ਨਵੀਂ ਦਿੱਲੀ/ਕਰਾਚੀ, 5 ਜੁਲਾਈ
ਮੁੱਖ ਅੰਸ਼
- ਡੀਜੀਸੀਏ ਵੱਲੋਂ ਜਾਂਚ ਦੇ ਹੁਕਮ
‘ਸਪਾਈਸਜੈੱਟ’ ਦੀ ਦਿੱਲੀ ਤੋਂ ਦੁਬਈ ਜਾ ਰਹੀ ਇਕ ਉਡਾਣ ਨੂੰ ਅੱਜ ਤਕਨੀਕੀ ਖ਼ਰਾਬੀ ਕਾਰਨ ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਉਤੇ ਉਤਾਰਨਾ ਪਿਆ। ਡੀਜੀਸੀਏ ਮੁਤਾਬਕ ਜਹਾਜ਼ ਦਾ ‘ਫਿਊਲ ਇੰਡੀਕੇਟਰ’ ਖਰਾਬ ਹੋ ਗਿਆ ਸੀ। ਦੱਸਣਯੋਗ ਹੈ ਕਿ ਪਿਛਲੇ 17 ਦਿਨਾਂ ਵਿਚ ਸਪਾਈਸਜੈੱਟ ਦੇ ਜਹਾਜ਼ਾਂ ਵਿਚ ਤਕਨੀਕੀ ਖਰਾਬੀ ਆਉਣ ਦੀ ਇਹ ਕਰੀਬ ਛੇਵੀਂ ਘਟਨਾ ਹੈ। ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਵੱਲੋਂ ਅੱਜ ਵਾਪਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਹਿਲਾਂ ਵਾਪਰੀਆਂ ਘਟਨਾਵਾਂ ਦੀ ਜਾਂਚ ਵੀ ਚੱਲ ਰਹੀ ਹੈ। ਵੇਰਵਿਆਂ ਮੁਤਾਬਕ ‘ਬੋਇੰਗ 737 ਮੈਕਸ’ ਜਹਾਜ਼ ਦਿੱਲੀ ਤੋਂ ਦੁਬਈ ਜਾ ਰਿਹਾ ਸੀ। ਇਸੇ ਦੌਰਾਨ ਜਹਾਜ਼ ਦੇ ਖੱਬੇ ਟੈਂਕ ਵਿਚ ਇੰਡੀਕੇਟਰ ਨੇ ਤੇਲ ਦੀ ਮਾਤਰਾ ਇਕਦਮ ਕਾਫ਼ੀ ਘੱਟ ਦਿਖਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਜਹਾਜ਼ ਨੂੰ ਕਰਾਚੀ ਵੱਲ ਮੋੜਨਾ ਪਿਆ। ਕਰਾਚੀ ਹਵਾਈ ਅੱਡੇ ਉਤੇ ਜਦ ਖੱਬੇ ਟੈਂਕ ਦੀ ਜਾਂਚ ਕੀਤੀ ਗਈ ਤਾਂ ਕੋਈ ਲੀਕੇਜ ਸਾਹਮਣੇ ਨਹੀਂ ਆਈ।
ਪਾਕਿਸਤਾਨ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਨੇ ਵੀ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਹਾਜ਼ ਜਦ ਪਾਕਿਸਤਾਨ ਦੀ ਏਅਰਸਪੇਸ ਉਤੋਂ ਉੱਡ ਰਿਹਾ ਸੀ ਤਾਂ ਪਾਇਲਟ ਨੇ ਕੰਟਰੋਲ ਟਾਵਰ ਨਾਲ ਸੰਪਰਕ ਕਰ ਕੇ ਤਕਨੀਕੀ ਖਰਾਬੀ ਆਉਣ ਬਾਰੇ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ ਤੇ ਮਨੁੱਖਤਾ ਦੇ ਆਧਾਰ ’ਤੇ ਜਹਾਜ਼ ਨੂੰ ਉਤਰਨ ਕਰਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਹਾਜ਼ ਵਿਚ ਕਰੀਬ 100 ਯਾਤਰੀ ਸਵਾਰ ਸਨ। ਇਸ ਤੋਂ ਪਹਿਲਾਂ ਮਾਰਚ 2021 ਵਿਚ ਸ਼ਾਰਜਾਹ ਤੋਂ ਲਖਨਊ ਆ ਰਹੇ ਇੰਡੀਗੋ ਦੇ ਇਕ ਜਹਾਜ਼ ਨੂੰ ਵੀ ਮੈਡੀਕਲ ਐਮਰਜੈਂਸੀ ਕਾਰਨ ਕਰਾਚੀ ਹਵਾਈ ਅੱਡੇ ਉਤੇ ਉਤਾਰਿਆ ਗਿਆ ਸੀ। ਸਪਾਈਸਜੈੱਟ ਨੇ ਇਕ ਬਿਆਨ ਵਿਚ ਕਿਹਾ ਕਿ ਜਹਾਜ਼ ਅੱਜ ਕਰਾਚੀ ਹਵਾਈ ਅੱਡੇ ਉਤੇ ਆਮ ਵਾਂਗ ਉਤਰਿਆ ਤੇ ਸਵਾਰੀਆਂ ਨੂੰ ਵੀ ਸੁਰੱਖਿਅਤ ਉਤਾਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਜਹਾਜ਼ ਵਿਚ ਕੋਈ ਤਕਨੀਕੀ ਖਰਾਬੀ ਸਾਹਮਣੇ ਨਹੀਂ ਆਈ ਸੀ। ਮੁਸਾਫ਼ਰਾਂ ਨੂੰ ਕਰਾਚੀ ਹਵਾਈ ਅੱਡੇ ਉਤੇ ਖਾਣ-ਪੀਣ ਦਾ ਸਾਮਾਨ ਦਿੱਤਾ ਗਿਆ ਹੈ। ਏਅਰਲਾਈਨ ਹੁਣ ਇਕ ਹੋਰ ਜਹਾਜ਼ ਨੂੰ ਕਰਾਚੀ ਭੇਜ ਰਹੀ ਹੈ ਜੋ ਯਾਤਰੀਆਂ ਨੂੰ ਦੁਬਈ ਲੈ ਕੇ ਜਾਵੇਗਾ। -ਪੀਟੀਆਈ