ਸੰਜੀਵ ਤੇਜਪਾਲ
ਮੋਰਿੰਡਾ, 19 ਜੂਨ
ਇਥੋਂ ਦੀ ਮੋਰਿੰਡਾ-ਸ੍ਰੀ ਚਮਕੌਰ ਸਾਹਿਬ ਸੜਕ ’ਤੇ ਸੀਵਰੇਜ ਦਾ ਮੇਨਹੋਲ ਟੁੱਟਣ ਕਾਰਨ ਇਸ ਏਰੀਆ ਵਿੱਚ ਸੀਵਰੇਜ ਦਾ ਪਾਣੀ ਘਰਾਂ ਵਿੱਚ ਵੜ ਗਿਆ ਜਿਸ ਕਾਰਨ ਲੋਕਾਂ ਨੂੰ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਸੁਪਿੰਦਰ ਸਿੰਘ ਭੰਗੂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਮੋਰਿੰਡਾ, ਕਾਂਗਰਸੀ ਆਗੂ ਡਾਕਟਰ ਬਚਨ ਲਾਲ ਵਰਮਾ, ਚਰਨਜੀਤ ਚੰਨੀ ਡੇਅਰੀ ਵਾਲੇ, ਮੋਹਣ ਲਾਲ ਵੀਰਜੀ, ਅਮਿਤ ਪੁਰੀ, ਚਾਂਦਗੀ ਰਾਮ, ਕ੍ਰਿਸ਼ਨ ਪੁਰੀ, ਦਰਸ਼ਨ ਸਿੰਘ ਨੇ ਦੱਸਿਆ ਕਿ ਸੀਵਰੇਜ ਦੇ ਸਿਸਟਮ ਸ਼ਹਿਰ ਵਿੱਚ ਬਹੁਤ ਹੀ ਮਾੜਾ ਹਾਲ ਹੈ। ਇਸ ਸੀਵਰੇਜ ਸਿਸਟਮ ਦੀ ਕਦੇ ਕੋਈ ਪਾਈਪ ਟੁੱਟ ਜਾਂਦੀ ਹੈ ਅਤੇ ਕਦੇ ਕੋਈ ਮੇਨਹੋਲ ਖੁੱਲ੍ਹਾ ਰਹਿ ਜਾਂਦਾ ਹੈ। ਜਦੋਂ ਕੋਈ ਪਾਈਪ ਟੁੱਟ ਜਾਂਦੀ ਹੈ ਤਾਂ ਉਸਨੂੰ ਕਈ-ਕਈ ਦਿਨ ਰਿਪੇਅਰ ਨਹੀਂ ਕੀਤਾ ਜਾਂਦਾ। ਬਚਨ ਲਾਲ ਵਰਮਾ ਨੇ ਕਿਹਾ ਕਿ ਸ਼ਹਿਰ ਵਿੱਚ ਫੈਲੀ ਇਸ ਗੰਦਗੀ ਦੇ ਕਾਰਨ ਇਥੇ ਰਹਿਣ ਨੂੰ ਦਿਲ ਨਹੀਂ ਕਰਦਾ। ਉਨ੍ਹਾਂ ਨੇ ਕਿਹਾ ਕਿ ਮਗਰਲੇ ਦੋ ਸਾਲ ਤੋਂ ਸੀਵਰੇਜ ਦੀ ਗੰਭੀਰ ਸਮੱਸਿਆ ਬਣੀ ਹੋਈ ਹੈ। ਕਰੋੜਾਂ ਰੁਪਏ ਖਰਚ ਕੇ ਜੋ ਸੀਵਰੇਜ ਟਰੀਟਮੈਂਟ ਪਲਾਂਟ ਲਗਾਇਆ ਗਿਆ ਸੀ, ਉਸ ਵਿੱਚ ਕਦੇ ਬਿਜਲੀ ਚਲੀ ਜਾਂਦੀ ਹੈ ਅਤੇ ਕਦੇ ਜਨਰੇਟਰ ਨਾ ਹੋਣ ਕਾਰਨ ਪਾਣੀ ਓਵਰਫਲੋਅ ਹੋ ਕੇ ਵਾਪਿਸ ਸ਼ਹਿਰ ਵਿੱਚ ਵੜ ਜਾਂਦਾ ਹੈ। ਜਿਸ ਕਾਰਨ ਉਹ ਲੋਕਾਂ ਲਈ ਪ੍ਰੇਸ਼ਾਨੀ ਖੜ੍ਹੀ ਕਰਦਾ ਹੈ ਅਤੇ ਲੋਕਾਂ ਦੇ ਘਰਾਂ ਵਿੱਚ ਵੜ ਜਾਂਦਾ ਹੈ। ਨਗਰ ਖੇੜੇ ਦੇ ਕੋਲ ਵੀ ਹਮੇਸ਼ਾ ਹੀ ਪਾਣੀ ਖੜ੍ਹਾ ਰਹਿੰਦਾ ਹੈ। ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਰਲ ਕੇ ਟੂਟੀਆਂ ਵਿੱਚੋਂ ਆਉਣਾ ਸ਼ੁਰੂ ਹੋ ਗਿਆ ਹੈ। ਜਿਸ ਨਾਲ ਬਰਸਾਤ ਦੇ ਦਿਨਾਂ ਵਿੱਚ ਕੋਈ ਭਿਆਨਕ ਬਿਮਾਰੀ ਵੀ ਫੈਲ ਸਕਦੀ ਹੈ। ਇਸ ਮਾਮਲੇ ਨੂੰ ਲੈ ਕੇ ਜਦੋਂ ਨੋਡਲ ਅਫਸਰ ਅਤੇ ਕਾਰਜਸਾਧਕ ਅਫਸਰ ਅਸ਼ੋਕ ਪਥਰੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਮੋਰਿੰਡਾ ਵਿੱਚ ਸੀਵਰੇਜ ਦੀ ਵੱਡੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਬਹੁਤ ਜਲਦੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਕੋਈ ਠੋਸ ਉਪਰਾਲਾ ਕੀਤਾ ਜਾਵੇਗਾ।
ਸੜਕ ਨੇੜੇ ਪੁੱਟਿਆ ਖੱਡਾ ਦੇ ਰਿਹਾ ਹੈ ਹਾਦਸਿਆਂ ਨੂੰ ਸੱਦਾ
ਮੋਰਿੰਡਾ (ਪੱਤਰ ਪ੍ਰੇਰਕ) ਇਥੋਂ ਦੇ ਮਹਾਰਾਣਾ ਪ੍ਰਤਾਪ ਚੌਕ ਵਿੱਚ ਸੀਵਰੇਜ ਵਿਭਾਗ ਵਲੋਂ ਪੁੱਟੇ ਖੱਡੇ ਕਾਰਨ ਕਿਸੇ ਸਮੇਂ ਵੀ ਵੱਡੀ ਦੁਰਘਟਨਾ ਵਾਪਰ ਸਕਦੀ ਹੈ। ਸ਼ਹਿਰ ਵਾਸੀ ਬਲਿਹਾਰ ਸਿੰਘ, ਜੋਗਿੰਦਰ ਸਿੰਘ, ਲੱਖੀ ਸ਼ਾਹ, ਮੋਨੂੰ ਖਾਨ ਆਦਿ ਨੇ ਦੱਸਿਆ ਕਿ ਸੀਵਰੇਜ ਵਿਭਾਗ ਵਲੋਂ ਇੱਕ ਮਹੀਨਾ ਪਹਿਲਾਂ 10 ਫੁੱਟ ਡੂੰਘਾ ਖੱਡਾ ਪੁੱਟਿਆ ਸੀ, ਜਿਸ ਵਿੱਚ ਪਾਣੀ ਦੀ ਲੀਕੇਜ ਹੋਣ ਕਾਰਨ ਹੁਣ ਇਹ ਖੱਡਾ ਪਾਣੀ ਨਾਲ ਭਰ ਗਿਆ। ਇਸ ਕਾਰਨ ਨਾ ਕੇਵਲ ਆਵਾਜਾਈ ਵਿਚ ਵਿਘਨ ਪੈ ਰਿਹਾ ਹੈ ਬਲਕਿ ਕਿਸੇ ਵੀ ਸਮੇਂ ਵੱਡੀ ਦੁਰਘਟਨਾ ਵਾਪਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਖੱਡੇ ਕਾਰਨ ਉਨ੍ਹਾਂ ਦੇ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ। ਉਪਰੋਕਤ ਵਿਅਕਤੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਖੱਡੇ ਨੂੰ ਭਰਨ ਲਈ ਸੀਵਰੇਜ ਵਿਭਾਗ ਨੂੰ ਤੁਰੰਤ ਹਦਾਇਤਾਂ ਜਾਰੀ ਕੀਤੀਆਂ ਜਾਣ। ਇਸ ਸਬੰਧੀ ਜਦੋਂ ਸੀਵਰੇਜ ਬੋਰਡ ਦੇ ਐੱਸ.ਡੀ.ਓ. ਤਰੁਣ ਗੁਪਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੀ.ਐੱਸ.ਐੱਨ.ਐੱਲ. ਵਾਲਿਆਂ ਨੇ ਤਾਰ ਪਾਉਣੀ ਸੀ। ਉਹ ਟੈਲੀਫੋਨ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਇਹ ਸਮੱਸਿਆ ਹੱਲ ਕਰਵਾ ਦੇਣਗੇ।