ਸੰਜੀਵ ਬੱਬੀ
ਚਮਕੌਰ ਸਾਹਿਬ, 25 ਜੂਨ
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਿਛਲੇ ਮਹੀਨੇ ਜ਼ਿਲ੍ਹੇ ਵਿੱਚ ਗਊਆਂ, ਮੱਝਾਂ, ਭੇਡਾਂ ਅਤੇ ਬੱਕਰੀਆਂ ਆਦਿ ਨੂੰ ਸੜਕਾਂ ਦੇ ਕਿਨਾਰੇ ਚਰਾਉਣ ’ਤੇ 23 ਜੂਨ ਤੋਂ 22 ਅਗਸਤ ਤੱਕ ਪਾਬੰਦੀ ਦੇ ਹੁਕਮ ਜਾਰੀ ਕੀਤੇ ਸਨ ਪਰ ਕੁਝ ਲੋਕ ਇਨ੍ਹਾਂ ਹੁਕਮਾਂ ਨੂੰ ਟਿੱਚ ਸਮਝਦੇ ਹੋਏ ਅਜੇ ਵੀ ਰੋਜ਼ਾਨਾ ਹੀ ਆਪਣੀਆਂ ਮੱਝਾਂ ਸ਼ਰੇਆਮ ਸੜਕਾਂ ਕਿਨਾਰੇ ਚਰਾਉਂਦੇ ਹਨ ਅਤੇ ਲਾਏ ਗਏ ਪੌਦਿਆਂ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ। ਪਸ਼ੂਆਂ ਵੱਲੋਂ ਸੜਕਾਂ ’ਤੇ ਫੈਲਾਈ ਜਾਂਦੀ ਗੰਦਗੀ ਕਾਰਨ ਜਿੱਥੇ ਕਈ ਦੋ ਪਹੀਆ ਵਾਹਨ ਸਵਾਰ ਡਿੱਗ ਕੇ ਸੱਟਾਂ ਖਾ ਚੁੱਕੇ ਹਨ, ਉੱਥੇ ਹੀ ਆਵਾਜਾਈ ਵਿੱਚ ਵੀ ਵਿਘਨ ਪੈਂਦਾ ਹੈ।
ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਪਸ਼ੂੁਆਂ ਦੇ ਮਾਲਕ ਰੋਜ਼ਾਨਾ ਹੀ ਆਪਣੀਆਂ ਮੱਝਾਂ ਨੂੰ ਸੜਕਾਂ ’ਤੇ ਲਿਜਾ ਕੇ ਜੰਗਲਾਂ, ਖੇਤਾਂ ਅਤੇ ਖਾਲੀ ਪਏ ਪਲਾਟਾਂ ਵਿੱਚ ਛੱਡ ਦਿੰਦੇ ਹਨ ਅਤੇ ਸੜਕਾਂ ’ਤੇ ਮੱਝਾਂ ਆਉਣ ਕਾਰਨ ਰੋਜ਼ਾਨਾ ਹੀ ਹਾਦਸੇ ਵਾਪਰ ਰਹੇ ਹਨ। ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਵਿੱਚ ਹਰਿਆਵਲ ਮਿਸ਼ਨ ਤਹਿਤ 550 ਪੌਦੇ ਲਗਾਉਣ ਦਾ ਟੀਚਾ ਵੀ ਮਿੱਥਿਆ ਹੋਇਆ ਹੈ ਜਿਹੜਾ ਕਿ ਪਸ਼ੂਆਂ ਵੱਲੋਂ ਪੌਦਿਆਂ ਨੂੰ ਨੁਕਸਾਨ ਪਹੁੰਚਾਏ ਕਾਰਨ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਤੋਂ ਇਲਾਵਾ ਜਦੋਂ ਕੋਈ ਵਿਅਕਤੀ ਇਨ੍ਹਾਂ ਪਸ਼ੂ ਪਾਲਕਾਂ ਨੂੰ ਮੱਝਾਂ ਸੜਕਾਂ ’ਤੇ ਲੈ ਕੇ ਆਉਣ ਤੋਂ ਰੋਕਦਾ ਹੈ ਤਾਂ ਉਹ ਗਲਤ ਸ਼ਬਾਦਬਲੀ ਵਰਤਦਿਆਂ ਹੱਥੋਪਾਈ ਤੱਕ ਉਤਰ ਆਉਂਦੇ ਹਨ ਪਰ ਪ੍ਰਸ਼ਾਸਨ ਹਾਲੇ ਤੱਕ ਸੜਕਾਂ ਕਿਨਾਰੇ ਮੱਝਾਂ ਚਾਰਨ ਵਾਲੇ ਲੋਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ।
ਸਾਬਕਾ ਚੇਅਰਮੈਨ ਪਰਮਜੀਤ ਸਿੰਘ ਖੇੜੀ, ਪੰਜਾਬ ਕਲਾ ਮੰਚ ਦੇ ਪ੍ਰਧਾਨ ਕੁਲਜਿੰਦਰਜੀਤ ਸਿੰਘ ਬੰਬਰ ਅਤੇ ਮਾਸਟਰ ਰਣਜੀਤ ਸਿੰਘ ਹਵਾਰਾ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਸੜਕਾਂ ’ਤੇ ਮੱਝਾਂ ਚਾਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।