ਨਵੀਂ ਦਿੱਲੀ, 15 ਜੁਲਾਈ
ਕੇਂਦਰੀ ਕਿਰਤ ਮੰਤਰੀ ਭੁਪਿੰਦਰਰ ਯਾਦਵ ਨੇ ਅੱਜ ਕਿਹਾ ਕਿ ਲਗਪਗ ਸਾਰੇ ਰਾਜਾਂ ਨੇ ਚਾਰ ਕਿਰਤ ਕੋਡਾਂ ‘ਤੇ ਨਿਯਮਾਂ ਦਾ ਖਰੜਾ ਤਿਆਰ ਕਰ ਲਿਆ ਹੈ ਅਤੇ ਨਵੇਂ ਨਿਯਮ ਢੁਕਵੇਂ ਸਮੇਂ ‘ਤੇ ਲਾਗੂ ਕੀਤੇ ਜਾਣਗੇ। ਕਿਆਸ ਲਗਾਏ ਜਾ ਰਹੇ ਸਨ ਕਿ ਲੇਬਰ ਕੋਡ ਜਲਦੀ ਹੀ ਲਾਗੂ ਹੋ ਸਕਦੇ ਹਨ ਕਿਉਂਕਿ ਜ਼ਿਆਦਾਤਰ ਰਾਜਾਂ ਨੇ ਖਰੜਾ ਨਿਯਮ ਬਣਾ ਲਏ ਹਨ। ਯਾਦਵ ਨੇ ਦੱਸਿਆ, ‘ਲਗਪਗ ਸਾਰੇ ਰਾਜਾਂ ਨੇ ਚਾਰ ਕਿਰਤ ਕੋਡਾਂ ‘ਤੇ ਖਰੜਾ ਨਿਯਮ ਤਿਆਰ ਕੀਤੇ ਹਨ। ਅਸੀਂ ਇਨ੍ਹਾਂ ਕੋਡਾਂ ਨੂੰ ਢੁਕਵੇਂ ਸਮੇਂ ਲਾਗੂ ਕਰਾਂਗੇ।’ ਉਨ੍ਹਾਂ ਕਿਹਾ ਕਿ ਕੁਝ ਰਾਜ ਖਰੜਾ ਨਿਯਮਾਂ ‘ਤੇ ਕੰਮ ਕਰ ਰਹੇ ਹਨ। ਰਾਜਸਥਾਨ ਨੇ ਦੋ ਕੋਡਾਂ ‘ਤੇ ਖਰੜਾ ਨਿਯਮਾਂ ਨੂੰ ਤਿਆਰ ਕਰ ਲਿਆ ਹੈ, ਜਦਕਿ ਦੋ ਬਾਕੀ ਹਨ। ਪੱਛਮੀ ਬੰਗਾਲ ਇਨ੍ਹਾਂ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਵਿਚ ਹੈ, ਜਦੋਂ ਕਿ ਮੇਘਾਲਿਆ ਸਮੇਤ ਕੁਝ ਉੱਤਰ-ਪੂਰਬੀ ਰਾਜਾਂ ਨੇ ਚਾਰ ਕੋਡਾਂ ‘ਤੇ ਖਰੜਾ ਨਿਯਮਾਂ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰਨਾ ਹੈ। ਸਾਲ 2019 ਅਤੇ 2020 ਵਿੱਚ 29 ਕੇਂਦਰੀ ਕਿਰਤ ਕਾਨੂੰਨਾਂ ਨੂੰ ਚਾਰ ਕਿਰਤ ਕੋਡਾਂ ਵਿੱਚ ਮਿਲਾ ਦਿੱਤਾ ਗਿਆ ਸੀ।