ਇਸਲਾਮਾਬਾਦ, 24 ਜੂਨ
ਪਾਕਿਸਤਾਨ ਨੇ ਅੱਜ ਕਿਹਾ ਕਿ ਉਹ ਭਾਰਤ ਨਾਲ ‘ਨਤੀਜਾ-ਮੁਖੀ’ ਗੱਲਬਾਤ ਕਰਨਾ ਚਾਹੁੰਦਾ ਹੈ ਪਰ ਅਜਿਹੀ ਗੱਲਬਾਤ ਲਈ ‘ਮਾਹੌਲ’ ਸਾਜ਼ਗਾਰ ਨਹੀਂ ਹੈ। ਪਾਕਿਸਤਾਨ ਵਿਦੇਸ਼ ਦਫ਼ਤਰ ਦੇ ਤਰਜਮਾਨ ਆਸਿਮ ਇਫ਼ਤਿਖਾਰ ਅਹਿਮਦ ਨੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀਆਂ ਹਾਲੀਆਂ ਟਿੱਪਣੀਆਂ ਸਬੰਧੀ ਸਵਾਲ ਦੇ ਜਵਾਬ ’ਚ ਕਿਹਾ, “ਅਸੀਂ ਆਮ ਸਬੰਧ ਚਾਹੁੰਦੇ ਹਾਂ ਪਰ ਅਤਿਵਾਦ ਲਈ ਸਹਿਣਸ਼ੀਲਤਾ ਦੀ ਹੱਦ ਬਹੁਤ ਘੱਟ ਹੈ। ਸਾਡੇ ਵਿਰੋਧੀ ਦੀ ਪਸੰਦ ’ਤੇ ਸ਼ਾਂਤੀ ਅਤੇ ਜੰਗ ਨਹੀਂ ਹੋ ਸਕਦੀ। ਗੱਲਬਾਤ ਕਦੋਂ, ਕਿਸ ਨਾਲ ਅਤੇ ਸ਼ਰਤਾਂ ਬਾਰੇ ਫੈਸਲਾ ਅਸੀਂ ਕਰਾਂਗੇ।’’ ਤਰਜਮਾਨ ਨੇ ਕਿਹਾ ਕਿ ਇਹ ਪਾਕਿਸਤਾਨ ਦਾ ਅਧਿਕਾਰਤ ਸਟੈਂਡ ਹੈ ਕਿ ਭਾਰਤ ਸਮੇਤ ਗੁਆਂਢੀਆਂ ਨਾਲ ਦੋਸਤਾਨਾ ਸਹਿਯੋਗੀ ਸਬੰਧ ਹੋਣ ਅਤੇ ਸਾਰੇ ਮੁੱਦਿਆਂ ਨੂੰ ਇੱਕ ‘ਨਤੀਜਾ-ਮੁਖੀ ਅਤੇ ਸਾਰਥਕ ਗੱਲਬਾਤ ਰਾਹੀਂ ਹੱਲ ਕੀਤਾ ਜਾਵੇ, ਜਿਸ ਨਾਲ ਬਕਾਇਆ ਮੁੱਦਿਆਂ, ਖਾਸਕਰ ਜੰਮੂ ਅਤੇ ਕਸ਼ਮੀਰ ਵਿਵਾਦ ’ਤੇ ਗੱਲਬਾਤ ਅੱਗੇ ਵਧ ਸਕਦੀ ਹੈ।’’ ਦੱਸਣਯੋਗ ਹੈ ਕਿ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਇਸ ਹਫਤੇ ਕਿਹਾ ਸੀ ਕਿ ਭਾਰਤ ਪਾਕਿਸਤਾਨ ਨਾਲ ਆਮ ਸਬੰਧ ਰੱਖਣਾ ਚਾਹੁੰਦਾ ਹੈ ਪਰ ਦਹਿਸ਼ਤਗਰਦੀ ਪ੍ਰਤੀ ਉਸ ਦੀ ਸਹਿਣਸ਼ੀਲਤਾ ਦੀ ਹੱਦ ਬਹੁਤ ਘੱਟ ਹੈ। -ਪੀਟੀਆਈ