ਅਬੁਜਾ, 6 ਜੁਲਾਈ
ਨਾਈਜੀਰੀਆ ਦੀ ਰਾਜਧਾਨੀ ਅਬੂਜਾ ਵਿੱਚ ਇਕ ਜੇਲ੍ਹ ’ਤੇ ਜਿਹਾਦੀਆਂ ਨੇ ਹਮਲਾ ਕਰ ਦਿੱਤਾ, ਜਿਸ ਮਗਰੋਂ ਲਗਪਗ 600 ਕੈਦੀ ਫਰਾਰ ਹੋ ਗਏ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਨੇ ਇਸ ਘਟਨਾ ਲਈ ਇਸਲਾਮਿਕ ਕੱਟੜਪੰਥੀ ਵਿਦਰੋਹੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੇਲ੍ਹ ਤੋਂ ਫਰਾਰ ਹੋਏ ਕੈਦੀਆਂ ਵਿੱਚ ਲਗਪਗ 300 ਕੈਦੀਆਂ ਨੂੰ ਫੜ ਲਿਆ ਗਿਆ ਹੈ। ਨਾਇਜੀਰੀਆ ਦੇ ਗ੍ਰਹਿ ਮੰਤਰਾਲੇ ਦੇ ਸਥਾਈ ਸਕੱਤਰ ਸ਼ੁਏਬ ਬੇਲਗੋਰਕ ਮੁਤਾਬਕ ਬਾਗੀਆਂ ਨੇ ਮੰਗਲਵਾਰ ਰਾਤ ਨੂੰ ਅਬੂਜਾ ਦੀ ਕੁਜੇ ਜੇਲ੍ਹ ’ਤੇ ਹਮਲਾ ਕੀਤਾ ਅਤੇ ਡਿਊਟੀ ’ਤੇ ਮੌਜੂਦ ਸੁਰੱਖਿਆ ਗਾਰਡ ਦੀ ਹੱਤਿਆ ਕਰ ਦਿੱਤੀ। ਰਾਤ ਕਰੀਬ 10 ਵਜੇ ਅਬੁਜਾ ਦੇ ਕੁਜੇ ਇਲਾਕੇ ’ਚ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ। ਹਮਲਾਵਰਾਂ ਨੇ ਬੰਬ ਧਮਾਕਾ ਕਰਕੇ ਜੇਲ੍ਹ ਅੰਦਰ ਦਾਖ਼ਲ ਹੋਣ ਲਈ ਰਸਤਾ ਬਣਾਇਆ। ਜੇਲ੍ਹ ’ਤੇ ਹਮਲਾ ਕਰਨ ਵਾਲੇ ਇਸਲਾਮੀ ਕੱਟੜਪੰਥੀ ਦੇਸ਼ ਦੇ ਉੱਤਰ-ਪੂਰਬੀ ਹਿੱਸੇ ਵਿਚ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਕੱਟੜਪੰਥੀ ਸਰਗਰਮੀਆਂ ਵਿਚ ਸ਼ਾਮਲ ਹਨ। ਬੇਲਗੋਰ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਉਹ ਬੋਕੋ ਹਰਮ ਹਨ। ਉਹ ਸਹਿ-ਸਾਜ਼ਿਸ਼ਕਾਰਾਂ ਲਈ ਵਿਸ਼ੇਸ਼ ਤੌਰ ’ਤੇ ਆਏ ਸਨ।’’ ਉਨ੍ਹਾਂ ਕਿਹਾ, ‘‘ਅਸੀਂ ਜੇਲ੍ਹ ਵਿੱਚੋਂ ਫਰਾਰ ਹੋਏ ਕਰੀਬ 600 ਕੈਦੀਆਂ ਵਿੱਚੋਂ 300 ਨੂੰ ਫੜ ਲਿਆ ਹੈ।’’ ਦੱਸਣਯੋਗ ਹੈ ਕਿ ਨਾਇਜੀਰੀਆ ਦੇ ਜੇਹਾਦੀਆਂ ਨੇ ਦੇਸ਼ ਦੇ ਉੱਤਰ-ਪੂਰਬ ਵਿੱਚ ਕਈ ਵਾਰ ਜੇਲ੍ਹਾਂ ’ਤੇ ਹਮਲੇ ਕੀਤੇ ਹਨ ਪਰ ਰਾਜਧਾਨੀ ਵਿਚ ਅਜਿਹਾ ਪਹਿਲਾ ਹਮਲਾ ਹੈ।