾਇਤ ਕੀਤੀ ਉਥੇ ਹੀ ਸਾਫ਼ ਸਫ਼ਾਈ ਦੀ ਮੁੜ ਤਾਕੀਦ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਜਲਦੀ ਹੀ ਮਰੀਜ਼ਾਂ ਨੂੰ ਹਸਪਤਾਲ ਵਿੱਚੋ ਦਵਾਈਆਂ ਮੁਫ਼ਤ ਮਿਲਣਾ ਯਕੀਨੀ ਕੀਤਾ ਜਾਵੇਗਾ। ਮੰਤਰੀ ਨੇ ਮਰੀਜ਼ਾਂ ਦੀਆਂ ਪਰਚੀਆਂ ਤੇ ਕਿਸੇ ਵੀ ਦਵਾਈ ਦਾ ਵਿਸ਼ੇਸ਼ ਤੌਰ ’ਤੇ ਨਾਮ ਨਾ ਲਿਖਣ ਦੀ ਹਦਾਇਤ ਕਰਦਿਆਂ ਆਖਿਆ ਕਿ ਸਿਰਫ਼ ਸਾਲਟ ਲਿਖਿਆ ਜਾਵੇ ਤਾਂ ਜੋ ਮਰੀਜ਼ ਨੂੰ ਦਵਾਈ ਖਰੀਦਣ ਵਿੱਚ ਮੁਸ਼ਕਲ ਨਾ ਆਵੇ।