ਇਸਲਾਮਾਬਾਦ, 1 ਜੁਲਾਈ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀਆਂ ਫੋਟੋਆਂ ਉਸ ਦੇ ਗੀਤ ‘295’ ਦੇ ਜ਼ਿਕਰ ਨਾਲ ਪਾਕਿਸਤਾਨ ਦੇ ਚੋਣਾਂ ਨਾਲ ਸਬੰਧਤ ਪੋਸਟਰਾਂ ਉਤੇ ਜਾ ਪਹੁੰਚੀਆਂ ਹਨ। ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਜ਼ਿਮਨੀ ਚੋਣਾਂ ਹਨ ਤੇ ਉਮੀਦਵਾਰ ਮੁਲਕ ਵਿਚ ਸਿੱਧੂ ਦੀ ਮਕਬੂਲੀਅਤ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁਲਤਾਨ ਖੇਤਰ ਦੀ ਪੀਪੀ 217 ਸੀਟ ਉਤੇ ਹੋਣ ਵਾਲੀ ਚੋਣ ਲਈ ਪ੍ਰਚਾਰ ਦੇ ਮੰਤਵ ਨਾਲ ਪੋਸਟਰਾਂ ਉਤੇ ਸਿੱਧੂ ਦੀਆਂ ਫੋਟੋਆਂ ਛਾਪੀਆਂ ਗਈਆਂ ਹਨ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਦੇ ਉਮੀਦਵਾਰ ਜ਼ੈਨ ਕੁਰੈਸ਼ੀ ਦੇ ਪੋਸਟਰਾਂ ’ਤੇ ਸਿੱਧੂ ਦੀਆਂ ਫੋਟੋਆਂ ਦੇਖੀਆਂ ਜਾ ਸਕਦੀਆਂ ਹਨ। ਜ਼ੈਨ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਪੁੱਤਰ ਹੈ। ਸੀਟ ਉਤੇ ਜ਼ਿਮਨੀ ਚੋਣ 17 ਜੁਲਾਈ ਨੂੰ ਹੋਵੇਗੀ। -ਪੀਟੀਆਈ