ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 4 ਜੁਲਾਈ
ਐੱਸਓਆਈ ਦੇ ਸਾਬਕਾ ਪ੍ਰਧਾਨ ਅਤੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਿੱਡੂਖੇੜਾ ਦੇ ਕਤਲ ਸਬੰਧੀ ਮਟੌਰ ਥਾਣੇ ਵਿੱਚ ਦਰਜ ਅਪਰਾਧਿਕ ਕੇਸ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੇ ਮੈਨੇਜਰ ਰਹੇ ਸ਼ਗਨਪ੍ਰੀਤ ਸਿੰਘ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਗਾਊਂ ਜ਼ਮਾਨਤ ਦੇਣ ਤੋਂ ਜਵਾਬ ਦੇ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਜਦੋਂ ਉਹ ਪਹਿਲਾਂ ਹੀ ਵਿਦੇਸ਼ ’ਚ ਹੈ ਤਾਂ ਉਸ ਨੂੰ ਅਗਾਊਂ ਜ਼ਮਾਨਤ ਕਿਵੇਂ ਦਿੱਤੀ ਜਾ ਸਕਦੀ ਹੈ? ਅਦਾਲਤ ਨੇ ਕਿਹਾ ਕਿ ਪਹਿਲਾਂ ਉਸ ਨੂੰ ਭਾਰਤ ਆਉਣਾ ਪਵੇਗਾ ਤੇ ਇਸ ਤੋਂ ਬਾਅਦ ਹੀ ਉਹ ਆਪਣੀ ਜ਼ਮਾਨਤ ਲਈ ਅਰਜ਼ੀ ਦੇ ਸਕਦਾ ਹੈ। ਸ਼ਗਨਪ੍ਰੀਤ ’ਤੇ ਸ਼ੂਟਰਾਂ ਨਾਲ ਤਾਲਮੇਲ ਰੱਖਣ ਅਤੇ ਉਨ੍ਹਾਂ ਨੂੰ ਪਨਾਹ ਦੇਣ ਦਾ ਦੋਸ਼ ਹੈ। ਇੱਥੋਂ ਦੇ ਸੈਕਟਰ-71 ਦੀ ਮਾਰਕੀਟ ਵਿੱਚ 7 ਅਗਸਤ 2021 ਨੂੰ ਨਕਾਬਪੋਸ਼ ਹਮਲਾਵਰਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਕੇ ਵਿੱਕੀ ਮਿੱਡੂਖੇੜਾ ਦਾ ਕਤਲ ਕਰ ਦਿੱਤਾ ਸੀ।