ਨਵੀਂ ਦਿੱਲੀ, 3 ਜੁਲਾਈ
ਦਵਾਈਆਂ ਦੀਆਂ ਕੀਮਤਾਂ ਤੈਅ ਕਰਨ ਵਾਲੀ ਅਥਾਰਟੀ (ਐੱਨਪੀਪੀਏ) ਨੇ ਸ਼ੂਗਰ, ਸਿਰ ਦਰਦ ਅਤੇ ਹਾਈਪਰਟੈਨਸ਼ਨ ਦੇ ਇਲਾਜ ਵਿਚ ਵਰਤੀਆਂ ਜਾਣ ਵਾਲੀਆਂ 84 ਦਵਾਈਆਂ ਦੀਆਂ ਪ੍ਰਚੂਨ ਕੀਮਤਾਂ ਤੈਅ ਕੀਤੀਆਂ ਹਨ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐੱਨਪੀਪੀਏ) ਦੇ ਨਿਰਦੇਸ਼ ਮੁਤਾਬਕ ਵੋਗਲੀਬੋਜ਼ ਅਤੇ (SR) ਮੈਟਫੋਰਮਿਨ ਹਾਈਡ੍ਰੋਕਲੋਰਾਈਡ ਦੀ ਇੱਕ ਗੋਲੀ ਦੀ ਕੀਮਤ ਜੀਐੱਸਟੀ ਨੂੰ ਛੱਡ ਕੇ 10.47 ਰੁਪਏ ਹੋਵੇਗੀ। ਇਸੇ ਤਰ੍ਹਾਂ ਪੈਰਾਸੀਟਾਮੋਲ ਅਤੇ ਕੈਫੀਨ ਦੀ ਕੀਮਤ 2.88 ਰੁਪਏ ਪ੍ਰਤੀ ਗੋਲੀ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ ਇੱਕ ਰੋਸੁਵਾਸਟੇਟਿਨ ਐਸਪਰੀਨ ਅਤੇ ਕਲੋਪੀਡੋਗਰੇਲ ਕੈਪਸੂਲ ਦੀ ਕੀਮਤ 13.91 ਰੁਪਏ ਰੱਖੀ ਗਈ ਹੈ। ਵੱਖਰੇ ਨੋਟੀਫਿਕੇਸ਼ਨ ਵਿੱਚ ਐੱਨਪੀਪੀਏ ਨੇ ਕਿਹਾ ਕਿ ਉਸ ਨੇ ਤਰਲ ਮੈਡੀਕਲ ਆਕਸੀਜਨ ਅਤੇ ਆਕਸੀਜਨ ਇਨਹੇਲੇਸ਼ਨ (ਮੈਡੀਸਨਲ ਗੈਸ) ਦੀ ਸੋਧੀ ਹੋਈ ਸੀਲਿੰਗ ਕੀਮਤ ਨੂੰ ਇਸ ਸਾਲ 30 ਸਤੰਬਰ ਤੱਕ ਵਧਾ ਦਿੱਤਾ ਹੈ।