ਚੰਡੀਗੜ੍ਹ, 12 ਜੁਲਾਈ
ਨਾਭਾ ਜੇਲ੍ਹ ਬਰੇਕ ਕਾਂਡ ਦੇ ਸਭ ਤੋਂ ਲੋੜੀਂਦੇ ਮੁਲਜ਼ਮ ਰਮਨਜੀਤ ਸਿੰਘ ਉਰਫ਼ ਰੋਮੀ ਨੂੰ ਜਲਦੀ ਹੀ ਹਾਂਗਕਾਂਗ ਤੋਂ ਭਾਰਤ ਹਵਾਲੇ ਕੀਤਾ ਜਾਵੇਗਾ। ਇਸ ਸਬੰਧੀ ਹਾਂਗਕਾਂਗ ਦੀ ਇੱਕ ਅਦਾਲਤ ਨੇ ਉਸ ਦੀ ਹਵਾਲਗੀ ਲਈ ਮਨਜ਼ੂਰੀ ਦੇ ਦਿੱਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਪੁਲੀਸ ਦੇ ਅਧਿਕਾਰੀ ਉਸ ਨੂੰ ਲੈਣ ਜਾ ਰਹੇ ਹਨ। ਦੱਸਣਾ ਬਣਦਾ ਹੈ ਕਿ ਇੰਟਰਪੋਲ ਨੇ ਭਾਰਤੀ ਸੁਰੱਖਿਆ ਏਜੰਸੀਆਂ ਦੇ ਕਹਿਣ ’ਤੇ ਉਸ ਨੂੰ ਗਲੋਬਲ ਵਾਚ ਲਿਸਟ ਵਿਚ ਰੱਖਿਆ ਸੀ। ਇੰਟਰਪੋਲ ਨੇ ਸਾਲ 2017 ਵਿਚ ਰੋਮੀ ਖ਼ਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਸੀ ਜਿਸ ਤੋਂ ਬਾਅਦ ਉਹ ਸਾਲ 2018 ਤੋਂ ਬਾਅਦ ਹਾਂਗਕਾਂਗ ਹੀ ਰਹਿ ਰਿਹਾ ਸੀ ਤੇ ਇਸ ਵੇਲੇ ਹਾਂਗਕਾਂਗ ਪੁਲੀਸ ਦੀ ਹਿਰਾਸਤ ਹੇਠ ਹੈ।