ਸਰਬਜੀਤ ਭੰਗੂ/ਬਹਾਦਰ ਮਰਦਾਂਪੁਰ
ਪਟਿਆਲਾ/ ਰਾਜਪੁਰਾ
ਰਾਜਪੁਰਾ ਨੇੜਲੇ ਪਿੰਡ ਖੰਦਾਵਲੀ ਤੋਂ ਅਣਪਛਾਤੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਅੱਜ ਸਵੇਰੇ ਅੱਠ ਸਾਲਾ ਹਰਸ਼ਦੀਪ ਸਿੰਘ ਨਾਂ ਦੇ ਇੱਕ ਬੱਚੇ ਨੂੰ ਅਗਵਾ ਕਰ ਲਿਆ ਗਿਆ ਸੀ, ਜਿਸ ਨੂੰ ਕਰੀਬ ਤਿੰਨ ਘੰਟਿਆਂ ਮਗਰੋਂ ਬਸੰਤਪੁਰਾ ਪਿੰਡ ਨੇੜਲੇ ਖੇਤਾਂ ਵਿਚੋਂ ਮੋਟਰ ਵਾਲੇ ਕੋਠੇ ’ਚੋਂ ਬਰਾਮਦ ਕੀਤਾ ਗਿਆ ਹੈ। ਐੱਸਐੱਸਪੀ ਦੀਪਕ ਪਾਰਿਕ ਦਾ ਕਹਿਣਾ ਹੈ ਕਿ ਬੱਚੇ ਦੀ ਬਰਾਮਦਗੀ ਪੁਲੀਸ ਦੇ ਯਤਨਾਂ ਨਾਲ ਹੋਈ ਪਰ ਦੂਜੇ ਪਾਸੇ ਬੱਚੇ ਦੇ ਮਾਪਿਆਂ ਵੱਲੋਂ ਅਗਵਾਕਾਰਾਂ ਨੂੰ ਕਸਰਤ ਵਿੱਚ ਤਿੰਨ ਲੱਖ ਰੁਪਏ ਅਦਾ ਕੀਤੇ ਹੋਣ ਦੀ ਚਰਚਾ ਵੀ ਜ਼ੋਰਾਂ ’ਤੇ ਹੈ ਹਾਲਾਂਕਿ ਅਧਿਕਾਰਤ ਤੌਰ ਤੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ। ਬੱਚੇ ਦਾ ਪਿਤਾ ਫੈਕਟਰੀ ਚ ਕੰਮ ਕਰਦਾ ਹੈ। ਉਸ ਦੀ ਪ੍ਰਚੂਨ ਦੀ ਦੁਕਾਨ ਅਤੇ ਕੁਝ ਹੋਰ ਕਾਰੋਬਾਰ ਵੀ ਹੈ। ਇਹ ਬੱਚਾ ਜਦੋਂ ਆਪਣੇ ਭਰਾ (ਚਾਚੇ/ਤਾੲੇ ਦੇ ਬੇਟੇ) ਦੇ ਨਾਲ ਸਾਈਕਲ ਰਾਹੀਂ ਪਿੰਡ ਤੋਂ ਇੱਕ ਕਿਲੋਮੀਟਰ ਦੂਰ ਭੱਦਕ ਵਿੱਚ ਸਕੂਲ ਵਿਚ ਜਾ ਰਿਹਾ ਸੀ ਤਾਂ ਰਸਤੇ ਵਿਚੋਂ ਦੋ ਮੋਟਰਸਾਈਕਲ ਸਵਾਰ ਉਸ ਦਾ ਨਾਂ ਪੁੱਛਣ ਮਗਰੋਂ ਅਗਵਾ ਕਰਕੇ ਲੈ ਗਏ ਸਨ।