ਜਗਮੋਹਨ ਸਿੰਘ
ਰੂਪਨਗਰ/ਘਨੌਲੀ, 21 ਜੂਨ
ਪੰਜਾਬ ਵਿੱਚ ਮੀਂਹ ਪੈਣ ਕਾਰਨ ਸੂਬੇ ਦਾ ਤਾਪਮਾਨ ਘਟਣ ਬਾਅਦ ਸਵੇਰ ਵੇਲੇ ਬਿਜਲੀ ਦੀ ਮੰਗ 3000 ਮੈਗਾਵਾਟ ਘਟ ਗਈ ਪਰ ਦੁਪਹਿਰ ਤੋਂ ਬਾਅਦ ਬਿਜਲੀ ਦੀ ਮੰਗ ਦੁਬਾਰਾ ਫਿਰ ਵਧਣੀ ਸ਼ੁਰੂ ਹੋ ਗਈ, ਜਿਹੜੀ ਕਿ ਖ਼ਬਰ ਲਿਖੇ ਜਾਣ ਤੱਕ 9200 ਮੈਗਾਵਾਟ ਤੋਂ ਵਧਦੀ ਹੋਈ 10554 ਮੈਗਾਵਾਟ ਤੱਕ ਅੱਪੜ ਚੁੱਕੀ ਸੀ। ਬੀਤੇ ਦਿਨ ਤੋਂ ਪੈ ਰਹੀ ਬਾਰਸ਼ ਕਾਰਨ ਸੂਬੇ ਦਾ ਘੱਟੋ ਘੱਟ ਤਾਪਮਾਨ 24 ਡਿਗਰੀ ਸੈਂਟੀਗਰੇਡ ਤੱਕ ਰਹਿਣ ਜਾਣ ਉਪਰੰਤ ਬਿਜਲੀ ਦੀ ਮੰਗ ਘਟ ਕੇ 9000 ਮੈਗਾਵਾਟ ਦੇ ਨੇੜੇ ਢੁੱਕ ਗਈ ਸੀ, ਜਿਸ ਕਰਕੇ ਪਾਵਰਕਾਮ ਨੇ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਦਾ ਉਤਪਾਦਨ ਘਟਾ ਦਿੱਤਾ ਸੀ ਪਰ ਦੁਪਹਿਰ ਤੋਂ ਬਾਅਦ ਮੰਗ ਫਿਰ ਵਧਣੀ ਸ਼ੁਰੂ ਹੋ ਗਈ। ਇਸ ਕਾਰਨ ਥਰਮਲ ਪਲਾਂਟਾਂ ਦੇ ਯੂਨਿਟਾਂ ਦੀ ਬਿਜਲੀ ਪੈਦਾ ਕਰਨ ਦੀ ਗਤੀ ਵੀ ਵਧਣੀ ਸ਼ੁਰੂ ਹੋ ਗਈ। ਉੱਧਰ ਭਾਖੜਾ ਬਿਆਸ ਮੈਨੇਜਮੈਟ ਬੋਰਡ ਵੱਲੋਂ ਨਹਿਰਾਂ ਤੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਾਉਣ ਉਪਰੰਤ ਪਣ-ਬਿਜਲੀ ਘਰਾਂ ਦੇ ਉਤਪਾਦਨ ਨੇ ਵੀ ਤੇਜ਼ੀ ਫੜ ਲਈ ਹੈ। ਹੈੱਡ ਵਰਕਸ ਰੂਪਨਗਰ ਤੋਂ ਅਨੁਸਾਰ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਵਿੱਚ ਪਾਣੀ ਦਾ ਪੱਧਰ 10150 ਕਿਊਸਿਕ ਤੱਕ ਪੁੱਜ ਗਿਆ ਹੈ, ਜਿਸ ਉਪਰੰਤ ਇਸ ਨਹਿਰ ਤੇ ਰੂਪਨਗਰ ਜ਼ਿਲ੍ਹੇ ਵਿੱਚ ਕੋਟਲਾ ਪਾਵਰ ਹਾਊਸ ਤੇ ਨੱਕੀਆਂ ਵਿਖੇ ਲੱਗੇ ਪਣ ਬਿਜਲੀ ਘਰਾਂ ਦੇ ਚਾਰੇ ਯੁਨਿਟਾਂ ਨੇ ਪੂਰੀ ਰਫਤਾਰ ਨਾਲ ਬਿਜਲੀ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਹੈ। ਪਾਵਰਕਾਮ ਦੇ ਲੋਡ ਡਿਸਪੈਚ ਸੈਂਟਰ ਤੋਂ ਅਨੁਸਾਰ ਅੱਜ 67 ਮੈਗਾਵਾਟ ਸਮਰੱਥਾ ਵਾਲੇ ਕੋਟਲਾ ਪਾਵਰ ਹਾਊਸ ਦੇ ਦੋਵੇਂ ਯੂਨਿਟਾਂ ਵੱਲੋਂ 59 ਮੈਗਾਵਾਟ ਤੇ ਇੰਨੀ ਹੀ ਸਮਰੱਥਾ ਵਾਲੇ ਨੱਕੀਆਂ ਪਣ ਬਿਜਲੀ ਘਰ ਵੱਲੋਂ ਵੀ 59 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਰਣਜੀਤ ਸਾਗਰ ਡੈਮ ਪਣ ਬਿਜਲੀ ਘਰ ਦੇ 150 ਮੈਗਾਵਾਟ ਸਮਰੱਥਾ ਵਾਲੇ 1 ਨੰਬਰ ਯੂਨਿਟ ਦੁਆਰਾ 120 ਮੈਗਾਵਾਟ ਅਤੇ ਇੰਨੀ ਹੀ ਸਮਰੱਥਾ ਵਾਲੇ ਯੂਨਿਟ ਨੰਬਰ 4 ਦੁਆਰਾ 121 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਅੱਪਰ ਬਾਰੀ ਦੋਆਬ ਪਣ ਬਿਜਲੀ ਘਰ ਦੇ 91.35 ਮੈਗਾਵਾਟ ਵਾਲੇ 6 ਯੂਨਿਟਾਂ ਦੁਆਰਾ 86 ਮੈਗਾਵਾਟ ,225 ਮੈਗਾਵਾਟ ਸਮਰੱਥਾ ਵਾਲੇ ਮੁਕੇਰੀਆਂ ਹਾਈਡਲ ਪ੍ਰਾਜੈਕਟ ਦੇ 14 ਯੂਨਿਟਾਂ ਦੁਆਰਾ 213 ਮੈਗਾਵਾਟ, 110 ਮੈਗਾਵਾਟ ਵਾਲੇ ਸ਼ਾਨਨ ਪਣ ਬਿਜਲੀ ਘਰ ਦੁਆਰਾ 49 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਗਿਆ। ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚੋਂ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਦੁਪਹਿਰ ਤੱਕ 635 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਸਨ ਤੇ ਦੁਪਹਿਰ ਤੋਂ ਬਾਅਦ 1400 ਮੈਗਾਵਾਟ ਸਮਰੱਥਾ ਵਾਲੇ ਇਹ ਯੂਨਿਟ 1317 ਮੈਗਾਵਾਟ ਬਿਜਲੀ ਪੈਦਾ ਕਰਨ ਲੱਗੇ।ਤਲਵੰਡੀ ਸਾਬੋ ਦੇ ਤਿੰਨ ਯੂਨਿਟਾਂ ਦੁਆਰਾ 1102 ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ 1 ਨੰਬਰ ਯੂਨਿਟ ਦੁਆਰਾ 154 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਤੇ ਇਸ ਪਲਾਂਟ ਦਾ 2 ਨੰਬਰ ਯੂਨਿਟ ਬੰਦ ਰਿਹਾ। ਸਰਕਾਰੀ ਥਰਮਲ ਪਲਾਂਟਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ 630 ਮੈਗਾਵਾਟ ਸਮਰੱਥਾ ਵਾਲੇ 3 ਯੂਨਿਟਾਂ ਨੇ 449 ਮੈਗਾਵਾਟ ਬਿਜਲੀ ਪੈਦਾ ਕੀਤੀ ਤੇ ਇਸ ਪਲਾਂਟ ਦਾ 5 ਨੰਬਰ ਯੁਨਿਟ ਅੱਜ ਵੀ ਬੰਦ ਰਿਹਾ। ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ 3 ਯੂਨਿਟ ਬੰਦ ਰਹੇ , ਜਦੋਂ ਕਿ ਇਸ ਪਲਾਂਟ ਦੇ 3 ਨੰਬਰ ਯੂਨਿਟ ਨੇ 163 ਮੈਗਾਵਾਟ ਬਿਜਲੀ ਪੈਦਾ ਕੀਤੀ।