ਕੋਲੰਬੋ, 27 ਜੂਨ
ਅਮਰੀਕਾ ਦੇ ਉੱਚ ਪੱਧਰੀ ਵਫ਼ਦ ਨੇ ਅੱਜ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨਾਲ ਮੁਲਾਕਾਤ ਕਰਕੇ ਮੁਲਕ ਨੂੰ ਆਰਥਿਕ ਸੰਕਟ ’ਚੋਂ ਕੱਢਣ ਲਈ ਕਈ ਸੁਝਾਅ ਦਿੱਤੇ। ਇਸ ਦੇ ਨਾਲ ਲੋੜੀਂਦੀਆਂ ਵਸਤਾਂ ਦੀ ਕਮੀ ਦੂਰੀ ਕਰਨ ਲਈ ਕਦਮ ਉਠਾਉਣ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਅਮਰੀਕੀ ਸਫ਼ੀਰ ਜੂਲੀ ਜੇ ਚੁੰਗ ਨੇ ਕਿਹਾ ਕਿ ਇਹ ਚੁਣੌਤੀਪੂਰਨ ਸਮਾਂ ਹੈ ਪਰ ਸ੍ਰੀਲੰਕਾ ਦੇ ਭਵਿੱਖ ਲਈ ਉਸ ਨੂੰ ਸਹਿਯੋਗ ਜਾਰੀ ਰਹੇਗਾ। ਅਮਰੀਕੀ ਵਫ਼ਦ ਨੇ ਰਾਸ਼ਟਰਪਤੀ ਨਾਲ ਉਸ ਸਮੇਂ ਮੀਟਿੰਗ ਕੀਤੀ ਹੈ ਜਦੋਂ ਬਿਜਲੀ ਤੇ ਊਰਜਾ ਮੰਤਰੀ ਕੰਚਨ ਵਿਜੇਸ਼ੇਖਰਾ ਨੇ ਕਿਹਾ ਕਿ ਸੋਮਵਾਰ ਨੂੰ ਦੋ ਮੰਤਰੀ ਰੂਸ ਤੋਂ ਸਸਤੇ ਭਾਅ ’ਤੇ ਈਂਧਣ ਖ਼ਰੀਦਣ ਵਾਸਤੇ ਗੱਲਬਾਤ ਕਰਨ ਲਈ ਮਾਸਕੋ ਜਾ ਰਹੇ ਹਨ। -ਪੀਟੀਆਈ