ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 19 ਜੂਨ
ਹਥਿਆਰਬੰਦ ਬਲਾਂ ਵਿੱਚ ਭਰਤੀ ਸਬੰਧੀ ਸਕੀਮ ‘ਅਗਨੀਪਥ’ ਖ਼ਿਲਾਫ਼ ਪੰਜਾਬ ਵਿੱਚ ਪ੍ਰਦਰਸ਼ਨ ਤੇਜ਼ ਹੁੰਦਾ ਜਾ ਰਿਹਾ ਹੈ। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਰੰਧਾਵਾ ਤੇ ਕਿਰਤੀ ਕਿਸਾਨ ਮੋਰਚਾ ਰੋਪੜ ਦੇ ਪ੍ਰਧਾਨ ਵੀਰ ਸਿੰਘ ਬੜਵਾ ਦੀ ਅਗਵਾਈ ਹੇਠ ਅੱਜ ਸੈਂਕੜੇ ਨੌਜਵਾਨਾਂ ਨੇ ਆਨੰਦਪੁਰ ਸਾਹਿਬ ਦੇ ਪੰਜ ਪਿਆਰਾ ਪਾਰਕ ਵਿੱਚ ਇਕੱਠੇ ਹੋ ਕੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਅਤੇ ਬਾਅਦ ਵਿੱਚ ਰੋਪੜ-ਊਨਾ ਮੁੱਖ ਮਾਰਗ ’ਤੇ ਜਾਮ ਲਾ ਦਿੱਤਾ। ਲਗਪਗ ਦੋ ਘੰਟੇ ਹਾਈਵੇਅ ਜਾਮ ਰੱਖਣ ਤੋਂ ਬਾਅਦ ਉਨ੍ਹਾਂ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਪੀਐੱਸਯੂ ਦੇ ਜ਼ਿਲ੍ਹਾ ਪ੍ਰਧਾਨ ਰੋਹਿਤ ਕੁਮਾਰ, ਸੁਰਜੀਤ ਸਿੰਘ ਢੇਰ, ਸੇਠੀ ਸ਼ਰਮਾ, ਕਰਨੈਲ ਸਿੰਘ ਬੜਵਾ, ਜਸਪਾਲ ਸਿੰਘ ਜੱਸਾ, ਵਿਸ਼ਾਲ ਸੈਣੀ, ਅਮਿਤ ਕੁਮਾਰ, ਜਗਮਨਦੀਪ ਸਿੰਘ ਆਦਿ ਹਾਜ਼ਰ ਸਨ।