ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਜੁਲਾਈ
ਸੰਗਰੂਰ ਪੁਲੀਸ ਨੇ ਖਾਲਿਸਤਾਨੀ ਨਾਅਰੇ ਲਿਖਣ ਵਾਲੇ ਸਿੱਖ ਫਾਰ ਜਸਟਿਸ ਨਾਲ ਸਬੰਧਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦਾ ਦਾਅਵਾ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਹਰਿਆਣਾ ਦੇ ਕਰਨਾਲ ਅਤੇ ਜ਼ਿਲ੍ਹਾ ਸੰਗਰੂਰ ਵਿੱਚ ਨਾਅਰੇ ਲਿਖੇ ਹਨ। ਗ੍ਰਿਫ਼ਤਾਰ ਕੀਤੇ ਵਿਆਕਤੀਆਂ ਕੋਲੋਂ 5 ਮੋਬਾਈਲ ਫੋਨ, 5 ਸਿਮ ਕਾਰਡ, ਦੋ ਮੋਟਸਾਈਕਲ, ਤਿੰਨ ਬੋਤਲਾਂ ਸਪਰੇਅ ਅਤੇ ਵਾਰਦਾਤ ਸਮੇਂ ਪਹਿਨੇ ਕੱਪੜੇ ਬਰਾਮਦ ਹੋਏ ਹਨ। ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੰਗਰੂਰ ਵਿੱਚ 19 ਅਤੇ 26 ਜੂਨ ਨੂੰ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਗਏ ਸਨ। ਇਨ੍ਹਾਂ ਘਟਨਾਵਾਂ ਦੀ ਜ਼ਿੰਮੇਵਾਰੀ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਜਾਰੀ ਕਰਕੇ ਲਈ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਰੇਸ਼ਮ ਸਿੰਘ ਵਾਸੀ ਪਿੰਡ ਹਮੀਦੀ ਜ਼ਿਲ੍ਹਾ ਬਰਨਾਲਾ, ਕੁਲਵਿੰਦਰ ਸਿੰਘ ਅਤੇ ਉਸ ਦਾ ਪੁੱਤਰ ਮਨਪ੍ਰੀਤ ਸਿੰਘ ਵਾਸੀ ਪਿੰਡੀ ਕੇਹਰ ਸਿੰਘ ਥਾਣਾ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਰੇਸ਼ਮ ਸਿੰਘ ਪਿਛਲੇ ਦੋ ਸਾਲਾਂ ਤੋਂ ਸੋਸ਼ਲ ਮੀਡੀਆ ਰਾਹੀਂ ਗੁਰਪਤਵੰਤ ਸਿੰਘ ਪੰਨੂੰ ਦੇ ਸੰਪਰਕ ਵਿੱਚ ਸੀ ਅਤੇ ਉਨ੍ਹਾਂ ਨਾਲ ਫੋਨ ਤੇ ਗੱਲ ਕਰਦਾ ਸੀ।