ਮੁੰਬਈ, 11 ਜੁਲਾਈ
ਧੜੱਲੇਦਾਰ ਬੱਲਬਾਜ਼ ਹਰਮਨਪ੍ਰੀਤ ਕੌਰ ਬਰਮਿੰਘਮ ਵਿੱਚ 28 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ-2022 ਵਿੱਚ 15 ਮੈਂਬਰੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਅਗਵਾਈ ਕਰੇਗੀ। ਇਹ ਜਾਣਕਾਰੀ ਅੱਜ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਦਿੱਤੀ ਗਈ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਟੀਮ ਦੀ ਉਪ ਕਪਤਾਨ ਬਣਾਇਆ ਗਿਆ ਹੈ। ਬੋਰਡ ਵੱਲੋਂ ਜਾਰੀ ਬਿਆਨ ਵਿੱਚ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਕਿਹਾ ਕਿ ਰਾਸ਼ਟਰਮੰਡਲ ਖੇਡਾਂ ਵਿੱਚ ਪਹਿਲੀ ਵਾਰ ਮਹਿਲਾਵਾਂ ਦੇ ਕੌਮਾਂਤਰੀ ਟੀ-20 ਕ੍ਰਿਕਟ ਮੁਕਾਬਲੇ ਹੋਣਗੇ। ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਗਰੁੱਪ-ਏ ਵਿੱਚ ਪਾਕਿਸਤਾਨ, ਆਸਟਰੇਲੀਆ ਤੇ ਬਾਰਬਾਡੋਸ ਨਾਲ ਰੱਖਿਆ ਗਿਆ ਹੈ। ਭਾਰਤੀ ਟੀਮ ਦਾ ਪਹਿਲਾ ਮੁਕਾਬਲਾ 29 ਜੁਲਾਈ ਨੂੰ ਆਸਟਰੇਲੀਆ ਖ਼ਿਲਾਫ਼ ਖੇਡੇਗੀ ਅਤੇ ਟੀਮ ਦਾ ਮੁਕਾਬਲਾ ਪਾਕਿਸਤਾਨ ਨਾਲ 31 ਜੁਲਾਈ ਨੂੰ ਅਤੇ ਬਾਰਬਾਡੋਸ ਖ਼ਿਲਾਫ਼ 3 ਅਗਸਤ ਨੂੰ ਹੋਵੇਗਾ। ਗਰੁੱਪ-ਬੀ ਵਿੱਚ ਸ੍ਰੀਲੰਕਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਦੱਖਣੀ ਅਫ਼ਰੀਕਾ ਦੀਆਂ ਟੀਮਾਂ ਹਨ।