ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 19 ਜੂਨ
ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਪਿਛਲੇ ਹਫ਼ਤੇ ਵਿਆਜ ਦਰ ਵਧਾਉਣ ਤੇ ਇਸ ਵਿਚ ਹੋਰ ਇਜ਼ਾਫ਼ੇ ਦੀ ਸੰਭਾਵਨਾ ਦੇ ਮੱਦੇਨਜ਼ਰ ਭਾਰਤੀ ਸ਼ੇਅਰ ਬਾਜ਼ਾਰ ਉਤੇ ਅਸਰ ਪਿਆ ਹੈ। ‘ਬੁਲ-ਰਨ’ (ਲੰਮੇ ਸਮੇਂ ਲਈ ਸ਼ੇਅਰਾਂ ਦਾ ਚੜ੍ਹਦੇ ਰਹਿਣਾ) ਖ਼ਤਮ ਹੋਣ ਨਾਲ ਭਾਰਤ ਵਿਚ ਲੋਕ ਹੁਣ ‘ਫਿਕਸਡ ਡਿਪਾਜ਼ਿਟ’ (ਐਫਡੀ) ਕਰਾਉਣ ਵੱਲ ਵੱਧ ਖਿੱਚੇ ਜਾ ਰਹੇ ਹਨ। ਭਾਰਤੀ ਸਟੇਟ ਬੈਂਕ ਨੇ ਪਹਿਲਾਂ ਹੀ ਦੋ ਕਰੋੜ ਰੁਪਏ ਤੋਂ ਘੱਟ ਦੀ ਐਫਡੀ ਲਈ ਵਿਆਜ ਦਰਾਂ ਵਧਾ ਦਿੱਤੀਆਂ ਸਨ। ਇਹ ਕਦਮ ਡਿਗ ਰਹੇ ਸ਼ੇਅਰ ਬਾਜ਼ਾਰ ਤੋਂ ਦੂਰ ਜਾ ਰਹੇ ਪ੍ਰਚੂਨ ਨਿਵੇਸ਼ਕਾਂ ਨੂੰ ਖਿੱਚਣ ਲਈ ਚੁੱਕਿਆ ਗਿਆ ਸੀ। ਦੱਸਣਯੋਗ ਹੈ ਕਿ ਆਰਬੀਆਈ ਵੀ ਆਪਣੀ ਅਗਲੀ ਮੁਦਰਾ ਨੀਤੀ ਮੀਟਿੰਗ ਵਿਚ ਵਿਆਜ ਦਰ ਵਧਾ ਸਕਦੀ ਹੈ। ਇਹ ਮੀਟਿੰਗ ਅਗਸਤ ਦੇ ਸ਼ੁਰੂ ਵਿਚ ਹੋਵੇਗੀ। ਇਸ ਨਾਲ ਲੋਕ ਹੋਰ ਵੱਧ ਐਫਡੀ ਵਿਚ ਨਿਵੇਸ਼ ਕਰ ਸਕਦੇ ਹਨ ਕਿਉਂਕਿ ਇਹ ਇਕੁਇਟੀ ਤੋਂ ਜ਼ਿਆਦਾ ਫਾਇਦੇਮੰਦ ਸਾਬਿਤ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਬਾਕੀ ਮੁਲਕਾਂ ਦੇ ਮੁਕਾਬਲੇ ਭਾਰਤ ਨੇ ਮਹਿੰਗਾਈ ਉਤੇ ਬਿਹਤਰ ਢੰਗ ਨਾਲ ਲਗਾਮ ਕੱਸੀ ਹੋਈ ਹੈ।