ਜਗਮੋਹਨ ਸਿੰਘ
ਰੂਪਨਗਰ/ਘਨੌਲੀ, 26 ਜੂਨ
ਅੱਜ ਪੰਜਾਬ ਵਿੱਚ ਬਿਜਲੀ ਦੀ ਮੰਗ 13000 ਮੈਗਾਵਾਟ ਤੋਂ ਉੱਪਰ ਟੱਪ ਗਈ, ਜਿਸ ਤੋਂ ਬਾਅਦ ਪਾਵਰਕੌਮ ਵੱਲੋਂ ਸੂਬੇ ਦੇ ਪਣ-ਬਿਜਲੀ ਘਰਾਂ ਅਤੇ ਥਰਮਲ ਪਲਾਂਟਾਂ ਦਾ ਉਤਪਾਦਨ ਵਧਾ ਦਿੱਤਾ ਗਿਆ ਹੈ। ਜ਼ਿਲ੍ਹਾ ਰੂਪਨਗਰ ਦੇ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਤੇ ਨੱਕੀਆਂ ਅਤੇ ਕੋਟਲਾ ਪਾਵਰ ਹਾਊਸ ਵਿਖੇ ਲੱਗੇ 134 ਮੈਗਾਵਾਟ ਦੇ ਚਾਰ ਪਣ-ਬਿਜਲੀ ਘਰਾਂ ਵੱਲੋਂ 120 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਥਰਮਲ ਪਲਾਂਟ ਰੂਪਨਗਰ ਦਾ ਤਕਨੀਕੀ ਨੁਕਸ ਕਾਰਨ ਬੰਦ ਹੋਇਆ 3 ਨੰਬਰ ਯੂਨਿਟ ਅੱਜ ਚਾਲੂ ਕਰ ਦਿੱਤਾ ਗਿਆ। ਅੱਜ 840 ਮੈਗਾਵਾਟ ਸਮਰਥਾ ਵਾਲੇ ਥਰਮਲ ਪਲਾਂਟ ਰੂਪਨਗਰ ਦੇ ਚਾਰੋਂ ਯੂਨਿਟਾਂ ਵੱਲੋਂ 617 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਗਿਆ, ਜਿਸ ਵਿੱਚੋਂ ਯੂਨਿਟ ਨੰਬਰ 3 ਦੁਆਰਾ 152 ਮੈਗਾਵਾਟ, ਯੂਨਿਟ ਨੰਬਰ 4 ਦੁਆਰਾ 158 ਮੈਗਾਵਾਟ , ਯੂਨਿਟ ਨੰਬਰ 5 ਦੁਆਰਾ 152 ਮੈਗਾਵਾਟ ਅਤੇ ਯੂਨਿਟ ਨੰਬਰ ਦੁਆਰਾ 155 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ।