ਗੁਰਦੀਪ ਸਿੰਘ ਲਾਲੀ
ਸੰਗਰੂਰ, 10 ਜੁਲਾਈ
ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਅਤੇ ਪੁਲੀਸ ਵਿਚਾਲੇ ਐਤਵਾਰ ਨੂੰ ਧੱਕਾ-ਮੁੱਕੀ ਹੋਈ ਜਿਸ ਵਿਚ ਇੱਕ ਲੜਕੀ ਸਮੇਤ ਤਿੰਨ ਬੇਰੁਜ਼ਗਾਰ ਪੀਟੀਆਈ ਅਧਿਆਪਕ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬੇਰੁਜ਼ਗਾਰ 646 ਪੀਟੀਆਈ ਅਧਿਆਪਕ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਪੁਲੀਸ ਬੈਰੀਕੇਡ ਉਖਾੜ ਕੇ ਅੱਗੇ ਵਧ ਰਹੇ ਸਨ। ਪੁਲੀਸ ਨੇ ਡਾਂਗਾਂ ਦੇ ਜ਼ੋਰ ’ਤੇ ਬੇਰੁਜ਼ਗਾਰਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਇਸ ਦੌਰਾਨ ਜੰਮ ਕੇ ਧੱਕਾਮੁੱਕੀ ਹੋਈ। ਯੂਨੀਅਨ ਦੇ ਸੂਬਾ ਪ੍ਰਧਾਨ ਗੁਰਲਾਭ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਰਾਜਪਾਲ ਜਲਾਲਾਬਾਦ ਨੇ ਕਿਹਾ ਕਿ 12 ਸਾਲਾਂ ਤੋਂ ਲਟਕਦੀ ਆ ਰਹੀ ਭਰਤੀ ਮੁਹਿੰਮ ਨੂੰ ਮੁਕੰਮਲ ਕਰਨ ਲਈ ਠੋਸ ਕਦਮ ਨਹੀਂ ਚੁੱਕੇ ਗਏ ਅਤੇ ਨਾ ਹੀ ਮੁੱਖ ਮੰਤਰੀ ਨੇ ਮੀਟਿੰਗ ਲਈ ਸਮਾਂ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਦੀ ਕੋਠੀ ਅੱਗੇ ਪੁਲੀਸ ਨੇ ਬੇਰੁਜ਼ਗਾਰ ਅਧਿਆਪਕਾਂ ਉਪਰ ਲਾਠੀਚਾਰਜ ਕੀਤਾ ਜਿਸ ਕਾਰਨ ਤਿੰਨ ਬੇਰੁਜ਼ਗਾਰ ਅਧਿਆਪਕ ਹੇਮੰਤ ਕੁਮਾਰ ਨਾਭਾ, ਪਰਸ਼ਿੰਦਰ ਕੁਮਾਰ ਜ਼ਿਲ੍ਹਾ ਪਟਿਆਲਾ ਅਤੇ ਨੇਹਾ ਜ਼ਿਲ੍ਹਾ ਮੁਹਾਲੀ ਬੇਹੋਸ਼ ਹੋ ਗਏ। ਸ਼ਾਮ ਨੂੰ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਿੱਖਿਆ ਮੰਤਰੀ ਨਾਲ 22 ਜੁਲਾਈ ਨੂੰ ਪੈਨਲ ਮੀਟਿੰਗ ਤੈਅ ਕਰਾਉਣ ਮਗਰੋਂ ਬੇਰੁਜ਼ਗਾਰਾਂ ਨੇ ਰੋਸ ਧਰਨਾ ਸਮਾਪਤ ਕੀਤਾ।