ਪੱਤਰ ਪ੍ਰੇਰਕ
ਨੂਰਪੁਰਬੇਦੀ, 18 ਜੂਨ
ਨੂਰਪੁਰਬੇਦੀ-ਬੁੰਗਾ ਸਾਹਿਬ ਮੁੱਖ ਮਾਰਗ ’ਤੇ ਪੈਂਦੇ ਪਿੰਡ ਬੜਵਾ ਵਿੱਚ ਸੀਮੈਂਟ ਨਾਲ ਲੱਦੇ ਟਰੱਕ ਦੀ ਫੇਟ ਲੱਗਣ ਨਾਲ ਨਵ-ਵਿਆਹੁਤਾ ਔਰਤ ਜੋ 7 ਮਹੀਨੇ ਦੀ ਗਰਭਵਤੀ ਸੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਐਕਟਿਵਾ ਸਵਾਰ 19 ਸਾਲਾ ਲੜਕੀ ਗੰਭੀਰ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਅਨੂੰ(24) ਪੁੱਤਰੀ ਜਸਪਾਲ ਸਿੰਘ ਜਿਸਦਾ ਕਰੀਬ ਇਕ ਸਾਲ ਪਹਿਲਾਂ ਪਿੰਡ ਛੱਜਾ ਦੇ ਸੁਖਜਿੰਦਰ ਸਿੰਘ ਨਾਲ ਵਿਆਹ ਹੋਇਆ ਸੀ ਆਪਣੇ ਪੇਕੇ ਪਿੰਡ ਬੜਵਾ ਆਈ ਹੋਈ ਸੀ। ਸ਼ਾਮੀਂ ਕਰੀਬ 5 ਕੁ ਵਜੇ ਉਹ ਆਪਣੀ ਸਹੇਲੀ ਹਰਪ੍ਰੀਤ ਕੌਰ ਨਾਲ ਐਕਟਿਵਾ ’ਤੇ ਨੂਰਪੁਰਬੇਦੀ ਵਲ ਜਾ ਰਹੀ ਸੀ ਕਿ ਨੂਰਪੁਰਬੇਦੀ-ਰੂਪਨਗਰ ਮੁੱਖ ਮਾਰਗ ’ਤੇ ਪਿੰਡ ਬੜਵਾ ਵਿਖੇ ਪਿੱਛੋਂ ਆ ਰਹੇ ਹਿਮਾਚਲ ਨੰਬਰੀ ਟਰੱਕ ਨੇ ਫੇਟ ਮਾਰ ਦਿੱਤੀ। ਇਸ ਹਾਦਸੇ ਵਿੱਚ ਅਨੂੰ ਦੀ ਮੌਤ ਹੋ ਗਈ ਤੇ ਉਸ ਦੀ ਸਹੇਲੀ ਜ਼ਖ਼ਮੀ ਹੋ ਗਈ। ਪਿੰਡ ਵਾਸੀਆਂ ਨੇ ਟਰੱਕ ਚਾਲਕ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ ਹੈ। ਇਸ ਹਾਦਸੇ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਨੇ ਨੂਰਪੁਰਬੇਦੀ-ਬੁੰਗਾ ਸਾਹਿਬ ਮਾਰਗ ’ਤੇ ਆਵਾਜਾਈ ਠੱਪ ਕੀਤੀ। ਕਿਰਤੀ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਬੀਤੇ ਦਿਨੀਂ ਉਨ੍ਹਾਂ ਨੇ ਉਕਤ ਮਾਰਗ ’ਤੇ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਰੋਕ ਲਗਾਏ ਜਾਣ ਦੀ ਮੰਗ ਨੂੰ ਲੈ ਕੇ ਜਾਮ ਲਾਇਆ ਸੀ ਪਰ ਫਿਰ ਵੀ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਉਕਤ ਮਾਰਗ ਤੋਂ ਨਿਰਵਿਘਨ ਭਾਰੀ ਵਾਹਨਾਂ ਦੇ ਗੁਜ਼ਰਨ ਦਾ ਸਿਲਸਿਲਾ ਜਾਰੀ ਹੈ।