ਲੰਡਨ, 2 ਜੁਲਾਈ
ਬਰਤਾਨੀਆ ਦੇ ਵਿੱਤ ਮੰਤਰੀ ਰਿਸ਼ੀ ਸੂਨਕ ਨੇ ਕਿਹਾ ਕਿ ਭਾਰਤ ਤੇ ਬਰਤਾਨੀਆ ਵਿਚਾਲੇ ਮੁਕਤ ਵਪਾਰ ਸਮਝੌਤੇ (ਐਫਈਏ) ਤਹਿਤ ਵਿੱਤੀ ਸੇਵਾ ਖੇਤਰ ਇੱਕ ਰੁਮਾਂਚਕ ਪਹਿਲੂ ਹੈ। ਉਨ੍ਹਾਂ ਅੱਜ ਇੰਡੀਆ ਗਲੋਬਲ ਫੋਰਮ ਦੇ ਬਰਤਾਨੀਆ-ਭਾਰਤ ਪੁਰਸਕਾਰ ਸਮਾਗਮ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਫਿਨਟੈਕ ਵਰਗੇ ਖੇਤਰਾਂ ’ਚ ਦੋਵਾਂ ਮੁਲਕਾਂ ਲਈ ਬਹੁਤ ਵੱਡਾ ਮੌਕਾ ਦੇਖਦੇ ਹਨ ਤੇ ਭਾਰਤੀ ਬੀਮਾ ਬਾਜ਼ਾਰ ਨੂੰ ਖੋਲ੍ਹਣ ਦਾ ਸਵਾਗਤ ਕਰਦੇ ਹਨ। ਮੰਤਰੀ ਨੇ ਐੱਫਟੀਏ ਦਾ ਖਰੜਾ ਦੀਵਾਲੀ ਦੀ ਸਮਾਂ ਸੀਮਾ ਤੱਕ ਤਿਆਰ ਹੋਣ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਕਿਹਾ, ‘ਚੰਗੀ ਪ੍ਰਗਤੀ ਹੋ ਰਹੀ ਹੈ ਅਤੇ ਮੈਨੂੰ ਲਗਦਾ ਹੈ ਕਿ ਮੇਰੀ ਭੂਮਿਕਾ ’ਚ ਮੇਰੇ ਲਈ ਰੁਮਾਂਚਕ ਚੀਜ਼ਾਂ ’ਚੋਂ ਇੱਕ ਵਿੱਤੀ ਸੇਵਾ ਹੈ।’ ਉਨ੍ਹਾਂ ਕਿਹਾ, ‘ਵਿੱਤੀ ਸੇਵਾ ਇੱਕ ਅਜਿਹਾ ਖੇਤਰ ਹੈ ਜਿੱਥੇ ਸਾਡੇ ਦੋਵਾਂ ਮੁਲਕਾਂ ਲਈ ਬਹੁਤ ਵੱਡਾ ਮੌਕਾ ਹੈ। ਭਾਰਤ ਦਾ ਟੀਚਾ ਪੂਰੇ ਅਰਥਚਾਰੇ ’ਚ ਬੀਮੇ ਦਾ ਪਸਾਰ ਕਰਨਾ ਹੈ ਕਿਉਂਕਿ ਬੀਮਾ ਲੋਕਾਂ ਤੇ ਵਿਕਾਸ ਨੂੰ ਸੁਰੱਖਿਆ ਦੇਣ ਲਈ ਇੱਕ ਵੱਡੀ ਚੀਜ਼ ਹੈ। ਅਸੀਂ ਇਸ ਵਿੱਚ ਮਦਦ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ ਇੱਕ ਸ਼ਾਨਦਾਰ ਬੀਮਾ ਸਨਅਤ ਹੈ।’ -ਪੀਟੀਆਈ