ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 16 ਜੁਲਾਈ
ਕੈਨੇਡਾ ਦੇ ਬੀ ਸੀ ਸੂਬੇ ਵਿੱਚ ਟਰਾਂਸ ਕੈਨੇਡਾ ਹਾਈਵੇਅ ਅਤੇ ਮੁੱਖ ਰੇਲਵੇ ਲਾਈਨ ’ਤੇ ਹੋਪ ਸ਼ਹਿਰ ਤੋਂ 90 ਕਿਲੋਮੀਟਰ ਦੂਰ ਉੱਤਰ ਵਿੱਚ ਵਸੇ ਪਿੰਡ ਲਿੰਟਨ ਵਿੱਚ ਬੀਤੇ ਦਿਨੀਂ ਮੁੜ ਅੱਗ ਲੱਗ ਗਈ, ਜਿਸ ਵਿੱਚ ਛੇ ਘਰ ਸੜ ਗਏ। ਪਿਛਲੇ ਸਾਲ ਗਰਮੀਆਂ ਵਿੱਚ ਇਹ ਸਾਰਾ ਪਿੰਡ ਹੀ ਸੜ ਗਿਆ ਸੀ ਤੇ ਬਹੁਤੇ ਘਰਾਂ ਦੀ ਮੁੜ ਉਸਾਰੀ ਹੋ ਰਹੀ ਹੈ। ਜਾਂਚ ਦੌਰਾਨ ਪਤਾ ਚੱਲਿਆ ਪਿਛਲੇ ਸਾਲ ਅੱਗ ਲੱਗਣ ਦੀ ਘਟਨਾ ਦਾ ਕਾਰਨ ਪਿੰਡ ਵਿੱਚੋਂ ਲੰਘਦੀ ਰੇਲਵੇ ਬਿਜਲੀ ਲਾਈਨ ’ਚੋਂ ਡਿੱਗੀ ਚੰਗਿਆੜੀ ਸੀ। ਇਸ ਘਟਨਾ ਮਗਰੋਂ ਬਹੁਤੇ ਵਸਨੀਕ ਉਥੇ ਮੁੜ ਵੱਸਣ ਤੋਂ ਝਿੱਜਕ ਰਹੇ ਹਨ। ਉਧਰ, ਬਰਨਬੀ ਤੇ ਵੈਨਕੂਵਰ ਸ਼ਹਿਰਾਂ ਦੀ ਹੱਦ ਯਨੀ ਬੌਂਡਰੀ ਰੋਡ ਨੇੜੇ ਬਹੁ-ਮੰਜ਼ਿਲਾ ਕਾਰ ਪਾਰਕਿੰਗ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਦੋ ਗੰਭੀਰ ਜ਼ਖਮੀ ਹੋ ਗਏ। ਜ਼ਖ਼ਮੀਆਂ ਦਾ ਵੈਨਕੂਵਰ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ।