ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 19 ਜੂਨ
ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਜ਼ਿਮਨੀ ਚੋਣ ਲਈ ਸੰਗਰੂਰ ਵਿੱਚ ਕੱਢੇ ਜਾ ਰਹੇ ਰੋਡਸ਼ੋਅ ਦੌਰਾਨ ਆਪਣਾ ਕਾਫ਼ਲਾ ਰੋਕ ਕੇ ‘ਅਗਨੀਪਥ’ ਸਕੀਮ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਦੀ ਸ਼ਿਕਾਇਤ ਸੁਣੀ। ਆਮ ਆਦਮੀ ਪਾਰਟੀ ਨੇ ਅੱਜ ਟਵੀਟ ’ਤੇ ਇੱਕ ਵੀਡੀਓ ਜਾਰੀ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਸ ਵੀਡੀਓ ਵਿੱਚ ਭਗਵੰਤ ਮਾਨ ਰੋਡਸ਼ੋਅ ਦੌਰਾਨ ਆਪਣੀ ਐੱਸਯੂਵੀ ਵਿੱਚ ਖੜ੍ਹ ਕੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਕਾਲੀ ਟੀ-ਸ਼ਰਟ ਪਹਿਨੀ ਇੱਕ ਵਿਅਕਤੀ ਸੜਕ ’ਤੇ ਖੜ੍ਹਾ ਹੱਥ ਹਿਲਾਉਂਦਾ ਹੈ ਅਤੇ ‘ਮਾਨ’ ਦਾ ਨਾਮ ਪੁਕਾਰਦਾ ਹੈ। ਵੀਡੀਓ ਕਲਿੱਪ ਮੁਤਾਬਕ, ਇਹ ਵਿਅਕਤੀ ਫ਼ੌਜ ਵਿੱਚ ਨਵੀਂ ਭਰਤੀ ਸਕੀਮ ‘ਅਗਨੀਪਥ’ ਦਾ ਵਿਰੋਧ ਕਰ ਰਿਹਾ ਸੀ ਅਤੇ ਮੁੱਖ ਮੰਤਰੀ ਨਾਲ ਗੱਲ ਕਰਨੀ ਚਾਹੁੰਦਾ ਸੀ। ਜਲਦੀ ਹੀ, ਕਾਫ਼ਲਾ ਰੁਕ ਗਿਆ ਅਤੇ ਇਹ ਵਿਅਕਤੀ ਭੱਜ ਕੇ ਮੁੱਖ ਮੰਤਰੀ ਦੀ ਐੱਸਯੂਵੀ ਨੇੜੇ ਹੋ ਗਿਆ। ਉਨ੍ਹਾਂ ਭਗਵੰਤ ਮਾਨ ਨਾਲ ਹੱਥ ਮਿਲਾਇਆ ਅਤੇ ਕਿਹਾ, ‘‘ਅਗਨੀਪਥ ਨੂੰ ਲਾਗੂ ਕਰਨ ਤੋਂ ਪਹਿਲਾਂ ਸਾਰੇ ਆਗੂਆਂ ਨੂੰ ਮਿਲ ਕੇ ਚਰਚਾ ਕਰਨੀ ਚਾਹੀਦੀ ਹੈ।’’ ਪ੍ਰਦਰਸ਼ਨਕਾਰੀ ਦਾ ਹੱਥ ਫੜਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਜੇਕਰ ਸੰਸਦ ਮੈਂਬਰ ‘ਅਗਨੀਪਥ’ ਬਾਰੇ ਚਰਚਾ ਕਰਨਗੇ ਤਾਂ ਮੈਂ ਵੀ ਉੱਥੇ ਜਾਵਾਂਗੇ।’’