ਪੰਜਾਬੀ ਸਾਹਿਤ ਸਭਾ ਦੀ ਜੁਲਾਈ ਮਹੀਨੇ ਦੀ ਇਕੱਤਰਤਾ 10 ਜੁਲਾਈ 2022 ਨੂੰ ਕੋਸੋ ਹਾਲ ਵਿੱਚ ਸੁਰਿੰਦਰ ਗੀਤ, ਜਰਨੈਲ ਸਿੰਘ ਤੱਗੜ ਤੇ ਭੁਪਿੰਦਰ ਭਾਗੋਮਾਜਰਾ ਦੀ ਪ੍ਰਧਾਨਗੀ ਹੇਠ ਹੋਈ।
ਇਸ ਮਾਸਿਕ ਇਕੱਤਰਤਾ ਵਿੱਚ ਭਾਰਤ ਤੋਂ ਆਏ ਮਹਿਮਾਨ ਲਿਖਾਰੀ ਭੁਪਿੰਦਰ ਭਾਗੋਮਾਜਰਾ ਦੀ ਕਾਵਿ-ਪੁਸਤਕ ‘ਨਾ ਵੇ ਸ਼ਾਸਕਾ’ ਲੋਕ ਅਰਪਣ ਕੀਤੀ ਗਈ। ਜਗਦੇਵ ਸਿੱਧੂ ਨੇ ਇਸ ਪੁਸਤਕ ਸਬੰਧੀ ਪਰਚਾ ਪੜ੍ਹਿਆ। ਉਨ੍ਹਾਂ ਨੇ ਕਿਹਾ ਕਿ ਭੁਪਿੰਦਰ ਮਾਜਰਾ ਲੋਕਾਂ ਦਾ ਕਵੀ ਹੈ ਅਤੇ ਲੋਕਾਂ ਦੀ ਗੱਲ ਕਰਦਾ ਹੈ। ਉਹ ਆਪਣੀ ਤਿੱਖੀ ਸੂਝ ਬੂਝ ਰਾਹੀਂ ਲੋਕਾਂ ਨੂੰ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ’ਤੇ ਉਂਗਲ ਧਰਦਾ ਹੈ। ਸਮੇਂ ਦੀਆਂ ਸਰਕਾਰਾਂ ਨੂੰ ਆਪਣੇ ਗੀਤਾਂ ਰਾਹੀਂ ਵੰਗਾਰਦਾ ਹੈ। ਉਸ ਦੀ ਕਲਮ ਲੋਕਾਂ ਦੀ ਆਵਾਜ਼ ਬਣਕੇ ਉੱਭਰਦੀ ਹੈ। ਉਸ ਦੇ ਗੀਤਾਂ ਤੋਂ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਉਸ ਦੇ ਅੰਦਰ ਇੱਕ ਅੱਗ ਹੈ ਜੋ ਹਰ ਤਰ੍ਹਾਂ ਦੀਆਂ ਸਮਾਜਿਕ, ਧਾਰਮਿਕ ਤੇ ਰਾਜਨੀਤਕ ਬੁਰਾਈਆਂ ਨੂੰ ਆਪਣੇ ਸੇਕ ਵਿੱਚ ਸਾੜਨਾ ਚਾਹੁੰਦੀ ਹੈ। ਪੰਜਾਬੀ ਸਾਹਿਤ ਸਭਾ ਦੇ ਸਾਰੇ ਮੈਂਬਰਾਂ ਨੇ ਗੀਤਕਾਰ ਭਾਗੋਮਾਜਰਾ ਨੂੰ ਵਧਾਈ ਦਿੱਤੀ। ਉਸ ਦੀ ਕਲਮ ਤੋਂ ਪੰਜਾਬੀ ਸਾਹਿਤ ਜਗਤ ਨੂੰ ਵਧੇਰੇ ਆਸਾਂ ਹਨ।
ਭੁਪਿੰਦਰ ਸਿੰਘ ਭਾਗੋਮਾਜਰਾ ਨੇ ਏਸੇ ਕਿਤਾਬ ’ਚੋਂ ਕੁਝ ਗੀਤ ਬੜੀ ਉੱਚੀ ਆਵਾਜ਼ ਅਤੇ ਆਪਣੇ ਵੱਖਰੇ ਅੰਦਾਜ਼ ਵਿੱਚ ਸੁਣਾਏ। ਸੁਰਿੰਦਰ ਗੀਤ ਨੇ ਭੁਪਿੰਦਰ ਭਾਗੋਮਾਜਰਾ ਦਾ ਸਭਾ ਵੱਲੋਂ ਸਨਮਾਨ ਕਰਦਿਆਂ ਆਪਣੀਆਂ ਕੁਝ ਕਿਤਾਬਾਂ ਭੇਟ ਕੀਤੀਆਂ। ਇਸ ਕਿਤਾਬ ਬਾਰੇ ਖੁੱਲ੍ਹੇ ਵਿਚਾਰ ਵਟਾਂਦਰੇ ਤੋਂ ਇਲਾਵਾ ਰਚਨਾਵਾ ਦੇ ਦੌਰ ਵਿੱਚ ਜਗਜੀਤ ਸਿੰਘ ਰੈਂਹਸੀ ਨੇ ਉਰਦੂ ਪੰਜਾਬੀ ਦੇ ਚੋਣਵੇਂ ਸ਼ਿਅਰ, ਸਰਬਜੀਤ ਕੌਰ ਉੱਪਲ ਨੇ ਡਾ. ਦਵਿੰਦਰ ਸੈਫ਼ੀ ਦੀ ਲਿਖੀ ਕਵਿਤਾ, ਜਰਨੈਲ ਸਿੰਘ ਤੱਗੜ ਨੇ ਕਵਿਤਾ ਤੇ ਸ਼ਿਵ ਕੁਮਾਰ ਸ਼ਰਮਾ ਨੇ ਕਵਿਤਾ ਰਾਹੀਂ ਹਾਜ਼ਰੀ ਲਗਵਾਈ। ਸੁਖਮਿੰਦਰ ਸਿੰਘ ਤੂਰ ਨੇ ਗੁਰਮੁਖ ਸਿੰਘ ਦੀ ਕਵੀਸ਼ਰੀ ਦਮਦਾਰ ਅੰਦਾਜ਼ ਵਿੱਚ ਪੇਸ਼ ਕੀਤੀ।
ਮਨਮੋਹਨ ਸਿੰਘ ਬਾਠ ਨੇ ਸ਼ਿਵ ਕੁਮਾਰ ਬਟਾਲਵੀ ਦੀ ਪ੍ਰਸਿੱਧ ਰਚਨਾ ‘ਯਾਰੜਿਆ ਰੱਬ ਕਰਕੇ ਤੈਨੂੰ’ ਸ਼ਬਦ ਸੁਰਾਂ ਦੇ ਬਿਹਤਰੀਨ ਸੰਜੋਗ ਵਿੱਚ ਸੁਣਾਈ। ਜੋਗਾ ਸਿੰਘ ਸਿਹੋਤਾ ਨੇ ਮਰਹੂਮ ਅਮਰੀਕ ਸਿੰਘ ਚੀਮਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਪਣੀ ਲਿਖੀ ਰਚਨਾ ਸੁਰੀਲੇ ਅੰਦਾਜ਼ ਵਿੱਚ ਸੁਣਾਈ।
ਮਨਜੀਤ ਬਰਾੜ ਨੇ ਆਪਣੇ ਪਿਤਾ ਬਾਰੇ ਲਿਖੀ ਮੌਲਿਕ ਰਚਨਾ ਉੱਚੀ ਆਵਾਜ਼ ਵਿੱਚ ਗਾ ਕੇ ਵਾਹਵਾ ਖੱਟੀ। ਇਸ ਦੇ ਨਾਲ ਹੀ ਜਸਵੀਰ ਸਿੰਘ ਸਿਹੋਤਾ ਨੇ ਆਪਣਾ ਲਿਖਿਆ ਗੀਤ ਸੁਣਾ ਕੇ ਸਭ ਦਾ ਮਨੋਰੰਜਨ ਕੀਤਾ।
ਵਿਚਾਰ ਵਟਾਂਦਰੇ ਵਿੱਚ ਦਿਲਾਵਰ ਸਿੰਘ ਸਮਰਾ, ਸੁਰਿੰਦਰ ਸਿੰਘ ਢਿੱਲੋਂ, ਅਤੇ ਗੁਰਦਿਆਲ ਸਿੰਘ ਖਹਿਰਾ ਨੇ ਹਿੱਸਾ ਲਿਆ। ਸੁਰਿੰਦਰ ਸਿੰਘ ਢਿੱਲੋਂ ਅਤੇ ਜਗਦੇਵ ਸਿੱਧੂ ਵੱਲੋਂ ‘ਕੈਨੇਡਾ ਡੇ’ ਬਾਰੇ ਦਿੱਤੀ ਮਹੱਤਵਪੂਰਨ ਜਾਣਕਾਰੀ ਬਹੁਤ ਪ੍ਰਭਾਵਸ਼ਾਲੀ ਢੰਗ ਰਾਹੀਂ ਦਿੱਤੀ ਗਈ।
ਇਸ ਤੋਂ ਇਲਾਵਾ ਅਵਤਾਰ ਕੌਰ ਤੱਗੜ, ਮਨਜੀਤ ਕੌਰ ਖਹਿਰਾ, ਗੁਰਦੀਪ ਸਿੰਘ, ਹਰਬੰਸ ਸਿੰਘ, ਸੁਖਬੀਰ ਸਿੰਘ ਬੁੱਟਰ ਅਤੇ ਰਾਜਪ੍ਰੀਤ ਸਿੰਘ ਵੀ ਹਾਜ਼ਰ ਰਹੇ। ਅੰਤ ਵਿੱਚ ਸੁਰਿੰਦਰ ਗੀਤ ਨੇ ਸਭਾ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਆਪਣੀ ਇੱਕ ਗ਼ਜ਼ਲ ਸੁਣਾਈ। ਮੰਚ ਸੰਚਾਲਨ ਦਾ ਕੰਮ ਗੁਰਦਿਆਲ ਸਿੰਘ ਖਹਿਰਾ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਇਆ।
ਅਗਸਤ ਮਹੀਨੇ ਦੀ ਮੀਟਿੰਗ 14 ਅਗਸਤ ਨੂੰ ਕੋਸੋ ਹਾਲ ਵਿੱਚ ਹੋਵੇਗੀ।
News Source link
#ਭਪਦਰ #ਭਗਮਜਰ #ਦ #ਕਵਪਸਤਕ #ਲਕ #ਅਰਪਣ