ਦਰਸ਼ਨ ਸਿੰਘ ਸੋਢੀ
ਮੁਹਾਲੀ, 28 ਜੂਨ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਵੱਲੋਂ ਅੱਜ ਬਾਅਦ ਦੁਪਹਿਰ ਸਵਾ 3 ਵਜੇ ਆਨਲਾਈਨ ਵਿਧੀ ਰਾਹੀਂ +2 ਦਾ ਨਤੀਜਾ ਐਲਾਨਿਆ ਗਿਆ। ਪ੍ਰੀਖਿਆ ਵਿੱਚ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਦੀ ਅਰਸ਼ਦੀਪ ਕੌਰ ਨੇ ਕੁੱਲ ਅੰਕ 500 ‘ਚੋਂ 497 ਅੰਕ ਕਰਕੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਛੋਆਣਾ (ਮਾਨਸਾ) ਦੀ ਅਰਸ਼ਪ੍ਰੀਤ ਕੌਰ ਨੇ ਕੁੱਲ ਅੰਕ 500 ‘ਚੋਂ 497 ਅੰਕ ਕਰਕੇ ਦੂਜਾ ਸਥਾਨ ਮੱਲਿਆ ਅਤੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋਂ ਜ਼ਿਲ੍ਹਾ ਫਰੀਦਕੋਟ ਦੀ ਕੁਲਵਿੰਦਰ ਕੌਰ ਨੇ ਵੀ ਕੁੱਲ ਅੰਕ 500 ‘ਚੋਂ 497 ਅੰਕ ਕਰਕੇ ਤੀਜਾ ਸਥਾਨ ਜਾਸਲ ਕੀਤਾ ਹੈ। ਹਾਲਾਂਕਿ ਇਨ੍ਹਾਂ ਤਿੰਨਾਂ ਨੇ ਬਰਾਬਰ ਅੰਕ ਹਨ ਪਰ ਬੋਰਡ ਮੈਨੇਜਮੈਂਟ ਨੇ ਵਿਦਿਆਰਥਣਾਂ ਦੀ ਜਨਮ ਮਿਤੀ ਦੇ ਆਧਾਰ ’ਤੇ ਮੈਰਿਟ ਐਲਾਨੀ ਹੈ। ਚੇਅਰਮੈਨ ਨੇ ਦੱਸਿਆ ਕਿ ਪ੍ਰੀਖਿਆ ਵਿੱਚ ਕੁੱਲ 3 ਲੱਖ 1 ਹਜ਼ਾਰ 700 ਵਿਦਿਆਰਥੀ ਬੈਠੇ, ਜਿਨਾਂ ‘ਚੋਂ 2 ਲੱਖ 92 ਹਜ਼ਾਰ 530 ਪਾਸ ਹੋਏ ਹਨ, ਜਿਨਾਂ ਦੀ ਪਾਸ ਪ੍ਰਤੀਸ਼ਤਤਾ 96.96 ਫੀਸਦੀ ਬਣਦੀ ਹੈ। 1 ਲੱਖ 37 ਹਜ਼ਾਰ 161 ਲੜਕੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨਾਂ ‘ਚੋਂ 1 ਲੱਖ 34 ਹਜ਼ਾਰ 122 ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 97.78 ਫੀਸਦੀ ਬਣਦੀ ਹੈ। ਚੇਅਰਮੈਨ ਨੇ ਪੰਜਾਬ ਭਰ ‘ਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਈਆਂ ਬੱਚੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਹੈ।